Headlines

ਪਿੰਡ ਹਰਦੋ ਫਰਾਲਾ ਵਿਚ ” ਜ਼ਿੰਦਗੀ ਦੇ ਰੂਬਰੂ ” ਨੇ ਦਿੱਤਾ ਨਰੋਏ ਸਮਾਜ ਦੀ ਸਿਰਜਣਾ ਦਾ ਸੁਨੇਹਾ

ਬਸੰਤ ਮੋਟਰਜ ਦੇ ਬਲਦੇਵ ਸਿੰਘ ਬਾਠ ਵਲੋਂ ਮਹਾਨ ਸ਼ਾਇਰ ਡਾ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕਰਵਾਇਆ ਸ਼ਾਨਦਾਰ ਸਮਾਗਮ-

ਡਾ ਪਾਤਰ ਦੀ ਪਤਨੀ ਤੇ ਬੇਟੇ ਮਨਰਾਜ ਪਾਤਰ ਦਾ ਵਿਸ਼ੇਸ਼ ਸਨਮਾਨ ਕੀਤਾ-

ਜਲੰਧਰ (ਦੇ.ਪ੍ਰ.ਬਿ)-ਬੀਤੀ 5 ਮਾਰਚ ਨੂੰ ਸਰੀ ਕੈਨੇਡਾ ਦੇ ਉਘੇ ਬਿਜਨੈਸਮੈਨ ਤੇ ਬਸੰਤ ਮੋਟਰਜ ਸਰੀ ਦੇ ਸੀਈਓ ਸ ਬਲਦੇਵ ਸਿੰਘ ਬਾਠ ਵਲੋਂ ਆਪਣੇ ਜੱਦੀ ਪਿੰਡ ਹਰਦੋ ਫਰਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਥਿਤ ਸ ਬਸੰਤ ਸਿੰਘ ਬਾਠ ਖੇਡ ਸਟੇਡੀਅਮ ਵਿਖੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਸਵ ਡਾ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਜਿੰਦਗੀ ਦੇ ਰੂਬਰੂ ਪ੍ਰੋਗਰਾਮ ਬਹੁਤ ਹੀ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ।
ਇਸ ਮੌਕੇ ਜਿਥੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਉਘੇ ਕਵੀ ਜਸਵੰਤ ਸਿੰਘ ਜ਼ਫਰ, ਸਾਬਕਾ ਵੀਸੀ ਡਾ ਬੀ ਐਸ ਘੁੰਮਣ, ਵਿਧਾਇਕ ਤੇ ਸਾਬਕਾ ਮੰਤਰੀ ਸ ਪਰਗਟ ਸਿੰਘ, ਜਲੰਧਰ ਨਗਰ ਸੁਧਾਰ ਟਰੱਸਟ ਦੀ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਥਿਆੜਾ ਵਿਸ਼ੇਸ਼ ਤੌਰ ਤੇ ਪੁੱਜੇ ਉਥੇ ਪੰਜਾਬੀ ਦੇ ਉਘੇ ਫਿਲਮੀ ਕਲਾਕਾਰ ਰਣਬੀਰ ਰਾਣਾ, ਗੁਰਪ੍ਰੀਤ ਕੌਰ ਭੰਗੁ, ਸਵਰਨ ਸਿੰਘ ਭੰਗੂ, ਦੇਬੀ ਮਖਸੂਸਪੁਰੀ,ਗਾਇਕ ਬਿੱਟੂ ਖੰਨੇਵਾਲਾ, ਗੀਤਕਾਰ ਜਸਵੀਰ ਗੁਣਚੌਰੀਆ, ਕਵੀ ਮੋਹਣ ਗਿੱਲ, ਸੁਰਜੀਤ ਸਿੰਘ ਮਾਧੋਪੁਰੀ ਤੇ ਹੋਰ ਕਈ ਉਘੀਆਂ ਹਸਤੀਆਂ ਨੇ ਹਾਜ਼ਰੀ ਭਰੀ ਤੇ ਇਕੱਠ ਨੂੰ ਸੰਬੋਧਨ ਹੁੰਦਿਆਂ ਬੱਚਿਆਂ ‘ਚ ਸਮਾਜਿਕ ਜਾਗਰੂਕਤਾ ਪੈਦਾ ਕਰਨ ਤੇ ਇਕ ਚੰਗੇ ਤੇ ਨਰੋਏ ਸਮਾਜ ਦੇ ਸਿਰਜਣਾ ‘ਤੇ ਜੋਰ ਦਿੱਤਾ। ਫਿਲਮੀ ਕਲਾਕਾਰ ਰਣਬੀਰ ਰਾਣਾ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਬੱਚਿਆਂ ਨੂੰ ਲਾਈਫ ਭਾਵ ਜਿੰਦਗੀ ਦਾ ਸਬਕ ਪੜਾਇਆ ਤੇ ਇਕ ਚੰਗੇ ਤੇ ਉਚੇ ਸੁੱਚੇ ਕਿਰਦਾਰ ਵਾਲੇ ਸ਼ਹਿਰੀ ਬਣਨ ਲਈ ਪ੍ਰੇਰਿਆ। ਸਕੂਲੀ ਬੱਚਿਆਂ ਵਲੋਂ ਵੀ ਵੱਖ-ਵੱਖ ਸਭਿਆਚਾਰਕ ਵੰਨਗੀਆਂ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਸਿੱਖਿਆ ਮਾਹਿਰ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਨਵੀਂ ਟੈਕਨਾਲੋਜ਼ੀ ਦੀ ਵਰਤੋਂ ਦਾ ਲਾਭ ਲੈਣਾ ਚਾਹੀਦਾ ਹੈ। ਜੇਕਰ ਉਸ ਦੀ ਗਲਤ ਵਰਤੋ ਕਰਨਗੇ ਤਾਂ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇੰਪਰੂਵਮੈਂਟ ਟਰੱਸਟ ਦੇ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਸਰਕਾਰ ਤਾਂ ਆਪਣੇ ਵੱਲੋਂ ਚੰਗਾ ਕੰਮ ਕਰ ਹੀ ਰਹੀ ਹੈ, ਐਨ.ਆਰ.ਆਈ ਵੀਰ ਵੀ ਸੂਬੇ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਪੰਜਾਬ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾ ਨਹੀਂ ਸਕਦਾ। ਜਲੰਧਰ ਛਾਉਣੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਸ ਪ੍ਰਗਟ ਸਿੰਘ ਨੇ ਸ ਬਲਦੇਵ ਸਿੰਘ ਬਾਠ ਵਲੋਂ ਆਪਣੇ ਜੱਦੀ ਪਿੰਡ ਵਿਚ ਆਯੋਜਿਤ ਪ੍ਰੋਗਰਾਮ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਕਲਾਕਾਰ ਬੱਚਿਆਂ ਦੇ ਰੋਲ ਮਾਡਲ ਹੁੰਦੇ ਹਨ ਤੇ ਕਲਾਕਾਰਾਂ ਨੂੰ ਆਪਣੀ ਕਲਾ ਤੇ ਚਰਿੱਤਰ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਬੱਚੇ ਵੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਸਮਾਜ ਵਿਚ ਚੰਗੇ ਕਿਰਦਾਰ ਦੇ ਮਾਲਕ ਬਣ ਸਕਣ।

ਇਸ ਦੌਰਾਨ ਜਦੋਂ ਇਸ ਪ੍ਰੋਗਰਾਮ ਦੇ ਰੂਹੇ ਰਵਾਂ  ਸ ਬਲਦੇਵ ਸਿੰਘ ਬਾਠ ਅਤੇ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਰੇਸ਼ਮ ਕੌਰ ਮੰਚ ਉਪਰ ਆਏ, ਤਾਂ ਸੰਗੀਤਕ ਧੁਨਾਂ ਨਾਲ ਇਕ ਵੱਖਰਾ ਹੀ ਮਾਹੌਲ ਸਿਰਜਿਆ ਗਿਆ । ਇੱਕ ਬੋਰਡ ਤੋਂ ਪਰਦਾ ਉਠਾਇਆ ਗਿਆ, ਹੇਠੋਂ ਸੁਨਿਹਰੀ ਅੱਖਰ ਬੋਲ ਪਏ:

‘‘ਚਲੋ, ਅੱਜ ਇਤਿਹਾਸ ਰਚੀਏ , ਸਿਆਹੀ ਮੈਂ ਲੈ ਕੇ ਆਇਆ, ਤੂੰ ਕਾਗਜ਼ ਲੈ ਕੇ ਆ, ਜਿਸ ’ਤੇ ‘ਹਰਦੋ ਫਰਾਲਾ’ ਲਿਖੀਏ ।’’

ਸ ਬਲਦੇਵ ਸਿੰਘ ਬਾਠ ਨੇ ਇਸ ਮੌਕੇ ਆਪਣੇ ਪਿੰਡ ਤੇ ਭਾਈਚਾਰੇ ਨਾਲ ਭਾਵੁਕ ਸਾਂਝਾਂ ਤੇ ਯਾਦਾਂ ਤਾਜ਼ਾ ਕਰਦਿਆਂ  ਮਿੱਟੀ ਦੇ ਮੋਹ ਨੂੰ ਸਦੀਵੀ ਸੱਚ ਦੱਸਿਆ। ਉਹਨਾਂ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਿੰਡ ਦੀ ਤਰੱਕੀ ਤੇ ਵਿਕਾਸ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ ਤੇ ਜਿੱਥੇ ਵੀ ਲੋੜ ਹੋਵੇਗੀ, ਉੱਥੇ ਹੀ ਸਹਿਯੋਗ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ  ਦਾਦਾ ਤੇ ਪਿਤਾ ਦੇ ਦਰਸਾਏ ਰਸਤੇ ‘ਤੇ ਚੱਲ ਕੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ।

ਕਲਾਕਾਰ ਰਾਣਾ ਰਣਬੀਰ ਤੇ ਦੇਬੀ ਮਖਸੂਸਪੁਰੀ ਨੇ ਵੀ ਆਪਣੇ ਵਿਚਾਰਾਂ ਤੇ ਪੇਸ਼ਕਾਰੀਆਂ ਦੁਆਰਾ ਬੱਚਿਆਂ ਨੂੰ ਵਿਸ਼ੇਸ਼ ਨਸੀਹਤ ਦਿੱਤੀ।  ਇਸ ਮੌਕੇ ਤੇ ਸਵ. ਸੁਰਜੀਤ ਪਾਤਰ ਦੇ ਧਰਮ ਪਤਨੀ ਸ੍ਰੀਮਤੀ ਭੁਪਿੰਦਰ ਕੌਰ ਤੇ ਬੇਟੇ ਮਨਰਾਜ ਨੂੰ ਖਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮਨਰਾਜ ਪਾਤਰ ਨੇ ਆਪਣੀ ਰਚਨਾ ਨਾਲ ਰਾਹੀਂ ਵੀ ਸਰੋਤਿਆਂ ਨਾਲ ਸਾਂਝ ਪਾਈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੇ ਸਾਹਿਤਕਾਰਾਂ ਤੇ ਉਘੀਆਂ ਹਸਤੀਆਂ ਵਿਚ ਸ ਸੁਰਜੀਤ ਮਾਧੋਪੁਰੀ, ਮੋਹਨ ਗਿੱਲ, ਦੇਸ ਪ੍ਰਦੇਸ ਟਾਈਮਜ਼ ਕੈਨੇਡਾ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਪੰਜਾਬੀ ਜਾਗਰਣ ਦੇ ਨਿਊਜ ਐਡੀਟਰ ਸ਼ੁਸੀਲ ਖੰਨਾ, ਐਫ ਵਾਈ ਆਈ ਮੀਡੀਆ ਗਰੁੱਪ ਦੇ ਸੀਈਓ ਤੀਰਥ ਸਿੰਘ, ਉਘੀ ਰੇਡੀਓ ਟੀਵੀ ਹੋਸਟ ਨਵਜੋਤ ਢਿੱਲੋਂ, ਉਘੇ ਗਜ਼ਲਗੋ ਰਾਜਵੰਤ ਰਾਜ, ਸਮਾਜ ਸੇਵੀ ਭੁਪਿੰਦਰ ਸਿੰਘ ਮੱਲੀ, ਪਰਮਜੀਤ ਸਿੰਘ ਰਾਏਪੁਰ ਤੇ ਕੈਲਗਰੀ ਤੋਂ ਅਮਰਪ੍ਰੀਤ ਸਿੰਘ ਬੈਂਸ ਵੀ ਇਸ ਮੌਕੇ ‘ਤੇ ਹਾਜ਼ਰ ਸਨ।

ਇਸ ਮੌਕੇ ਬਸੰਤ ਮੋਟਰਜ਼ ਸਰੀ ਅਤੇ ਪਿੰਡ ਦੀ ਪੰਚਾਇਤ ਵਲੋਂ ਸਮਾਜ ਸੇਵਾ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੇ ਪੁੱਜੇ ਵਿਸ਼ੇਸ਼ ਮਹਿਮਾਨਾਂ ਤੇ ਬੁਲਾਰਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸ ਬਸੰਤ ਸਿੰਘ ਬਾਠ ਯਾਦਗਾਰੀ ਖੇਡ ਸਟੇਡੀਅਮ ਵਿਚ ਜਿੰਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਉਘੀ ਟੀਵੀ ਹੋਸਟ ਜੋੜੀ ਸਵਰਨ ਟਹਿਣਾ ਤੇ ਹਰਮਨ ਥਿੰਦ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਬੱਚਿਆਂ ਤੇ ਲੋਕਾਂ ਨੂੰ ਸਾਹਿਤ ਪ੍ਰਤੀ ਰੁਚਿਤ ਕਰਨ ਲਈ ਸਾਹਿਤਕ ਪੁਸਤਕਾਂ ਦਾ ਮੁਫਤ ਲੰਗਰ ਲਗਾਇਆ ਗਿਆ ਜਿਹਨਾਂ ਨੂੰ ਲੋਕਾਂ ਵਲੋਂ ਭਾਰੀ ਹੁੰਗਾਰਾ ਦਿੱਤਾ ਗਿਆ। ਸ ਬਲਦੇਵ ਸਿੰਘ ਬਾਠ ਵਲੋਂ ਆਪਣੇ ਪਿੰਡ ਹਰਦੋ ਫਰਾਲਾ ਵਿਚ ਜਿੰਦਗੀ ਦੇ ਰੂਬਰੂ ਦੇ ਉਨਵਾਨ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਪਰਵਾਸੀਪੰਜਾਬੀਆ ਵਲੋਂ ਆਪਣੇ ਜੱਦੀ ਪਿੰਡਾਂ ਅਤੇ ਆਪਣੇ ਲੋਕਾਂ ਤੇ ਸਭਿਆਚਾਰ ਦੀ ਸਾਂਭ ਸੰਭਾਲ ਦੇ ਨਾਲ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਬਣਦਾ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੰਦਾ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published. Required fields are marked *