Headlines

ਸੰਪਾਦਕੀ-ਅਜੋਕੀ ਸਿੱਖ ਸਿਆਸਤ, ਜਥੇਦਾਰਾਂ ਦੀ ਭੂਮਿਕਾ ਤੇ ਆਮ ਸਿੱਖ….

ਸੁਖਵਿੰਦਰ ਸਿੰਘ ਚੋਹਲਾ-

ਬੀਤੀ 7 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਅਚਨਚੇਤੀ ਖਤਮ ਕੀਤੇ ਜਾਣ ਦੇ ਫੈਸਲੇ ਨੇ ਸਿੱਖ ਜਗਤ ਤੇ ਸਿਆਸੀ ਹਲਕਿਆਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ। ਅਹੁਦਿਆਂ ਤੋਂ ਹਟਾਏ ਗਏ ਜਥੇਦਾਰਾਂ ਦੀ ਥਾਂ ਸ਼੍ਰੋਮਣੀ ਕਮੇਟੀ ਨੇ ਸਿੱਖ ਪ੍ਰਚਾਰਕ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਹੈ ਜਦੋਂਕਿ ਸੰਤ ਟੇਕ ਸਿੰਘ ਧਨੌਲਾ ਨੂੰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਨਾਮਜ਼ਦ ਕੀਤਾ ਗਿਆ ਹੈ। ਕਮੇਟੀ ਦੀ ਮੀਟਿੰਗ ਦੌਰਾਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਵੀ ਫੈਸਲਾ ਲਿਆ ਜਾਣਾ ਸੀ ਪਰ ਸ. ਧਾਮੀ ਵਲੋਂ ਦਬਾਅ ਦੇ ਬਾਵਜੂਦ ਅਸਤੀਫਾ ਵਾਪਿਸ ਨਾ ਲਏ ਦੇ ਫੈਸਲੇ ਕਾਰਣ ਕਮੇਟੀ ਨੇ ਇਹ ਮਾਮਲਾ ਲੰਬਿਤ ਰੱਖ ਲਿਆ ਹੈ।

ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਰੱਦ ਕਰਦਿਆਂ ਉਹਨਾਂ ਨੂੰ ਹਟਾਉਣ ਦਾ ਕਾਰਣ ਇਹ ਦੱਸਿਆ ਕਿ ਉਹ ਇਸ ਨਾਜੁਕ ਸਮੇਂ ਵਿਚ ਪੰਥ ਨੂੰ ਸਹੀ ਅਗਵਾਈ ਦੇਣ ਵਿਚ ਅਸਮਰਥ  ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਨਾਜੁਕ ਸਮਾਂ ਸਿੱਖ ਪੰਥ ਲਈ ਹੈ ਜਾਂ ਅਕਾਲੀ ਲੀਡਰਸ਼ਿਪ ਲਈ। ਬੀਤੀ 2 ਦਸੰਬਰ ਨੂੰ ਜਦੋਂ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਅਕਾਲੀ ਸਰਕਾਰ ਹੁੰਦਿਆਂ, ਉਹਨਾਂ ਵਲੋਂ ਕੀਤੀਆਂ ਗਲਤੀਆਂ ਤੇ ਗੁਨਾਹਾਂ ਲਈ ਧਾਰਮਿਕ ਸਜਾ ਲਗਾਈ ਗਈ ਸੀ ਤਾਂ ਸਮੇਤ ਅਕਾਲੀ ਦਲ ਦੇ ਪ੍ਰਧਾਨ, ਪੂਰੀ ਲੀਡਰਸ਼ਿਪ ਨੇ ਸਾਰੇ ਗੁਨਾਹ ਆਪਣੀ ਝੋਲੀ ਪੁਆਉਣ ਦੀ ਗੱਲ ਕਰਦਿਆਂ ਧਾਰਮਿਕ ਸਜਾ ਲਗਵਾਈ ਤੇ ਪੂਰੀ ਕੀਤੀ। ਭਾਵੇਂਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਕਾਲੀ ਲੀਡਰਸ਼ਿਪ ਨੂੰ ਲਗਾਈ ਗਈ ਧਾਰਮਿਕ ਸਜਾ ਉਪਰ ਕਿਸੇ ਨੂੰ ਕੋਈ ਉਜ਼ਰ ਨਹੀ ਸੀ ਤੇ ਸਭ ਨੇ ਇਹ ਸਜਾ ਪੂਰੀ ਕਰਨ ਵਿਚ ਪੂਰੀ ਨਿਰਮਾਣਤਾ ਤੇ ਗੁਰੂ ਘਰ ਪ੍ਰਤੀ ਆਸਥਾ ਪ੍ਰਗਟਾਈ ਪਰ ਇਸ ਦੌਰਾਨ ਕੁਝ ਘਟਨਾ ਕ੍ਰਮ ਅਜਿਹੇ ਵਾਪਰੇ ਕਿ ਅਕਾਲੀ ਲੀਡਰਸ਼ਿਪ ਜਥੇਦਾਰਾਂ ਦਾ ਸਨਮਾਨ ਕਰਨ ਦੇ ਦਾਅਵਿਆਂ ਦੇ ਨਾਲ ਜਥੇਦਾਰਾਂ ਖਿਲਾਫ ਦੂਸ਼ਣਬਾਜੀ ਵਿਚ ਉਲਝ ਗਈ। ਅਕਾਲ ਤਖਤ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਰਾਬਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਨਾਹਾਂ ਦੀ ਤਫਸੀਲ ਤੇ ਸਖਤ ਸਜਾਵਾਂ ਸੁਣਾਉਣ ਦੀ ਕਮਾਨ ਆਪਣੇ ਹੱਥ ਵਿਚ ਲੈਣ ਦੀ ਕਾਰਵਾਈ ਸ਼ਾਇਦ ਕੁਝ ਆਗੂਆਂ ਨੂੰ ਚੁਭ ਗਈ। ਇਸਤੋਂ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਗਰਮਾ ਗਰਮੀ ਤੇ ਦੂਸ਼ਣਬਾਜੀ ਦੀਆਂ ਵੀਡੀਓਜ ਨੇ ਅਕਾਲੀ ਲੀਡਰਸ਼ਿਪ ਤੇ ਜਥੇਦਾਰਾਂ ਵਿਚਾਲੇ ਸਬੰਧ ਪਹਿਲਾਂ ਹੀ ਅਣਸੁਖਾਵੇਂ ਬਣਾ ਰੱਖੇ ਸਨ। ਜਥੇਦਾਰਾਂ ਵਲੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਦੀ ਲਗਾਈ ਗਈ ਸਜਾ ਉਪਰ ਕਈ ਕਿੰਤੂ ਪ੍ਰਤੂੰ ਹੋ ਸਕਦੇ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਤਹਿਤ ਇਸ ਗੱਲ ਨੂੰ ਮੁੱਦਾ ਨਹੀਂ ਬਣਨ ਦਿੱਤਾ ਗਿਆ। ਪਰ ਇਹ ਮੁੱਦਾ ਅਜਿਹਾ ਸੀ ਕਿ ਇਸਨੇ ਅਕਾਲੀ ਸਫਾਂ ਵਿਚ ਪਾਰਟੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਵੀ ਸਰਗਰਮ ਸਿਆਸਤ ਤੋਂ ਲਾਂਭੇ ਕੀਤੇ ਜਾਣ ਦੇ ਡਰ ਨੂੰ ਇਕ ਅਫਵਾਹ ਵਾਂਗ ਫੈਲਾਅ ਦਿੱਤਾ। ਸਿਆਸੀ ਮਾਹਿਰਾਂ ਮੁਤਾਬਿਕ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ  ਸਿਆਸੀ ਆਗੂਆਂ ਤੇ ਧੜਿਆਂ ਵਲੋਂ ਆਪੋ ਆਪਣੇ ਪੱਖ ਤੇ ਹਿੱਤ ਵਿਚ ਵਰਤਣ ਦੀਆਂ ਕੋਸ਼ਿਸ਼ਾਂ ਨੇ ਕਈ ਉਲਝਣਾ ਪੈਦਾ ਕਰ ਰੱਖੀਆਂ ਹਨ। ਅਕਾਲੀ ਧੜੇ ਇਕ ਦੂਸਰੇ ਉਪਰ ਦੂਸ਼ਣਬਾਜੀ ਦੇ ਨਾਲ ਕਿਸੇ ਨੂੰ ਆਰ ਐਸ ਐਸ, ਕਿਸੇ ਨੂੰ ਭਾਜਪਾ ਤੇ ਕਿਸੇ ਨੂੰ ਨਾਗਪੁਰੀ ਏਜੰਡੇ ਤਹਿਤ ਕੰਮ ਕਰਨ ਅਤੇ ਮਿਲੇ ਹੋਣ ਦੇ ਦੋਸ਼ ਲਗਾਉਂਦੇ ਭੰਡਦੇ ਆ ਰਹੇ ਹਨ। ਹਰ ਇਕ ਧਿਰ ਵਲੋਂ ਕਿਸੇ ਹੋਰ ਜਾਂ ਬਾਹਰੀ ਧਿਰ ਦੇ ਇਸ਼ਾਰੇ ਤੇ ਕੰਮ ਕਰਨ ਦੇ ਦੋਸ਼ਾਂ ਕਾਰਣ ਇਕ ਬੇਵਿਸਾਹੀ ਦਾ ਆਲਮ ਤਾਰੀ ਹੈ। ਅਜਿਹੀ ਸਥਿਤੀ ਵਿਚ ਜਥੇਦਾਰ ਕੌਮ ਨੂੰ ਕੀ ਰਸਤਾ ਵਿਖਾਉਣ। ਉਹ ਸਥਿਤੀ ਜਿਥੇ ਜਥੇਦਾਰਾਂ ਉਪਰ ਵੀ ਸਿਆਸੀ ਪਾਰਟੀਆਂ ਤੇ ਬਾਹਰੀ ਧਿਰਾਂ ਦੇ ਦਬਾਅ ਹੇਠ ਕੰਮ ਕਰਨ ਦੇ  ਇਲਜਾਮ ਲੱਗ ਰਹੇ ਹੋਣ।

ਤਾਜਾ ਘਟਨਾਕ੍ਰਮ ਵਿਚ ਸ੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਜਥੇਦਾਰ ਰਘਬੀਰ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਕਰਨ ਦੇ ਫੈਸਲੇ ਪਿਛੇ ਇਹ ਕਾਰਣ ਦੱਸਿਆ ਹੈ ਕਿ  ਉਹ ਇਸ ਨਾਜੁਕ ਸਮੇਂ ਵਿਚ ਕੌਮ ਨੂੰ ਸਹੀ ਅਗਵਾਈ ਦੇਣ ਤੋਂ ਅਸਮਰਥ ਰਹੇ ਹਨ। ਇਸਦੇ ਜਵਾਬ ਵਿਚ ਗਿਆਨੀ ਰਘਬੀਰ ਸਿੰਘ ਵਲੋਂ ਕੋਈ ਵੀ ਸਖਤ ਭਾਸ਼ਾ ਵਰਤਣ ਦੀ ਥਾਂ ਇਹ ਕਹਿਣਾ  ਕਿ ਜਿੰਨੀ ਦੇਰ ਗੁਰੂ ਨੇ ਸੇਵਾ ਬਖਸ਼ੀ , ਉਨ੍ਹਾਂ ਨੇ ਉਹ ਸੇਵਾ ਨਿਭਾਈ ਹੈ ਤੇ ਉਹ ਗੁਰੂ ਦੇ ਭਾਣੇ ਵਿਚ ਖੁਸ਼ ਹਨ, ਉਹਨਾਂ ਦੀ ਸ਼ਖਸੀਅਤ ਨਾਲ ਮੇਲ ਖਾਂਦਾ ਹੈ। ਦੂਸਰੇ ਪਾਸੇ ਉਹਨਾਂ ਤੋਂ ਪਹਿਲਾਂ ਸੇਵਾ ਮੁਕਤ ਕੀਤੇ ਗਏ ਜਥੇਦਾਰ ਦੇ ਸ਼ਬਦ ਬਹੁਤ ਕੜਵੇ ਸਨ। ਉਹ ਤਾਂ ਸਿਆਸੀ ਤੇ ਧਾਰਮਿਕ ਸਟੇਜਾਂ ਉਪਰ ਆਪਣੀ ਸੇਵਾਮੁਕਤੀ ਲਈ ਜਿੰਮੇਵਾਰ ਸਮਝੇ ਜਾਂਦੇ ਸਿਆਸੀ ਵਿਰੋਧੀ ਦਾ ਨਾਮ ਲੈਂਦਿਆਂ ਉਸਦੀ ਧੌਣ ਚੋਂ ਨਾਗਣੀ ਕੱਢਣ ਦਾ ਸਰਾਪ ਦੇਣੋਂ ਵੀ ਨਹੀ ਝਿਜਕੇ। ਧਾਰਮਿਕ ਸੰਸਥਾਵਾਂ ਦੇ ਉਚ ਅਹਦਿਆਂ ਤੇ ਬੈਠਣ ਵਾਲੇ ਮਨੁੱਖ ਬਹੁਤ ਹੀ ਸਤਿਕਾਰਯੋਗ ਤੇ ਲੋਕਾਂ ਲਈ ਪ੍ਰੇਰਕ ਹੁੰਦੇ ਹਨ। ਉਹਨਾਂ ਦੀ ਗੱਲਬਾਤ ਅਤੇ ਕਾਰ ਵਿਹਾਰ ਵਿਚ ਇਕ ਸੰਜਮ ਤੇ ਸਤਿਕਾਰ ਹਮੇਸ਼ਾ ਵਿਦਮਾਨ ਰਹਿਣਾ ਲੋੜੀਂਦਾ ਹੈ। ਅਗਰ ਧਾਰਮਿਕ ਸੰਸਥਾਵਾਂ ਦੇ ਮੁਖੀ ਆਮ ਸਿਆਸੀ ਆਗੂਆਂ ਜਾਂ ਦੁਨਿਆਵੀ ਲੋਭ ਲਾਲਚ ਵਿਚ ਫਸੇ ਲੋਕਾਂ ਵਾਲਾ ਵਿਵਹਾਰ ਕਰਨ ਲੱਗ ਜਾਣ ਤਾਂ ਉਹਨਾਂ ਤੋਂ ਲੋਕਾਈ ਨੂੰ ਸੇਧ ਦੀ ਕੀ ਆਸ ਰੱਖੀ ਜਾ ਸਕਦੀ ਹੈ। ਕੋਈ ਦੋ ਰਾਵਾਂ ਨਹੀ ਕਿ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਦੀ ਤਾਕਤ ਕਿਹੜੇ ਲੋਕਾਂ ਦੇ ਹੱਥਾਂ ਵਿਚ ਹੈ। ਭਾਵੇਂਕਿ ਅੰਤਰਿੰਗ ਕਮੇਟੀ ਦੇ ਮੈਂਬਰ ਲੋਕਾਂ ਦੀ ਚੁਣੇ ਹੋਈ ਨੁਮਾਇੰਦਾ ਸੰਸਥਾ ਦੇ ਅਹੁਦੇਦਾਰਾਂ ਨੁਮਾਇੰਦੇ ਹਨ ਪਰ ਉਹਨਾਂ ਪਿਛੇ ਵੀ ਕਿਹੜੀ ਸਿਆਸੀ ਤਾਕਤ , ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਹੈ, ਇਹ ਵੀ ਕਿਸੇ ਤੋਂ ਛੁਪਿਆ ਹੋਇਆ ਨਹੀਂ।

ਇਹ ਜਾਣ ਲੈਣਾ ਚਾਹੀਦਾ ਹੈ ਕਿ ਸਿਆਸੀ ਪ੍ਰਭੂਆਂ ਦਾ ਕੋਈ ਧਰਮ ਨਹੀਂ ਹੁੰਦਾ। ਸਿਆਸੀ  ਸੱਤਾ ਤੇ ਬਿਰਾਜਮਾਨ ਹੋਣ ਵਾਲੇ ਲੋਕ ਹਮੇਸ਼ਾਂ ਧਰਮ ਨੂੰ ਆਪਣੇ ਹਿੱਤਾਂ ਜਾਂ ਆਪਣੀ ਸੱਤਾ ਦੀ ਮਜ਼ਬੂਤੀ ਲਈ ਵਰਤਦੇ ਆਏ ਤੇ ਵਰਤਦੇ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ, ਧਾਰਮਿਕ ਸਜਾਵਾਂ, ਗੁਨਾਹਾਂ ਤੋਂ ਮੁਕਤੀ ਤੇ ਪੰਥ ਵਿਚ ਸ਼ਾਮਿਲ ਕੀਤੇ ਜਾਣ ਦੀ ਸਾਰੀ ਕਵਾਇਦ ਦਾ ਸਬੰਧ ਕਿਸੇ ਆਮ ਸਿੱਖ ਜਾਂ ਕਿਸੇ ਆਮ ਸਿੱਖ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਨਾਲ ਸਬੰਧਿਤ ਨਹੀ ਹੈ। ਸਿਆਸੀ ਪਾਰਟੀਆਂ ਤੇ ਆਗੂਆਂ ਦਾ ਧਰਮ ਨੂੰ ਆਪਣੀ ਸਿਆਸਤ ਨਾਲ ਜੋੜਨਾ ਜਾਂ ਆਸਥਾ ਦਾ ਪਾਖੰਡ ਕੇਵਲ ਸਧਾਰਣ ਸਿੱਖਾਂ ਦੀਆਂ ਵੋਟਾਂ ਹਥਿਆਉਣ ਤੱਕ ਸੀਮਿਤ ਹੈ।  ਪਰ ਇਸ ਦੌਰਾਨ ਇਹਨਾਂ ਸਿਆਸੀ ਲੋਕਾਂ ਜਾਂ ਸੱਤਾ ਦੇ ਲਾਲਚੀਆਂ ਕਾਰਣ ਧਰਮ ਦੀ ਆੜ ਵਿਚ ਧਾਰਮਿਕ ਸੰਸਥਾਵਾਂ, ਉਹਨਾਂ ਤੇ ਬਿਰਾਜਮਾਨ ਸ਼ਖਸੀਅਤਾਂ ਉਹਨਾਂ ਦੇ ਰੁਤਬਿਆਂ ਦੀ ਮਾਣ ਮਰਿਯਾਦਾ ਦਾ ਜੋ ਘਾਣ ਕੀਤਾ ਜਾਂਦਾ ਹੈ, ਉਹ ਕਿਸੇ ਵੀ ਆਮ ਸਧਾਰਣ ਸਿੱਖ ਜਾਂ ਧਾਰਮਿਕ ਆਸਥਾ ਰੱਖਣ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਸਿਆਣੇ ਤੇ ਧਰਮ ਪ੍ਰਤੀ ਸੁਹਿਰਦ ਲੋਕਾਂ ਨੂੰ ਸਿਆਸੀ ਆਗੂਆਂ ਵਲੋਂ ਧਾਰਮਿਕ ਸੰਸਥਾਵਾਂ ਨੂੰ ਆਪਣੇ ਹਿੱਤਾਂ ਲਈ ਵਰਤੇ ਜਾਣ ਤੋਂ ਰੋਕਣ ਲਈ ਕੋਈ ਜਾਗਰਤੀ ਮੁਹਿੰਮ ਚਲਾਉਣ ਦੀ ਲੋੜ ਹੈ। ਸਿੱਖ ਸੰਸਥਾਵਾਂ ਵਿਸ਼ੇਸ਼ ਕਰਕੇ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਪ੍ਰਕਿਰਿਆ ਤੇ ਸੇਵਾ ਅਧਿਕਾਰ ਖੇਤਰ ਲਈ ਅਜਿਹੇ ਨਿਯਮ ਬਣਾਉਣ ਦੀ ਲੋੜ ਹੈ ਕਿ ਉਹ ਸਿਆਸੀ ਪ੍ਰਭੂਆਂ ਤੋ ਨਿਰਲੇਪ ਰਹਿੰਦਿਆਂ ਆਪਣੀਆਂ ਜਿੰਮੇਵਾਰੀਆਂ ਨੂੰ ਨਿਰਪੱਖਤਾ ਨਾਲ ਨਿਭਾਅ ਸਕਣ।

Leave a Reply

Your email address will not be published. Required fields are marked *