Headlines

ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

ਡਾ. ਰਣਜੀਤ ਸਿੰਘ

ਭਾਰਤ ਅਜਿਹਾ ਖੁਸ਼ਕਿਸਮਤ ਦੇਸ਼ ਹੈ, ਜਿਥੇ ਕੁਦਰਤ ਦੇ ਸਾਰੇ ਮੌਸਮ ਆਉਂਦੇ ਹਨ। ਇਨ੍ਹਾਂ ਮੌਸਮਾਂ ਦੇ ਆਗਮਨ ਅਤੇ ਅਲਵਿਦਾ ਆਖਣ ਲਈ ਵਿਸ਼ੇਸ਼ ਤਿਉਹਾਰ ਮਨਾਏ ਜਾਂਦੇ ਹਨ। ਇਸ ਮੌਕੇ ਮਨੁੱਖੀ ਜੀਵਨ ਨੂੰ ਸਹੀ ਜਾਚ ਸਿਖਾਉਣ ਅਤੇ ਸਮਾਜ ’ਚੋਂ ਕੁਰੀਤੀਆਂ ਦੂਰ ਕਰਨ ਲਈ ਵਿਸ਼ੇਸ਼ ਸੁਨੇਹੇ ਵੀ ਦਿੱਤੇ ਜਾਂਦੇ ਹਨ। ਸਮੇਂ ਦੇ ਬੀਤਣ ਨਾਲ ਦਿੱਤੇ ਜਾਣ ਵਾਲੇ ਸੰਦੇਸ਼ ਮਨਫ਼ੀ ਹੋ ਗਏ ਅਤੇ ਇਹ ਤਿਉਹਾਰ ਖਾਣ-ਪੀਣ ਤੇ ਮੌਜ-ਮਸਤੀ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਜੀਵਨ ਜਾਚ ਦੇਣ ਲਈ ਸਾਰੇ ਤਿਉਹਾਰਾਂ, ਜਿਨ੍ਹਾਂ ਵਿਚ ਵਿਸਾਖੀ, ਦਸਹਿਰਾ, ਦੀਵਾਲੀ ਅਤੇ ਹੋਲੀ ਪ੍ਰਮੁੱਖ ਹਨ, ਨੂੰ ਅਜਿਹੀਆਂ ਕਹਾਣੀਆਂ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਰਾਹੀਂ ਬਦੀ ’ਤੇ ਨੇਕੀ ਦੀ ਜਿੱਤ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਸਾਖੀਆਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਇਹ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦੀ ਖੁਸ਼ੀ ਵਿਚ ਮਨਾਏ ਜਾਂਦੇ ਹਨ। ਇਸੇ ਕਰਕੇ ਸਾਨੂੰ ਸਾਰਿਆਂ ਨੂੰ ਬਦੀ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਕ ਕਥਾ ਅਨੁਸਾਰ ਹੋਲੀ ਵੀ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਹੈ। ਹੋਲਿਕਾ ਦੇ ਰੂਪ ਵਿਚ ਬਦੀ ’ਤੇ ਪ੍ਰਹਿਲਾਦ ਰੂਪੀ ਨੇਕੀ ਦੀ ਜਿੱਤ ਹੋਈ ਸੀ। ਸਮੇਂ ਦੇ ਬੀਤਣ ਨਾਲ ਇਹ ਤਿਉਹਾਰ ਆਪਣੇ ਅਸਲੀ ਮੰਤਵ ਨੂੰ ਭੁੱਲ ਕੇ ਕੇਵਲ ਮੌਜ-ਮਸਤੀ ਦਾ ਪ੍ਰਤੀਕ ਬਣ ਗਿਆ। ਅਸਲ ਵਿਚ ਹੋਲੀ ਸਿਆਲ ਨੂੰ ਅਲਵਿਦਾ ਆਖ ਬਸੰਤ ਦੇ ਆਗਮਨ ਦੀ ਖੁਸ਼ੀ ਦਾ ਤਿਉਹਾਰ ਹੈ। ਹੋਲੀ ਵਰ੍ਹੇ ਦੇ ਆਖਰੀ ਮਹੀਨੇ ਫੱਗਣ ਵਿਚ ਆਉਂਦੀ ਹੈ। ਇਹ ਉਹ ਮਹੀਨਾ ਹੈ, ਜਦੋਂ ਮਿਹਨਤ ਨੂੰ ਫ਼ਲ ਪੈਂਦਾ ਹੈ। ਸਾਰੀਆਂ ਫ਼ਸਲਾਂ ਵਿਚ ਦਾਣਾ ਇਸੇ ਮਹੀਨੇ ਹੀ ਪੱਕਦਾ ਹੈ। ਰੁੱਖਾਂ ਨੂੰ ਨਵਾਂ ਪੁੰਗਾਰਾ ਫੁੱਟਦਾ ਹੈ, ਫੁੱਲਾਂ ਦੀ ਸੁਗੰਧੀ ਸਾਰੇ ਵਾਤਾਵਰਨ ਵਿਚ ਘੁਲ ਜਾਂਦੀ ਹੈ ਅਤੇ ਜੀਵਨ ਮੁੜ ਅੰਗੜਾਈ ਲੈਣ ਲੱਗਦਾ ਹੈ। ਅਜਿਹੇ ਸੁੰਦਰ ਮੌਸਮ ਦੇ ਸੁੰਦਰ ਤਿਉਹਾਰ ਵਾਲੇ ਦਿਨ ਆਪਣੇ ਆਪ ਨੂੰ ਕਰੂਪ ਕਰਕੇ ਨਸ਼ੇ ਵਿਚ ਧੁੱਤ ਹੋ ਕੇ ਹੋਸ਼ ਗੁਆਉਣੀ ਸ਼ੋਭਾ ਨਹੀਂ ਦਿੰਦੀ। ਇਹ ਦਿਨ ਤਾਂ ਕੁਝ ਨਵਾਂ ਕਰਨ ਦੇ ਹੁੰਦੇ ਹਨ। ਹਰ ਪਾਸੇ ਮੌਲੀ ਬਨਸਪਤੀ ਤਾਂ ਉਤਸ਼ਾਹ ਦਾ ਪ੍ਰਤੀਕ ਹੈ ਅਤੇ ਕੁਝ ਕਰ ਸਕਣ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਮੌਕਾ ਹੈ। ਇਸ ਸੱਚ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦਾ ਰੂਪ ਬਦਲ ਕੇ ਸਾਕਾਰ ਕੀਤਾ।

ਦਸਮੇਸ਼ ਪਿਤਾ ਇਹ ਜਾਣਦੇ ਸਨ ਕਿ ਨਿਮਾਣੇ, ਨਿਤਾਣੇ ਤੇ ਲਿਤਾੜੇ ਜਾ ਰਹੇ ਲੋਕ ਆਪਣੇ ਹੱਕਾਂ ਦੀ ਲੜਾਈ ਉਦੋਂ ਹੀ ਲੜ ਸਕਣਗੇ ਜਦੋਂ ਉਨ੍ਹਾਂ ਦੇ ਤਨ ਅਤੇ ਮਨ ਨਿਰੋਗ ਹੀ ਨਹੀਂ, ਸਗੋਂ ਮਜ਼ਬੂਤ ਵੀ ਹੋਣਗੇ। ਮਨ ਦੀ ਮਜ਼ਬੂਤੀ ਲਈ ਉਹ ਸਮਝਦੇ ਸਨ ਕਿ ਗਿਆਨ ਰੂਪੀ ਪ੍ਰਕਾਸ਼ ਨਾਲ ਹੀ ਅਗਿਆਨਤਾ, ਜਬਰ, ਜ਼ੁਲਮ, ਵੈਰ, ਵਿਰੋਧ, ਨਫ਼ਰਤ ਅਤੇ ਊਚ-ਨੀਚ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਅੰਧ ਵਿਸ਼ਵਾਸਾਂ ਨੂੰ ਤੋੜ ਲੋਕਾਈ ਨੂੰ ਗੁਰ ਉਪਦੇਸ਼ ਅਨੁਸਾਰ ਸੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਗੁਰੂ ਜੀ ਨੇ ਆਪਣੇ ਮੰਤਵ ਦੀ ਪੂਰਤੀ ਲਈ ਰਵਾਇਤੀ ਤਿਉਹਾਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਇਨ੍ਹਾਂ ਨੂੰ ਨਵਾਂ ਰੂਪ ਅਤੇ ਮੰਤਵ ਦਿੱਤਾ। ਵਿਸਾਖੀ, ਜਿਸ ਨੂੰ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਸੀ, ਗੁਰੂ ਜੀ ਨੇ ਇਸੇ ਦਿਨ ਨੂੰ ਖਾਲਸੇ ਦੀ ਸਿਰਜਣਾ ਲਈ ਚੁਣਿਆ। ਇਸ ਦਿਨ ਖਾਲਸੇ ਦੀ ਸਿਰਜਣਾ ਕਰਕੇ ਗੁਰੂ ਜੀ ਨੇ ਸਮਾਜ ਵਿਚ ਸਦੀਆਂ ਤੋਂ ਪਈਆਂ ਵੰਡੀਆਂ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਖ਼ਤਮ ਕਰ ਦਿੱਤਾ ਅਤੇ ਆਪਣੇ ਬਚਨ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਸੱਚ ਕਰ ਵਿਖਾਇਆ।

ਹੋਲੀ, ਜਿਹੜੀ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਨੂੰ ਸੱਚਮੁੱਚ ਬਦੀ ਦੇ ਵਿਰੁੱਧ ਲੜਾਈ ਲਈ ਲੋਕਾਂ ਨੂੰ ਤਿਆਰ ਕਰਨ ਲਈ ਹੋਲੇ ਦਾ ਰੂਪ ਦੇ ਦਿੱਤਾ। ਗੁਰੂ ਜੀ ਨੇ ਲਤਾੜੇ ਲੋਕਾਂ ਨੂੰ ਸਵੈ-ਭਰੋਸੇ ਦੀ ਪਾਹੁਲ ਪਿਲਾ ਹਥਿਆਰ ਚੁੱਕਣ ਲਈ ਤਿਆਰ ਕੀਤਾ। ਹੋਲੀ ਵਾਲੇ ਦਿਨ ਰੰਗਾਂ ਤੇ ਨਸ਼ਿਆਂ ਦੀ ਵਰਤੋਂ ਕਰਨ ਦੀ ਥਾਂ ਹਥਿਆਰਾਂ ਨਾਲ ਖੇਡਣਾ ਸਿਖਾਇਆ। ਗੁਰੂ ਜੀ ਨੇ ਸਮਝਾਇਆ ਕਿ ਜੇ ਤੁਸੀਂ ਸੱਚਮੁੱਚ ਹੀ ਆਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਤਾਕਤ ਨੂੰ ਪਛਾਣੋ, ਸੁੱਤੀ ਜ਼ਮੀਰ ਨੂੰ ਜਗਾਓ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਹਥਿਆਰ ਚੁੱਕੋ। ਇਸ ਤਾਕਤ ਦਾ ਨਮੂਨਾ ਲੋਕ ਭੰਗਾਣੀ ਦੇ ਯੁੱਧ ਸਮੇਂ ਵੇਖ ਚੁੱਕੇ ਸਨ।

ਗੁਰੂ ਜੀ ਨੇ ਸਮਾਜ ਦੇ ਕਮਜ਼ੋਰ ਸਮਝੇ ਜਾਂਦੇ ਵਰਗ ਨੂੰ ਹੋਲੀ ਦੀਆਂ ਰੰਗ ਰਲੀਆਂ ਵੱਲੋਂ ਮੋੜ ਕੇ ਹੋਲੇ ਮਹੱਲੇ ਦੇ ਰੂਪ ਵਿਚ ਬੀਰਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕੀਤਾ। ਹੋਲੇ ਮੌਕੇ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣ ਲੱਗ ਪਏ, ਜਿੱਥੇ ਤੀਰ, ਤਲਵਾਰਾਂ, ਗਤਕੇ ਆਦਿ ਦੇ ਮਾਹਿਰ ਆਪਣੇ ਕਰਤਬ ਦਿਖਾਉਂਦੇ ਅਤੇ ਇਨਾਮ ਪ੍ਰਾਪਤ ਕਰਦੇ। ਇੰਝ ਸ਼ਸਤਰ ਵਿਦਿਆ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ। ਹੱਥਾਂ ਵਿਚ ਟੋਕਰੀਆਂ, ਝਾੜੂ, ਹਲ, ਕਹੀਆਂ, ਫੜਨ ਵਾਲੇ ਲੋਕਾਂ ਨੇ ਜਦੋਂ ਤਲਵਾਰਾਂ ਨੂੰ ਹੱਥਾਂ ਵਿਚ ਫੜਿਆ ਤਾਂ ਇਤਿਹਾਸ ਦਾ ਰੁਖ ਹੀ ਪਲਟ ਦਿੱਤਾ। ਨਿਮਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੇ ਧੌਣਾਂ ਨੂੰ ਉੱਚਾ ਚੁੱਕਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਲੋਕਾਂ ਦੇ ਮਨਾਂ ਵਿਚੋਂ ਮੌਤ ਦਾ ਡਰ ਕੱਢ ਕੇ ਉਨ੍ਹਾਂ ਨੂੰ ਮਰਜੀਵੜੇ ਬਣਾਇਆ। ਗੁਰੂ ਜੀ ਨੇ ਕੇਵਲ ਆਪਣੇ ਸਿੱਖਾਂ ਨੂੰ ਹੀ ਸੀਸ ਤਲੀ ’ਤੇ ਰੱਖਣ ਲਈ ਨਹੀਂ ਆਖਿਆ, ਸਗੋਂ ਆਪ ਵੀ ਆਪਣਾ ਸਰਬੰਸ ਇਨ੍ਹਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ।

ਗੁਰੂ ਜੀ ਨੇ ਨਸ਼ਿਆਂ ਨੂੰ ਤਿਆਗ ਸਰੀਰ ਅਤੇ ਮਨ ਦੀ ਤੰਦਰੁਸਤੀ ’ਤੇ ਜ਼ੋਰ ਦਿੱਤਾ। ਹੋਲੀ ਨੂੰ ਹੋਲੇ ਵਿਚ ਤਬਦੀਲ ਕਰਨ ਦਾ ਮੰਤਵ ਹੀ ਇਹੋ ਸੀ। ਪਰ ਹੁਣ ਗੁਰੂ ਦੇ ਸਿੰਘ ਨਸ਼ਿਆਂ ਦੀ ਵਰਤੋਂ ਵਿਚ ਸਭ ਤੋਂ ਅੱਗੇ ਹਨ। ਜਿਹੜੇ ਸਿੰਘਾਂ ਨੂੰ ਸੰਸਾਰ ਦੇ ਸਭ ਤੋਂ ਵਧੀਆ ਕਿਸਾਨ ਅਤੇ ਜਵਾਨ ਮੰਨਿਆ ਜਾਂਦਾ ਸੀ, ਹੁਣ ਉਨ੍ਹਾਂ ਖੇਤਾਂ ਵਿਚ ਵਿਚ ਕੰਮ ਕਰਨ ਛੱਡ ਦਿੱਤਾ ਹੈ। ਸਾਡੇ ਨੌਜਵਾਨਾਂ ਦੇ ਜਿਸਮ ਫ਼ੌਜ ਵਿਚ ਭਰਤੀ ਦੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਵਿਚ ਅਸਮਰੱਥ ਹੋ ਰਹੇ ਹਨ। ਸੰਤੋਖ ਦੀ ਥਾਂ ਦਿਖਾਵੇ ਲਈ ਫ਼ਜ਼ੂਲ ਖਰਚੀ ਕਾਰਨ ਕਿਸਾਨ ਕਰਜ਼ੇ ਹੇਠ ਦੱਬੇ ਪਏ ਹਨ। ਜਿਸ ਦਲੇਰ ਕੌਮ ਦਾ ਨਿਰਮਾਣ ਗੁਰੂ ਜੀ ਨੇ ਕੀਤਾ ਸੀ, ਉਹ ਹਾਲਾਤ ਤੋਂ ਘਬਰਾ ਕੇ ਬੁਜ਼ਦਿਲਾਂ ਵਾਂਗ ਖ਼ੁਦਕੁਸ਼ੀਆਂ ਕਰ ਰਹੀ ਹੈ। ਲੋੜ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਹੈ। ਹੋਲੀ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਸਮੇਂ ਗੁਰੂ ਜੀ ਦੇ ਹੁਕਮਾਂ ਅਨੁਸਾਰ ਬੱਚਿਆਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ ਤੇ ਮੁੜ ਪੰਜਾਬੀਆਂ ਨੂੰ ਬਹਾਦਰੀ ਦਾ ਪ੍ਰਤੀਕ ਬਣਾਈਏ।

ਗੁਰੂ ਜੀ ਨੇ ਸਾਨੂੰ ਗਿਆਨ ਦੇ ਲੜ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਕੌਮ ਨੂੰ ਸ਼ਬਦ ਦੇ ਲੜ ਲਾਇਆ। ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਗਏ ਹਾਂ। ਗੁਰੂ ਜੀ ਦੇ ਅੱਗੇ ਆਪਣੀ ਮੰਗਾਂ ਨੂੰ ਮੰਗਣ ਲਈ ਹੀ ਮੱਥਾ ਟੇਕਣ ਜਾਂਦੇ ਹਾਂ। ਗੁਰੂ ਜੀ ਦੇ ਹੁਕਮਾਂ ਤੋਂ ਅਣਜਾਣ ਹਾਂ। ਜਿਹੜੇ ਜਾਣਦੇ ਹਨ, ਉਹ ਵੀ ਇਨ੍ਹਾਂ ਤੋਂ ਦੂਰ ਹੋ ਰਹੇ ਹਨ। ਕੌਮ ਦੀ ਚੜ੍ਹਦੀ ਕਲਾ ਲਈ ਲੋਕਾਈ ਨੂੰ ਸ਼ਬਦ ਗੁਰੂ ਦੇ ਉਪਦੇਸ਼ਾਂ ਨਾਲ ਜੋੜੀਏ ਤੇ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਨਾਤਾ ਜੋੜੀਏ। ਕੁਰੀਤੀਆਂ ਤੋਂ ਦੂਰ ਹੋ ਕੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਨਾਲ ਨਾਤਾ ਜੋੜੀਏ। ਗੁਰੂ ਜੀ ਵੱਲੋਂ ਬਖਸ਼ਿਸ਼ ਜੀਵਨ ਜਾਚ ਅਪਨਾ ਕੇ ਸਾਰੇ ਸੰਸਾਰ ਲਈ ਰਾਹ ਦਸੇਰੇ ਬਣੀਏ।

ਸੰਪਰਕ: 94170-87328

Leave a Reply

Your email address will not be published. Required fields are marked *