ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੇ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ-
ਅੰਮ੍ਰਿਤਸਰ:- 09 ਮਾਰਚ -ਮਹਾਰਾਸ਼ਟਰ ਦੇ ਮਹਾਂਨਗਰ ਵੈਸਟ ਮੁੰਬਈ ਦੇ ਗੁਰਦੁਆਰਾ ਯੂਨਿਟੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖਾਲਸਾ ਦੀਵਨ, ਸ੍ਰੀ ਗੁਰੂ ਸਿੰਘ ਸਭਾ ਮੁਬੰਈ ਵੱਲੋਂ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਰੂਪ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਮਹਾਨ ਕੀਰਤਨ ਦਰਬਾਰ ਅਤੇ ਸਮੁੱਚੇ ਭਾਰਤ ਤੋਂ ਵਿਸ਼ੇਸ਼ ਧਾਰਮਿਕ ਸਖ਼ਸ਼ੀਅਤਾਂ ਦੀ ਸਮੂਲੀਅਤ ਕਰਵਾ ਕੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਥ ਦੇ ਮਹਾਨ ਕਥਾਵਾਚਕ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ, ਭਾਈ ਹਰਜਿੰਦਰ ਸਿੰਘ ਸ੍ਰੀ ਨਗਰਵਾਲੇ, ਸੰਤ ਅਨੂਪ ਸਿੰਘ ਊਨਾਵਾਲਿਆਂ ਤੇ ਇਲਾਵਾ ਹੋਰ ਵੀ ਜਥਿਆਂ ਨੇ ਗੁਰਬਾਣੀ ਸ਼ਬਦ ਗਾਇਨ ਰਾਹੀਂ ਹਾਜ਼ਰੀ ਭਰੀ।
ਇਸ ਸਬੰਧੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆ ਕਿਹਾ ਕਿ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗੁਰੂ ਸਾਹਿਬਾਨ, ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਅਤੇ ਬੁੱਢਾ ਦਲ ਦੇ ਸ਼ਾਨਾਮੱਤੇ ਇਤਿਹਾਸ ਸੰਗਤਾਂ ਮੂਹਰੇ ਉਜਾਗਰ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਜੀਵਨ ਸਬੰਧੀ ਭਾਵੁਕਤਾ ਵਾਲੀ ਸ਼ਬਦਾਵਲੀ ਵਿੱਚ ਆਪਣੇ ਭਾਸ਼ਣ ਰਾਹੀਂ ਸੰਗਤਾਂ ਨਾਲ ਸਾਂਝ ਪਾਈ।
ਮਹਾਂਰਾਸ਼ਟਰ ਦੇ ਮੁਖ ਮੰਤਰੀ ਦਵਿੰਦਰਾ ਫੜਨਵੀਸ ਨੇ ਸਮਾਗਮ ਵਿੱਚ ਸਮੂਲੀਅਤ ਕਰਕੇ ਨੌਵੇਂ ਪਾਤਸ਼ਾਹ ਨੂੰ ਸਰਧਾ ਸਤਿਕਾਰ ਭੇਟ ਕੀਤਾ। ਇਸ ਸਮਾਗਮ ਦੀ ਗਤੀਸ਼ੀਲਤਾ ਦੇ ਕੇਂਦਰ ਬਿੰਦੂ ਸ. ਗੁਰਿੰਦਰ ਸਿੰਘ ਬਾਵਾ, ਸ. ਜਸਬੀਰ ਸਿੰਘ ਧਾਮ ਦੀਆਂ ਪ੍ਰਬੰਧਕੀ ਦਿਖ ਦੀਆਂ ਝਲਕਾਂ ਦੂਰੋਂ ਨਜ਼ਰ ਆ ਰਹੀਆਂ ਸਨ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸਿੰਘ ਸਾਹਿਬ ਗਿ. ਬਲਦੇਵ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸਿੰਘ ਸਾਹਿਬ ਜੋਤਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਭਾਈ ਸੁਖਜੀਤ ਸਿੰਘ ਕਨੱਈਆ, ਸ. ਰਵਿੰਦਰ ਸਿੰਘ ਬੁੰਗਈ, ਸ. ਇੰਦਰਪਾਲ ਸਿੰਘ ਫੌਜੀ ਰਿੱਕੀ, ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਵਿਪਨਪ੍ਰੀਤ ਕੌਰ ਲੁਧਿਆਣਾ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਗੁਰਮੁਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ ਆਦਿ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਸਮਾਗਮ ਦੇ ਸੰਚਾਲਕ ਸ. ਗੁਰਿੰਦਰ ਸਿੰਘ ਬਾਵਾ ਨੇ ਆਈਆਂ ਪ੍ਰਤਿਸ਼ਟ ਸਖ਼ਸ਼ੀਅਤਾਂ ਨੂੰ ਸਨਮਾਨਤ ਕੀਤਾ। ਮੁੰਬਈ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੁਖੀ ਸਾਹਿਬਾਨ ਨੇ ਵੀ ਹਾਜ਼ਰੀ ਭਰੀ।