ਸਨਅਤਾਂ ਨੂੰ ਵਾਰ-ਵਾਰ ਜੀਐੱਸਟੀ ਘਟਾਉਣ ਦੀ ਮੰਗ ਨਾ ਕਰਨ ਦੀ ਅਪੀਲ; ਭਲਾਈ ਯੋਜਨਾਵਾਂ ਦੇ ਅਮਲ ਲਈ ਪੈਸੇ ਦੀ ਲੋੜ ’ਤੇ ਦਿੱਤਾ ਜ਼ੋਰ
ਨਵੀਂ ਦਿੱਲੀ, 10 ਮਾਰਚ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਐਕਸਪ੍ਰੈੱਸ ਹਾਈਵੇਅ ਸ਼ੁਰੂ ਕਰੇਗੀ, ਜਿਸ ਨਾਲ ਪ੍ਰਮੁੱਖ ਸ਼ਹਿਰਾਂ ਵਿੱਚ ਆਉਣ-ਜਾਣ ਦਾ ਸਮਾਂ ਘਟ ਜਾਵੇਗਾ। ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਐਕਸਪ੍ਰੈੱਸ ਹਾਈਵੇਅ ਸ਼ੁਰੂ ਹੋਣ ਮਗਰੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਲਈ ਮਹਿਜ਼ ਚਾਰ ਘੰਟੇ ਲੱਗਣਗੇ। ਇਸੇ ਤਰ੍ਹਾਂ ਦਿੱਲੀ ਤੋਂ ਦੇਹਰਾਦੂਨ ਦੀ ਯਾਤਰਾ ਦਾ ਸਮਾਂ ਘਟ ਕੇ ਦੋ ਘੰਟੇ ਰਹਿ ਜਾਵੇਗਾ। ਇਸੇ ਦੌਰਾਨ ਉਨ੍ਹਾਂ ਉਦਯੋਗ ਜਗਤ ਨੂੰ ਕਿਹਾ ਕਿ ਉਹ ਟੈਕਸਾਂ ’ਚ ਕਟੌਤੀ ਦੀ ਵਾਰ-ਵਾਰ ਮੰਗ ਨਾ ਕਰਨ ਕਿਉਂਕਿ ਸਰਕਾਰ ਨੂੰ ਗਰੀਬਾਂ ਲਈ ਭਲਾਈ ਯੋਜਨਾਵਾਂ ਲਾਗੂ ਕਰਨ ਲਈ ਪੈਸੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਢੋਆ-ਢੁਆਈ ਦੀ ਲਾਗਤ ਦੋ ਸਾਲਾਂ ਅੰਦਰ ਨੌਂ ਫੀਸਦ ਤੱਕ ਘੱਟ ਜਾਵੇਗੀ। ਗਡਕਰੀ ਨੇ ਕਿਹਾ, ‘ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਅਤੇ ਟੈਕਸਾਂ ’ਚ ਕਟੌਤੀ ਦੀ ਮੰਗ ਨਾ ਕਰੋ। ਇਹ ਇੱਕ ਲਗਾਤਾਰ ਪ੍ਰਕਿਰਿਆ ਹੈ ਜੋ ਚੱਲ ਰਹੀ ਹੈ। ਜੇ ਅਸੀਂ ਟੈਕਸ ਘੱਟ ਕਰਾਂਗੇ ਤਾਂ ਤੁਸੀਂ ਹੋਰ ਵੱਧ ਮੰਗੋਗੇ ਕਿਉਂਕਿ ਇਹ ਮਨੁੱਖੀ ਸੁਭਾਅ ਹੈ।’ ਉਨ੍ਹਾਂ ਕਿਹਾ, ‘ਅਸੀਂ ਟੈਕਸ ਘਟਾਉਣਾ ਚਾਹੁੰਦੇ ਹਾਂ ਪਰ ਟੈਕਸਾਂ ਤੋਂ ਬਿਨਾਂ ਸਰਕਾਰ ਭਲਾਈ ਯੋਜਨਾਵਾਂ ਅੱਗੇ ਨਹੀਂ ਵਧਾ ਸਕਦੀ।’ ਉਨ੍ਹਾਂ ਕਿਹਾ ਕਿ ਸਰਕਾਰ ਦਾ ਨਜ਼ਰੀਆ ਅਮੀਰ ਲੋਕਾਂ ਤੋਂ ਟੈਕਸ ਲੈਣਾ ਤੇ ਗਰੀਬਾਂ ਨੂੰ ਲਾਭ ਦੇਣਾ ਹੈ। ਇਸ ਲਈ ਸਰਕਾਰ ਦੀਆਂ ਵੀ ਆਪਣੀਆਂ ਸੀਮਾਵਾਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਭਾਰਤ ’ਚ ਢੋਆ-ਢੁਆਈ ਲਾਗਤ 14 ਤੋਂ 16 ਫੀਸਦ ਹੈ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਦੋ ਸਾਲਾਂ ਅੰਦਰ ਸਾਡੀ ਢੋਆ-ਢੁਆਈ ਲਾਗਤ ਨੌਂ ਫੀਸਦ ਹੋ ਜਾਵੇਗੀ। ਇਸ ਨਾਲ ਅਸੀਂ ਕੌਮਾਂਤਰੀ ਬਾਜ਼ਾਰ ’ਚ ਮੁਕਾਬਲਾ ਕਰਨ ਦੇ ਵਧੇਰੇ ਯੋਗ ਹੋ ਜਾਵਾਂਗੇ।’