ਮੁੱਖ ਮੰਤਰੀ ਨੇ ਇਹ ਕੰਮ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕਰਨ ਲਈ ਕਿਹਾ
ਮੁੰਬਈ, 10 ਮਾਰਚਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸਾਰਿਆਂ ਦਾ ਮੰਨਣਾ ਹੈ ਕਿ ਛਤਰਪਤੀ ਸੰਭਾਜੀਨਗਰ ’ਚ ਸਥਿਤ ਮੁਗਲ ਸਮਰਾਟ ਔਰੰਗਜ਼ੇਬ ਦੀ ਕਬਰ ਹਟਾਈ ਜਾਵੇ ਪਰ ਇਹ ਕੰਮ ਕਾਨੂੰਨੀ ਦਾਇਰੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਜਗ੍ਹਾ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਦੇ ਦਿੱਤੀ ਸੀ।
ਫੜਨਵੀਸ ਨੇ ਸ਼ਨਿਚਰਵਾਰ ਰਾਤ ਨੂੰ ਇੱਥੇ ਸਮਾਗਮ ’ਚ ਇਹ ਗੱਲ ਕਹੀ। ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਵੰਸ਼ਜ਼ ਅਤੇ ਸਾਤਾਰਾ ਤੋਂ ਭਾਜਪਾ ਦੇ ਸੰਸਦ ਮੈਂਬਰ ਉਦਯਨਰਾਜੇ ਭੌਸਲੇ ਨੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿੱਚ ਸਥਿਤ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਕੀਤੀ ਸੀ।
ਭੌਸਲੇ ਦੀ ਮੰਗ ਬਾਰੇ ਪੁੱਛੇ ਜਾਣ ’ਤੇ ਫੜਨਵੀਸ ਨੇ ਕਿਹਾ, ‘‘ਅਸੀਂ ਸਾਰੇ ਇਹੀ ਚਾਹੁੰਦੇ ਹਾਂ, ਪਰ ਤੁਹਾਨੂੰ ਇਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਹੋਵੇਗਾ ਕਿਉਂਕਿ ਇਹ ਇੱਕ ਸੁਰੱਖਿਅਤ ਸਥਾਨ ਹੈ।’’ ਮਹਾਰਾਸ਼ਟਰ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਪ੍ਰਸ਼ੰਸਾ ਕਰਨ ਵਾਲੇ ਬਿਆਨ ਨੇ ਹਾਲ ਹੀ ਵਿੱਚ ਵਿਵਾਦ ਛੇੜ ਦਿੱਤਾ ਸੀ। ਇਸ ਬਿਆਨ ਕਾਰਨ ਆਜ਼ਮੀ ਨੂੰ ਪਿਛਲੇ ਹਫ਼ਤੇ ਬਜਟ ਸੈਸ਼ਨ ਮੁਕੰਮਲ ਹੋਣ ਤੱਕ ਮਹਾਰਾਸ਼ਟਰ ਵਿਧਾਨ ਸਭਾ ਤੋਂ ਮੁਅੱਤਲ ਕੀਤਾ ਗਿਆ ਹੈ। ਇਹ ਬਜਟ ਸੈਸ਼ਨ 26 ਮਾਰਚ ਤੱਕ ਚੱਲੇਗਾ।