Headlines

ਕੀਰਤਪੁਰ ਸਾਹਿਬ ’ਚ ਹੋਲਾ-ਮਹੱਲਾ ਸ਼ੁਰੂ

ਗੁਰਦੁਆਰਾ ਪਤਾਲਪੁਰੀ ਸਾਹਿਬ ’ਚ ਅਖੰਡ ਪਾਠ ਆਰੰਭ; ਨੌਜਵਾਨਾਂ ਨੂੰ ਸਟੰਟ ਨਾ ਕਰਨ ਦੀ ਅਪੀਲ

ਸ੍ਰੀ ਕੀਰਤਪੁਰ ਸਾਹਿਬ 10 ਮਾਰਚ

ਹੋਲੇ ਮਹੱਲੇ ਦਾ ਪਹਿਲਾ ਪੜਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਹੋਲਾ-ਮਹੱਲਾ ਮੇਲੇ ਦਾ ਪਹਿਲਾ ਪੜਾਅ 10 ਤੋਂ 12 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਵੇਗਾ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਆਰੰਭ ਹੋਏ ਅਖੰਡ ਪਾਠ ਦੀ ਸੰਪੂਰਨਤਾ ਦੇ ਭੋਗ 12 ਮਾਰਚ ਨੂੰ ਪਾਏ ਜਾਣਗੇ, 13 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਆਰੰਭ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੇਲੇ ਦਾ ਦੂਸਰਾ ਪੜਾਅ ਸ਼ੁਰੂ ਹੋਵੇਗਾ ਜੋ 15 ਮਾਰਚ ਤੱਕ ਚੱਲੇਗਾ। ਇਸ ਮੌਕੇ ਉਨ੍ਹਾਂ ਹੋਲਾ-ਮਹੱਲੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਨੌਜਵਾਨਾਂ ਨੂੰ ਇਸ ਮੌਕੇ ਸਟੰਟ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਮਲਕੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਲਾ ਖੇਤਰ ਦੇ 20 ਕਿਲੋਮੀਟਰ ਘੇਰੇ ਦੇ ਅੰਦਰ ਸੰਗਤ ਦਾ ਬੀਮਾ ਕਰਵਾਇਆ ਹੋਇਆ ਹੈ ਅਤੇ ਜੇ ਸੰਗਤ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਨਗਾਰਿਆਂ ਦੀ ਗੂੰਜ ਨਾਲ ਹੋਲਾ ਮਹੱਲਾ ਦੀ ਸ਼ੁਰੂਆਤ

ਅੱਜ ਕਿਲ੍ਹਾ ਅਨੰਦਗੜ੍ਹ ਸਾਹਿਬ ਹੋਲੇ-ਮਹੱਲੇ ਦੀ ਸ਼ੁਰੂਆਤ ਮੌਕੇ ਗੁਰਮਤਿ ਸਮਾਗਮ ਕਰਵਾਏ ਗਏ। ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਦਿਲਜੀਤ ਸਿੰਘ ਭਿੰਡਰ ਵੱਲੋਂ ਹਿਮਾਚਲ ਦੇ ਪਿੰਡ ਜੋਗੋ ਤੋਂ ਪਹਿਲਾਂ ਵਾਂਗ ਵਿਸ਼ੇਸ਼ ਨਗਰ ਕੀਰਤਨ ਲਿਆਂਦਾ ਗਿਆ। ਦੁਪਹਿਰ 12 ਵਜੇ ਗੁਰਮਤਿ ਸਮਾਗਮ ਸਮਾਪਤ ਹੋਣ ਉਪਰੰਤ ਹੋਲੇ ਮਹੱਲੇ ਦੀ ਸ਼ੁਰੂਆਤ ਦੀ ਅਰਦਾਸ ਤਖ਼ਤ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰਾਂ, ਕਿਲ੍ਹਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਦੇ ਪ੍ਰਬੰਧਕ ਬਾਬਾ ਸਤਨਾਮ ਸਿੰਘ ਸਣੇ ਮੌਕੇ ’ਤੇ ਮੌਜੂਦ ਸੰਗਤ ਵੱਲੋਂ ਪਰੰਪਰਾ ਅਨੁਸਾਰ ਨਗਾਰਿਆਂ ਦੀ ਗੂੰਜ ਨਾਲ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਗਈ।

Leave a Reply

Your email address will not be published. Required fields are marked *