ਕਰਾਚੀ-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚ ਬਾਗ਼ੀਆਂ ਵੱਲੋਂ ਅਗਵਾ ਕੀਤੀ ਐਕਸਪ੍ਰੈੱਸ ਰੇਲਗੱਡੀ ਦੇ 104 ਯਾਤਰੀਆਂ ਨੂੰ ਛੁਡਾ ਲਿਆ ਹੈ ਜਦੋਂਕਿ ਇਸ ਕਾਰਵਾਈ ਦੌਰਾਨ 16 ਦਹਿਸ਼ਤਗਰਦ ਮਾਰੇ ਗਏ। ਰੇਲਗੱਡੀ ਨੂੰ ਅਗਵਾ ਕਰਨ ਵਾਲੇ ਹਥਿਆਰਬੰਦ ਬਲੋਚ ਬਾਗੀਆਂ ਖਿਲਾਫ਼ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਬਲ 155 ਯਾਤਰੀਆਂ ਨੂੰ ਬਚਾਉਣ ਵਿਚ ਸਫ਼ਲ ਰਹੇ ਹਨ ਜਦੋਂਕਿ ਬਾਕੀ ਬੰਧਕਾਂ ਨੂੰ ਬਚਾਉਣ ਲਈ ਅਪਰੇਸ਼ਨ ਜਾਰੀ ਹੈ।
ਜਾਫ਼ਰ ਐਕਸਪ੍ਰੈੱਸ, ਜਿਸ ਦੇ ਨੌਂ ਡੱਬਿਆਂ ਵਿਚ 500 ਦੇ ਕਰੀਬ ਯਾਤਰੀ ਸਵਾਰ ਸਨ, ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ ਜਦੋਂ ਹਥਿਆਰਬੰਦ ਵਿਅਕਤੀਆਂ ਨੇ ਗਦਲਾਰ ਤੇ ਪੀਰੂ ਕੋਨੇਰੀ ਦੇ ਪਹਾੜੀ ਇਲਾਕੇ ਵਿਚ ਇਕ ਸੁਰੰਗ ’ਚ ਰੇਲਗੱਡੀ ਦਾ ਰਾਹ ਰੋਕ ਕੇ ਸੌ ਤੋਂ ਵੱਧ ਯਾਤਰੀਆਂ ਨੂੰ ਅਗਵਾ ਕਰ ਲਿਆ। ਉਨ੍ਹਾਂ ਰੇਲਗੱਡੀ ’ਤੇ ਗੋਲੀਆਂ ਵੀ ਚਲਾਈਆਂ, ਜਿਸ ਨਾਲ ਕਈ ਯਾਤਰੀ ਵੀ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਲਈ ਸੀ।
ਕੋਇਟਾ ਤੇ ਸਿਬੀ ਦਰਮਿਆਨ ਬੋਲਨ 100 ਕਿਲੋਮੀਟਰ ਤੋਂ ਵੱਧ ਦਾ ਪਹਾੜੀ ਇਲਾਕਾ ਹੈ। ਇਸ ਇਲਾਕੇ ਵਿਚ 17 ਸੁਰੰਗਾਂ ਹਨ, ਜਿਸ ਵਿਚੋਂ ਰੇਲ ਮਾਰਗ ਗੁਜ਼ਰਦਾ ਹੈ। ਮੁਸ਼ਕਲ ਪਹਾੜੀ ਇਲਾਕੇ ਕਰਕੇ ਰੇਲਗੱਡੀਆਂ ਆਮ ਕਰਕੇ ਧੀਮੀ ਰਫ਼ਤਾਰ ਨਾਲ ਲੰਘਦੀਆਂ ਹਨ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਨਾਲ ਗੋਲੀਬਾਰੀ ਜਾਰੀ ਹੋਣ ਦਾ ਦਾਅਵਾ ਕਰਦਿਆਂ ਹੁਣ ਤੱਕ 104 ਯਾਤਰੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਹਨ।
ਸੂਤਰਾਂ ਨੇ ਕਿਹਾ, ‘‘ਗੋਲੀਬਾਰੀ ਜਾਰੀ ਹੈ ਤੇ ਹੁਣ ਤੱਕ 16 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ ਤੇ ਕਈ ਹੋਰ ਜ਼ਖ਼ਮੀ ਹਨ।’’ ਉਨ੍ਹਾਂ ਕਿਹਾ ਕਿ ਰੇਲਗੱਡੀ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਛੁਡਾਏ ਜਾਣ ਤੱਕ ਅਪਰੇਸ਼ਨ ਜਾਰੀ ਰਹੇਗਾ। ਸੂਤਰਾਂ ਨੇ ਕਿਹਾ, ‘‘ਦਹਿਸ਼ਤਗਰਦਾਂ ਨੇ ਹਨੇਰੇ ਦਾ ਫਾਇਦਾ ਲੈ ਕੇ ਭੱਜਣ ਲਈ ਛੋਟੇ ਛੋਟੇ ਸਮੂਹ ਬਣਾਏ ਹਨ, ਪਰ ਸੁਰੱਖਿਆ ਬਲਾਂ ਨੇ ਸੁਰੰਗ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਜਲਦੀ ਹੀ ਬਾਕੀ ਬਚਦੇ ਯਾਤਰੀਆਂ ਨੂੰ ਵੀ ਬਚਾਅ ਲਿਆ ਜਾਵੇਗਾ।’’