Headlines

ਪ੍ਰਸਿੱਧ ਪੰਜਾਬੀ ਸਾਹਿਤਕਾਰ ਹਰਜੀਤ ਦੌਧਰੀਆ ਦਾ ਸਦੀਵੀ ਵਿਛੋੜਾ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)- ਪੰਜਾਬੀ ਦੇ ਜਾਣੇ-ਪਛਾਣੇ ਲੇਖਕ ਅਤੇ ਸਮਾਜਕ ਕਾਰਕੁੰਨ ਹਰਜੀਤ ਦੌਧਰੀਆ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਉਹਨਾਂ ਦੀ ਪਤਨੀ ਕਾਫੀ ਸਮਾਂ ਪਹਿਲਾਂ ਗੁਜ਼ਰ ਚੁੱਕੇ ਹਨ, ਜਦ ਕਿ ਲੜਕਾ ਲੰਡਨ ਰਹਿੰਦਾ ਹੈ ਅਤੇ ਦੋ ਧੀਆਂ ਵਿੱਚੋਂ ਇੱਕ ਟੋਰਾਂਟੋ ਅਤੇ ਦੂਜੀ ਵੈਨਕੂਵਰ ਰਹਿੰਦੀ ਹੈ। ਖਿੜੇ-ਮੱਥੇ ਮਿਲਣ ਵਾਲੇ, ਹਾਸਿਆਂ-ਮਜ਼ਾਕਾਂ ‘ਚ ਰਮਜ਼ ਭਰੀਆਂ ਗੱਲਾਂ ਕਰਨ ਵਾਲੇ ਅਤੇ ਗੰਭੀਰ ਚਿੰਤਨ ਦੀ ਸੋਚ ਦੇ ਮਾਲਕ ਹਰਜੀਤ ਦੌਧਰੀਆ’ ਨੇ ਲੰਮਾ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕੀਤਾ। ਚਾਹੇ ਉਹ 94 ਵਰਿਆਂ ਦੀ ਰਜਵੀਂ ਉਮਰ ਭੋਗ ਕੇ ਜਹਾਨੋਂ ਗਏ, ਪਰ ਉਹਨਾਂ ਦਾ ਵਿਛੋੜਾ ਨਿਜੀ ਘਾਟਾ ਮਹਿਸੂਸ ਹੋ ਰਿਹਾ ਹੈ। ਹਰਜੀਤ ਦੌਧਰੀਆ ਦਾ ਜਨਮ 8 ਜੂਨ 1931 ਨੂੰ ਜਿਲ੍ਹਾ ਮੋਗਾ ਦੇ ਪਿੰਡ ‘ਦੌਧਰ’ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਪਾਲ ਸਿੰਘ ਅਤੇ ਮਾਤਾ ਦਾ ਨਾਂ ਗੁਰਚਰਨ ਕੌਰ ਸੀ।
         ਉਨ੍ਹਾਂ ਨੇ ਆਪਣੀ ਮੁਢਲੀ ਪਡ਼੍ਹਾਈ ਆਪਣੇ ਪਿੰਡ ਦੌਧਰ ਅਤੇ ਨਾਨਕੇ ਪਿੰਡ ਚੂਹੜਚੱਕ ਤੋਂ ਕੀਤੀ ਅਤੇ ਮਗਰੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀ ਐੱਸ ਸੀ ਕੀਤੀ। ਬੀ ਐੱਸ ਸੀ ਕਰਨ ਤੋਂ ਬਾਅਦ ਉਨ੍ਹਾਂ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਸਰਕਾਰੀ ਸੇਵਾ ਕੀਤੀ। ਮੌਜੀ ਸੁਭਾਅ ਦੇ ਮਾਲਕ ਹਰਜੀਤ ਦੌਧਰੀਆ ਕੁਝ ਸਮਾਂ ਮਗਰੋਂ ਨੌਕਰੀ ਛੱਡ ਕੇ, ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ  ਵਿੱਚ ਖੇਤੀ ਕਰਨ ਲੱਗੇ। 1962 ਵਿੱਚ ਪ੍ਰੀਤ ਨਗਰ ਛੱਡ ਕੇ ਦੌਦਰੀਆ ਸਾਹਿਬ ਨੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਨ੍ਹਾਂ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜ ਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ। ਇਸ ਤੋਂ ਮਗਰੋਂ ਵਲੈਤ ਵੱਲ ਕੂਚ ਕਰ ਲਿਆ ਤੇ 1967 ਵਿੱਚ ਉਹ ਇੰਗਲੈਂਡ ਆ ਗਏ।
     ਹਰਜੀਤ ਦੌਧਰੀਆ ਨੇ ਇੰਗਲੈਂਡ ਆ ਕੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਇਥੋਂ ਹੀ ਉਹਨਂ ਦੇ ਨਾਂ ਨਾਲ ਪਿੰਡ ਦਾ ਨਾਂ ਦੌਧਰੀਆ ਮਸ਼ਹੂਰ ਹੋਇਆ ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ‘ਸੱਚੇ ਮਾਰਗ ਚਲਦਿਆਂ’1977 ਵਿੱਚ ਛਪੀ। ਲਿਖਣ ਦੇ ਨਾਲ-ਨਾਲ ਉਹ ਸਾਹਿਤਕ, ਸਿਆਸੀ ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦੇ। ਉਹ ‘ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ’ ਅਤੇ ‘ਪ੍ਰਗਤੀਸ਼ੀਲ ਲੇਖਕ ਸੰਘ ਗ੍ਰੇਟ ਬ੍ਰਿਟੇਨ’ ਦੇ ਸਰਗਰਮ ਮੈਂਬਰ ਰਹੇ। ਇੰਗਲੈਂਡ ਵਿੱਚ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ ਤੇ ਰਿਟਾਇਰਮੈਂਟ ਤੋਂ ਬਾਅਦ ਉਹ ਵਿੱਚ ਕੈਨੇਡਾ ਆ ਗਏ।
      ਸਾਹਿਤਕ ਰੁਚੀਆਂ ਅਤੇ ਸਮਾਜਿਕ ਸਰਗਰਮੀਆਂ ਦੇ ਸੁਭਾਅ ਵਾਲੇ ਹਰਜੀਤ ਦੌਧਰੀਆ ਨੇ ਕੈਨੇਡਾ ਆ ਕੇ ਵੀ ਸਾਹਿਤਕ, ਸਮਾਜਿਕ ਅਤੇ ਸਿਆਸੀ ਗਤੀਵਿਧੀਆਂ ਜਾਰੀ ਰੱਖੀਆਂ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਰਹੇ। ਸਿਆਸੀ ਖੇਤਰ ਵਿੱਚ ਹਰਜੀਤ ਦੌਧਰੀਆ ਨੇ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਉਨ੍ਹਾਂ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਵੀ ਹਿੱਸਾ ਲਿਆ। ਆਪਣੇ ਪਾਰਟੀ ਮੈਨੀਫੈਸਟੋ ਦੀ ਜਾਣਕਾਰੀ ਦੇਣ ਉਹ ਅਕਸਰ ਸਾਡੇ ਕੋਲ ਸ਼ੇਰੇ ਪੰਜਾਬ ਰੇਡੀਓ ਦੇ ਸਟੂਡੀਓ ‘ਚ ਆਉਂਦੇ ਅਤੇ ਹਾਸੇ-ਠੱਠੇ ਦੀਆਂ ਗੱਲਾਂ ਵੀ ਕਰਦੇ।
         ਇਸ ਦੌਰਾਨ ਦੌਧਰੀਆ ਸਾਹਿਬ ਨੇ ਆਪਣੀਆਂ ਕਿਤਾਬਾਂ ‘ਆਪਣਾ ਪਿੰਡ ਪਰਦੇਸ’ ਅਤੇ ‘ਤੁਮਿੰਆਂ ਵਾਲੀ ਜਵੈਣ’ ਦਿੰਦਿਆਂ ਕਿਹਾ ਕਿ ਇਹਨਾਂ ਵਿੱਚ ਆਪਣੇ ਜੀਵਨ ਦੇ ਅਨੁਭਵ ਬਹੁਤ ਬਰੀਕੀ ਨਾਲ ਸਾਂਝੇ ਕੀਤੇ ਹਨ ਸੱਚਮੁੱਚ ਉਹਨਾਂ ਦੀਆਂ ਲਿਖਤਾਂ ਦਿਲ ਨੂੰ ਛੋਹਣ ਵਾਲੀਆਂ ਹਨ। ਉਹਨਾਂ ਦੀਆਂ ਸਾਹਿਤਕ ਲਿਖਤਾਂ ਦੀ ਸੂਚੀ ਇਉਂ ਹੈ ; ‘ਤੁਮਿੰਆਂ ਵਾਲੀ ਜਵੈਣ’, ਸੱਚੇ ਮਾਰਗ ਚਲਦਿਆਂ (ਕਵਿਤਾ), 1977, ਹੈ ਭੀ ਸੱਚ ਹੋਸੀ ਭੀ ਸੱਚ (ਕਵਿਤਾ), 1984, ਆਪਣਾ ਪਿੰਡ ਪਰਦੇਸ (ਕਵਿਤਾ), 2002, ਦਰਸ਼ਨ (ਵਾਰਤਕ: ਸੰਪਾਦਨ), 2004, ਹੇਠਲੀ ਉੱਤੇ (ਵਾਰਤਕ), 2011, Hold the Sky (Poems), 2011