Headlines

ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ

ਹੋਲੇ ਮਹੱਲੇ ਨੂੰ ਸਮਰਪਿਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ-

ਸ੍ਰੀ ਅਨੰਦਪੁਰ ਸਾਹਿਬ:- 13 ਮਾਰਚ- ਦੇਸ ਰੱਖਯਕ ਮਹਾਨਯੋਧੇ ਅਤੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੋਲਾ ਮਹੱਲਾ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਪਿਛਲੇ 25 ਸਾਲਾਂ ਤੋਂ ਕਰਵਾਏ ਜਾਂਦੇ ਦੋ ਰੋਜ਼ਾ ਇੰਟਰਨੈਸ਼ਨਲ ਗੱਤਕਾ ਮੁਕਾਬਲਿਆਂ ਦੀ ਅੱਜ ਅਰੰਭਤਾ ਹੋ ਗਈ ਹੈ। ਇਸ ਤੋਂ ਪਹਿਲਾਂ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਹੋਏ ਜਿਸ ਦਾ ਭੋਗ 15 ਮਾਰਚ ਨੂੰ ਹੋਲਾ ਮਹੱਲਾ ਚੜਨ ਤੋਂ ਪਹਿਲਾਂ ਪਾਇਆ ਜਾਵੇਗਾ।

ਗੱਤਕਾ ਮੁਕਾਬਲਿਆਂ ਦੀ ਅਰੰਭਤਾ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਵੱਲੋਂ ਸੰਗਤੀ ਅਰਦਾਸ ਕਰਨ ਉਪਰੰਤ ਪ੍ਰਤਿਸ਼ਟ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਸਿੱਖ ਪਰੰਪਰਾਵਾਂ ਅਤੇ ਸਿੱਖ ਮਰਯਾਦਾ ਅਨੁਸਾਰ ਗੱਤਕੇ ਦੀ ਅਰੰਭਤਾ ਹੋਈ। ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਬੁੱਢਾ ਦਲ ਵੱਲੋਂ ਕਰਵਾਉਣ ਦਾ ਮਨੋਰਥ ਦਸਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਜੁੰਗਜੂ ਯੁੱਧਕਲਾ ਦਾ ਪ੍ਰਚਾਰ ਪ੍ਰਸਾਰ ਅਤੇ ਵਿਕਾਸ ਵੱਧ ਤੋਂ ਵੱਧ ਹੋ ਸਕੇ ਅਤੇ ਨੌਜਵਾਨੀ ਆਪਣੇ ਵਿਰਸੇ ਪ੍ਰਤੀ ਸੁਚੇਤ ਹੋ ਕੇ ਮਨੁੱਖ ਮਾਰੂ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਇਸ ਕਲਾ ਨਾਲ ਆਪਸੀ ਮੁਕਾਬਲਾ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਹਾਰ ਜਿੱਤ ਇੱਕ ਦੂਜੇ ਪ੍ਰਤੀ ਸਹਿਣਸ਼ੀਲਤਾ ਵੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀਹ ਗੱਤਕਾ ਟੀਮਾਂ ਮੈਦਾਨ ਵਿੱਚ ਭਾਗ ਲੈਣ ਲਈ ਉਤਰੀਆਂ ਹਨ। ਜਿਨ੍ਹਾਂ ਦੇ ਕੱਲ੍ਹ ਨੂੰ ਫਾਇਨਲ ਮੁਕਾਬਲੇ ਹੋਣਗੇ। ਬਾਬਾ 96 ਕਰੋੜੀ ਨੇ ਕਿਹਾ ਹੋਲੇ ਮਹੱਲੇ ਦਾ ਮਹਾਨ ਤਿਉਹਾਰ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜਣ ਵਾਲੇ ਨੌਜਵਾਨ ਸਹਿਜ ਅਤੇ ਦੂਰਦਰਸਤਾ ਤੋਂ ਕੰਮ ਲੈਂਦਿਆਂ ਆਪਣੇ ਵਾਹਨਾਂ ਤੇ ਸਪੀਕਰ ਲਾ ਕੇ ਉਚੀ ਸ਼ੋਰ ਸਰਾਬੇ ਵਾਲੀ ਆਵਾਜ਼ ਨਾ ਲਾਉਣ ਤਾਂ ਜੋ ਅਵਾਜ਼ ਦੇ ਸ਼ੋਰ ਪ੍ਰਦੂਸ਼ਣ ਤੋ ਬੱਚਿਆ ਜਾਵੇ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਦੇ ਤਿਉਹਾਰ ਦੀ ਮਹਾਨਤਾ ਤੇ ਮਰਯਾਦਾ ਨੂੰ ਕਾਇਮ ਰੱਖਣ ਲਈ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਮੋਟਰਸਾਇਕਲਾਂ ਤੇ ਜਾਣ ਵਾਲੇ ਨੌਜਵਾਨ ਸਟੰਟਬਾਜ਼ੀ ਤੋਂ ਦੂਰ ਰਹਿਣ ਅਤੇ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਆਵਾਜਾਈ ਤੇ ਮਰਯਾਦਾ ਦੀ ਉਲੰਘਣਾ ਹੋਵੇ। ਉਨ੍ਹਾਂ ਗੱਤਕਾ ਖੇਡਣ ਵਾਲੇ ਲੋਕਾਂ ਨੂੰ ਸਿੱਧੇ ਢੰਗ ਨਾਲ ਕਿਹਾ ਕਿ ਗੱਤਕੇ ਵਿੱਚ ਸਟੰਟਬਾਜ਼ੀ ਦੀ ਕੋਈ ਥਾਂ ਨਹੀਂ ਹੈ ਇਹ ਗੱਤਕੇ ਦੀ ਮਰਯਾਦਾ ਦੇ ਉਲਟ ਹੈ। ਅਸੀ ਇਸ ਨੂੰ ਸਖ਼ਤੀ ਨਾਲ ਰੋਕਣ ਦਾ ਯਤਨ ਵਿੱਚ ਹਾਂ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਨੌਜਵਾਨ ਪੀੜੀ ਧਾਰਨ ਕਰੇ ਅਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਕਰਨ। ਅੰਮ੍ਰਿਤ ਛੱਕੋ ਗੁਰੂ ਲੜ ਲੱਗੋ। ਸਿੱਖ ਕੌਮ ਦੇ ਧੀਆਂ ਪੁਤਰੋ ਅੰਮ੍ਰਿਤਧਾਰੀ ਹੋ ਕੇ ਜੀਵੋ। ਉਨ੍ਹਾਂ ਕਿਹਾ ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਏਸੇ ਦਿਸਾ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਕਰਵਾਏ ਜਾਂਦੇ ਹਨ ਤਾਂ ਜੋ ਗਤਕਾ ਜੰਗਜ਼ੂ ਕਲਾ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਅਤੇ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਇਹ ਮਸਨੂਈ ਜੰਗ ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖੁਦ ਆਪ ਸ਼ੁਰੂ ਕੀਤੀ ਸੀ ਉਸ ਦੀ ਮਾਣ ਮਰਯਾਦਾ ਹਰ ਹੀਲੇ ਕਾਇਮ ਰਹਿਣੀ ਚਾਹੀਦੀ ਹੈ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਰਣਜੋਧ ਸਿੰਘ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਜੱਸਾ ਸਿੰਘ ਤਲਵੰਡੀ, ਬਾਬਾ ਮੱਘਰ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੇਲ ਸਿੰਘ ਯੂ.ਕੇ, ਬਾਬਾ ਸੁਪ੍ਰੀਤ ਸਿੰਘ ਗਤਕਾ ਮਾਸਟਰ, ਭਾਈ ਅਰਸ਼ਦੀਪ ਸਿੰਘ ਪਥਰਾਲਾ, ਬਾਬਾ ਰਣਜੋਧ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ ਅਤੇ ਸਟੇਜ ਦੀ ਸੇਵਾ ਸਿੱਖ ਵਿਦਵਾਨ ਸ. ਭਗਵਾਨ ਸਿੰਘ ਜੌਹਲ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *