Headlines

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਗ਼ੀ ਆਗੂਆਂ ਦੀ ਫ਼ਰਜ਼ੀ ਭਰਤੀ ਪ੍ਰਕਿਰਿਆ ਦੀ ਸਖ਼ਤ ਆਲੋਚਨਾ

ਬਾਗ਼ੀ ਅਕਾਲੀਆਂ ਦਾ ਗੁੰਮਰਾਹਕੁੰਨ ਪ੍ਰਚਾਰ ਪੰਜਾਬ ਦੇ ਹਿੱਤਾਂ ਨੂੰ ਕਰ ਰਿਹੈ ਕਮਜ਼ੋਰ- ਬ੍ਰਹਮਪੁਰਾ,ਸ਼ੇਖ,ਸਤਨਾਮ ਸਿੰਘ ਚੋਹਲਾ-
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,13 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਉੱਘੇ ਅਕਾਲੀ ਆਗੂਆਂ ਜਥੇ.ਦਲਬੀਰ ਸਿੰਘ ਜਹਾਂਗੀਰ,ਗੁਰਸੇਵਕ ਸਿੰਘ ਸ਼ੇਖ ਅਤੇ ਸਤਨਾਮ ਸਿੰਘ ਚੋਹਲਾ ਸਾਹਿਬ ਸਮੇਤ,ਬਾਗ਼ੀ ਅਕਾਲੀ ਆਗੂਆਂ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਦੀ ਸਾਂਝੇ ਤੌਰ ‘ਤੇ ਸਖ਼ਤ ਨਿੰਦਾ ਕੀਤੀ ਹੈ।
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਹਲਾ ਸਾਹਿਬ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਬਾਗੀ ਅਕਾਲੀ ਦਲ ਦੇ ਧੜਿਆਂ ਦੀ ਜ਼ੋਰਦਾਰ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਧੋਖੇਬਾਜ਼ ਪ੍ਰਚਾਰ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਰੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਅਧਿਕਾਰਤ ਭਰਤੀ ਪ੍ਰਕਿਰਿਆ ਸਥਾਪਤ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ, ਜਦੋਂ ਕਿ ਬਾਗ਼ੀ ਧੜਾ 7 ਮੈਂਬਰੀ ਕਮੇਟੀ ਦੀ ਬਜਾਏ ਆਪੇ ਬਣਾਈਂ 5 ਮੈਂਬਰੀ ਭਰਤੀ ਕਮੇਟੀ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਭਰਤੀ ਕਰ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਗ਼ਲਤ ਹੈ।ਇਹ ਗ਼ਲਤ ਬਿਆਨਬਾਜ਼ੀ ਨਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ ਸਗੋਂ ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਦੀ ਵੀ ਧੱਜੀਆਂ ਉਡਾ ਰਹੀ ਹੈ,ਜਿਸ ਕਾਰਨ ਆਗੂਆਂ ਨੇ ਬਾਗੀ ਧੜੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ।ਉਨ੍ਹਾਂ ਨੇ ਪਾਰਦਰਸ਼ੀ ਸੰਚਾਰ ਦੀ ਘਾਟ ਨੂੰ ਉਜਾਗਰ ਕੀਤਾ,ਕਿਉਂਕਿ ਭਰਤੀ ਨੋਟੀਫਿਕੇਸ਼ਨ ਵਿੱਚ ਨਾ ਹੀ ਕੋਈ ਫ਼ੋਨ ਨੰਬਰ,ਨਾ ਹੀ ਕੋਈ ਐਡਰੈੱਸ ਵੇਰਵੇ ਸ਼ਾਮਲ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਇੱਕ ਗੁਮਰਾਹਕੁਨ ਪ੍ਰਚਾਰ ਜ਼ਰੀਏ ਮੂਰਖ਼ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਜਾਇਜ਼ ਹੈ ਤਾਂ ਬਾਗ਼ੀ ਧੜੇ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਭਰਤੀ ਪ੍ਰਕਿਰਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਹੈ।ਉਨ੍ਹਾਂ ਬਾਗ਼ੀ ਆਗੂਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਹ ਸਿੱਖਾਂ ਦੇ ਸਰਵਉੱਚ ਸਥਾਨ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਤਾਂ 5 ਮੈਂਬਰੀ ਭਰਤੀ ਕਮੇਟੀ ਸਲਿੱਪ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਕਿਉਂ ਨਹੀਂ ਕਰ ਰਹੀ।ਉਨ੍ਹਾਂ ਕਿਹਾ ਕਿ ਬਾਗੀ ਧੜੇ ਵੱਲੋਂ ਅਜਿਹਾ ਨਾ ਕਰਨਾ ਸਿਰਫ਼ ਆਪਣੇ ਨਿੱਜੀ ਰਾਜਨੀਤਿਕ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਦੁਨੀਆ ਭਰ ਦੇ ਸਿੱਖਾਂ ਨੂੰ ਗੁੰਮਰਾਹ ਕਰਨਾ ਹੀ ਮਕਸਦ ਹੈ।ਉਨ੍ਹਾਂ ਕਿਹਾ ਕਿ ਲੋਕ ਬਾਗ਼ੀ ਅਕਾਲੀ ਧੜੇ ਦੇ ਰਾਜਨੀਤਿਕ ਹਿੱਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਧਰਮ ਦੀ ਆੜ ਵਿੱਚ ਕੋਈ ਭਲਾਈ ਕਰਨ ਦੀ ਬਜਾਏ, ਉਹ ਸਿਰਫ਼ ਸਮੁੱਚੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ,ਬਾਗ਼ੀ ਧੜਾ ਇਹ ਵੀ ਜਾਣਦਾ ਹੈ ਕਿ ਜੇਕਰ ਉਹ ਧਰਮ ਦੀ ਆੜ ‘ਚ ਭਰਤੀ ਸਲਿਪ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਕਰਦੇ ਹਨ,ਤਾਂ ਭਾਰਤ ਦਾ ਚੋਣ ਕਮਿਸ਼ਨ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਲਈ ਮਾਨਤਾ ਨਹੀਂ ਦੇਵੇਗਾ।ਇਸ ਲਈ ਬਾਗੀਆਂ ਨੂੰ ਪੂਰੀ ਦੁਨੀਆ ਵਿੱਚ ਗੁੰਮਰਾਹਕੁੰਨ ਪ੍ਰਚਾਰ ਫੈਲਾਉਣਾ ਬੰਦ ਕਰਨਾ ਚਾਹੀਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਸ ਗਿਣੀ-ਮਿਥੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਅਜਿਹੀਆਂ ਚਾਲਾਂ ਜਾਰੀ ਰਹੀਆਂ ਤਾਂ ਉਹ ਤੁਰੰਤ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਹਨ।
ਕੈਪਸ਼ਨ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਗੁਰਸੇਵਕ ਸਿੰਘ ਸ਼ੇਖ ਅਤੇ ਸਤਨਾਮ ਸਿੰਘ ਚੋਹਲਾ ਸਾਹਿਬ ਮੀਡੀਆ ਨਾਲ ਗੱਲਬਾਤ ਕਰਦੇ ਹੋਏ।ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

Leave a Reply

Your email address will not be published. Required fields are marked *