Headlines

ਮਾਰਕ ਕਾਰਨੀ ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

37 ਮੈਂਬਰੀ ਨਵੀਂ ਕੈਬਨਿਟ ਨੇ ਵੀ ਹਲਫ ਲਿਆ-ਭਾਰਤੀ ਮੂਲ ਦੀ ਕਮਲ ਖਹਿਰਾ ਸਿਹਤ ਮੰਤਰੀ, ਫਰੀਲੈਂਡ ਨੂੰ ਟਰਾਂਸਪੋਰਟ ਮੰਤਰੀ ਤੇ ਰੇਚਲ ਨੂੰ ਇਮੀਗ੍ਰੇਸ਼ਨ ਮੰਤਰੀ ਬਣਾਇਆ-

ਕਾਰਬਨ ਟੈਕਸ ਹਟਾਉਣ ਦਾ ਐਲਾਨ-
ਓਟਾਵਾ (ਬਲਜਿੰਦਰ ਸੇਖਾ ) -ਨਵੇਂ ਚੁਣੇ ਗਏ ਲਿਬਰਲ ਆਗੂ ਮਾਰਕ ਕਾਰਨੀ ਨੇ ਬੀਤੇ ਦਿਨ ਰੀਡੋ ਹਾਲ ਵਿਖੇ ਇੱਕ ਸਹੁੰ ਚੁੱਕ ਸਮਾਗਮ ਦੌਰਾਨ  ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ।
ਦੋ ਵਾਰ ਕੇਂਦਰੀ ਬੈਂਕ ਦੇ ਮੁਖੀ ਰਹਿਣ ਵਾਲੇ 59 ਸਾਲਾ ਕਾਰਨੀ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਕਦੇ ਵੀ ਚੋਣ ਨਹੀ ਲੜੀ। ਉਹਨਾਂ  ਜਸਟਿਨ ਟਰੂਡੋ ਦੀ ਥਾਂ ਲਈ ਹੈ ਜੋ ਨੌਂ ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਸਨ। ਮਿਸਟਰ ਕਾਰਨੀ ਨੇ ਪਿਛਲੇ ਐਤਵਾਰ ਨੂੰ ਲਿਬਰਲ ਲੀਡਰਸ਼ਿਪ ਦੀ ਚੋਣ ਵਿਚ ਭਾਰੀ ਜਿੱਤ ਪ੍ਰਾਪਤ ਕੀਤੀ।
ਉਸ ਦੀ ਨਵੀਂ ਕੈਬਨਿਟ ਵੱਲੋਂ ਕਾਰਬਨ ਟੈਕਸ ਹਟਾਉਣ ਦਾ ਲਿਆ ਗਿਆ ਪਹਿਲਾ ਫੈਸਲਾ ਹੈ ਜਿਸ ਬਾਰੇ ਉਹਨਾਂ ਆਪਣੀ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ।

ਉਹਨਾਂ ਅਮਰੀਕਾ ਨਾਲ ਵਪਾਰਕ ਯੁੱਧ ਰਾਹੀਂ ਕੈਨੇਡਾ ਨੂੰ ਚਲਾਉਣ ਅਤੇ ਅੰਤਰਰਾਸ਼ਟਰੀ ਵਪਾਰਕ ਰੁਕਾਵਟਾਂ ਨੂੰ ਤੋੜ ਕੇ, ਗਲੋਬਲ ਬਾਜ਼ਾਰਾਂ ਤੱਕ ਤੇਲ ਅਤੇ ਕੁਦਰਤੀ ਗੈਸ ਪ੍ਰਾਪਤ ਕਰਨ ਅਤੇ ਵਪਾਰ ਵਿੱਚ ਵਿਭਿੰਨਤਾ ਲਿਆ ਕੇ ਮੁਲਕ ਦੀ ਆਰਥਿਕਤਾ ਨੂੰ ਵਧਾਉਣ ਦਾ ਵਾਅਦਾ ਕੀਤਾ ਹੈ। ਅਮਰੀਕਾ ਵਲੋਂ ਭਾਰੀ ਟੈਰਿਫ ਲਗਾਏ ਜਾਣ ਅਤੇ ਟਰੇਡ ਯੁਧ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵ੍ਹਾਈਟ ਹਾਊਸ ਜਾਣ ਦੀ ਕੋਈ ਯੋਜਨਾ ਨਹੀਂ ਹੈ ਪਰ ਰਾਸ਼ਟਰਪਤੀ ਟਰੰਪ ਨਾਲ ਜਲਦੀ ਹੀ ਗੱਲ ਕਰਨ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਕਾਰਨੀ ਦੇ ਨਾਲ 13 ਪੁਰਸ਼ਾਂ ਅਤੇ 11 ਔਰਤਾਂ ਵਾਲੀ 37 ਮੈਂਬਰੀ ਨਵੀਂ ਕੈਬਨਿਟ ਨੇ ਵੀ ਸਹੁੰ ਚੁੱਕੀ। ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਨੂੰ ਇਨੋਵੇਸ਼ਨ ਮੰਤਰੀ ਤੋਂ ਵਿੱਤ ਮੰਤਰੀ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਅਹੁਦਾ ਡੋਮਿਨਿਕ ਲੇਬਲੈਂਕ ਕੋਲ ਸੀ, ਜੋ ਹੁਣ ਯੂਐਸ ਮਾਮਲਿਆਂ ਲਈ ਵਿਸ਼ੇਸ਼ ਜ਼ਿੰਮੇਵਾਰੀ ਦੇ ਨਾਲ ਅੰਤਰਰਾਸ਼ਟਰੀ ਵਪਾਰ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਬਣ ਗਏ ਹਨ।
ਡੇਵਿਡ ਮੈਕਗਿੰਟੀ ਪਬਲਿਕ ਸੇਫਟੀ ਮੰਤਰੀ ਦੇ ਅਹੁਦੇ ‘ਤੇ ਰਹੇਗਾ ਅਤੇ ਕੈਨੇਡਾ-ਅਮਰੀਕਾ ਸਬੰਧਾਂ ਅਤੇ ਫੈਂਟਾਨਿਲ ਦੀ ਤਸਕਰੀ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਸਰਹੱਦੀ ਕਾਰਵਾਈ ਨੂੰ ਸੰਭਾਲਣ ਵਾਲੇ ਮੰਤਰੀਆਂ ਦੀ ਤਿਕੜੀ ਨਾਲ ਮੁੱਖ ਭੂਮਿਕਾ ਨਿਭਾਏਗਾ।
ਲਿਬਰਲ ਲੀਡਰਸ਼ਿਪ ਉਮੀਦਵਾਰ ਕ੍ਰਿਸਟੀਆ ਫ੍ਰੀਲੈਂਡ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਸਾਬਕਾ ਹਾਊਸ ਲੀਡਰ ਕਰੀਨਾ ਗੋਲਡ, ਜੋ ਲੀਡਰਸ਼ਿਪ ਦੀ ਦੌੜ ਵਿੱਚ ਤੀਜੇ ਨੰਬਰ ‘ਤੇ ਆਈ ਸੀ, ਨੂੰ ਮੰਤਰੀ ਮੰਡਲ ਵਿੱਚ ਨਹੀ ਲਿਆ ਗਿਆ।

ਅਨੀਤਾ ਆਨੰਦ, ਜਿਸ ਨੇ ਰਾਜਨੀਤੀ ਛੱਡਣ ਦੀ ਯੋਜਨਾ ਬਣਾਈ ਸੀ ਪਰ ਮਿਸਟਰ ਕਾਰਨੀ ਦੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਮਨ ਬਦਲ ਲਿਆ, ਨੂੰ ਟ੍ਰਾਂਸਪੋਰਟ ਤੋਂ ਇਨੋਵੇਸ਼ਨ ਵਿਭਾਗ ਦਿੱਤਾ ਗਿਆ ਹੈ।

ਟੈਰੀ ਡੁਗੁਇਡ ਨੂੰ ਵਾਤਾਵਰਣ ਮੰਤਰੀ ਜਦੋਂ ਕਿ ਮਾਂਟਰੀਅਲ ਤੋਂ ਰੇਚਲ ਬੇਨਡੇਅਨ ਨਵੇਂ ਇਮੀਗ੍ਰੇਸ਼ਨ ਮੰਤਰੀ ਬਣਾਏ ਗਏ ਹਨ। ਉਹ ਮਾਰਕ ਮਿਲਰ ਦੀ ਥਾਂ ਲਵੇਗੀ ਜਿਸ ਨੂੰ ਟਰੂਡੋ ਦੇ ਕਈ ਹੋਰ ਮੰਤਰੀਆਂ ਦੇ ਨਾਲ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਮੰਤਰੀ ਮੰਡਲ ਵਿੱਚ ਕੁਝ ਨਵੇਂ ਚਿਹਰੇ ਨੋਵਾ ਸਕੋਸ਼ੀਆ ਦੇ ਐਮਪੀ ਕੋਡੀ ਬਲੋਇਸ ਹਨ, ਜੋ ਖੇਤੀਬਾੜੀ ਨੂੰ ਸੰਭਾਲਣਗੇ। ਟੋਰਾਂਟੋ ਦੇ ਐਮ ਪੀ ਅਲੀ ਅਹਿਸਾਸੀ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਉਰਮੈਂਟ ਦੇ ਮੁਖੀ ਹੋਣਗੇ। ਕਮਲ ਖਹਿਰਾ ਨੂੰ  ਸਿਹਤ ਮੰਤਰੀ ਬਣਾਇਆ ਗਿਆ ਹੈ।

ਰੱਖਿਆ ਮੰਤਰੀ ਬਿਲ ਬਲੇਅਰ, ਖਜ਼ਾਨਾ ਬੋਰਡ ਦੇ ਪ੍ਰਧਾਨ ਜਿਨੇਟ ਪੇਟੀਪਾਸ ਟੇਲਰ, ਸਵਦੇਸ਼ੀ ਸੇਵਾਵਾਂ ਮੰਤਰੀ ਪੈਟੀ ਹਾਜਡੂ, ਕੁਦਰਤੀ ਸਰੋਤ ਮੰਤਰੀ ਜੋਨਾਥਨ ਵਿਲਕਿਨਸਨ, ਰੁਜ਼ਗਾਰ ਮੰਤਰੀ ਸਟੀਵਨ ਮੈਕਕਿਨਨ ਅਤੇ ਹਾਊਸਿੰਗ ਮੰਤਰੀ ਨੈਟ ਏਰਸਕਾਈਨ-ਸਮਿਥ ਨੂੰ ਪੁਰਾਣੇ ਮਹਿਕਮੇ ਹੀ ਦਿੱਤੇ ਗਏ ਹਨ।

Leave a Reply

Your email address will not be published. Required fields are marked *