ਜਗਦੀਪ ਨੂਰਾਨੀ ਦੀ ਪੁਸਤਕ ਲੋਕ ਅਰਪਿਤ-
ਸਰੀ (ਰੂਪਿੰਦਰ ਖਹਿਰਾ ਰੂਪੀ )-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਸੀਨੀਅਰ ਸੈਂਟਰ ਵਿਖੇ ਹੋਈ । ਇਹ ਸਮਾਗਮ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਿਹਾ ਅਤੇ ਪੁਸਤਕ “ਇੰਡੀਕਾ” ਦਾ ਲੋਕ ਅਰਪਣ ਕੀਤਾ ਗਿਆ । ਜਿਸ ਦਾ ਅਨੁਵਾਦ ਮਹਿਮਾਨ ਸ਼ਾਇਰਾ ਜਗਦੀਪ ਨੂਰਾਨੀ ਦੁਆਰਾ ਕੀਤਾ ਗਿਆ ਸੀ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਨਿਭਾਇਆ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ , ਦਰਸ਼ਨ ਸਿੰਘ ਸੰਘਾ ਅਤੇ ਲੇਖਿਕਾ ਜਗਦੀਪ ਨੂਰਾਨੀ ਸੁਸ਼ੋਭਿਤ ਹੋਏ ।
ਸ਼ੋਕ ਮਤੇ ਵਿੱਚ ਜਰਨੈਲ ਸਿੰਘ ਆਰਟਿਸਟ , ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਅਤੇ ਲੇਖਿਕਾ ਅੰਮ੍ਰਿਤ ਕੌਰ ਮਾਨ, ਢਾਡੀ ਕੁਲਜੀਤ ਸਿੰਘ ਦਿਲਬਰ ,ਐਬਸਫੋਰਡ ਨਿਵਾਸੀ ਭਾਈ ਹਰਪਾਲ ਸਿੰਘ ਲੱਖਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ।
ਸਹਾਇਕ ਸਕੱਤਰ ਦਰਸ਼ਨ ਸਿੰਘ ਸੰਘਾ ਵੱਲੋਂ “2025 ਦੇ ਸਰਵੋਤਮ ਸਾਹਿਤਕਾਰ ਐਵਾਰਡ” ਲਈ ਪ੍ਰਸਿੱਧ ਸ਼ਾਇਰ ਕੁਵਿੰਦਰ ਚਾਂਦ ਦਾ ਨਾਮ ਐਲਾਨਿਆ ਗਿਆ । ਉਪਰੰਤ ਕੁਝ ਬੁਲਾਰਿਆਂ ਤੋਂ ਬਾਅਦ ਬੋਰਡ ਮੈਂਬਰਾਂ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਪੁਸਤਕ “ਇੰਡੀਕਾ” ਰਿਲੀਜ਼ ਕੀਤੀ ਗਈ । ਪੁਸਤਕ ਬਾਰੇ ਪ੍ਰਧਾਨ ਪ੍ਰਿਤਪਾਲ ਗਿੱਲ, ਪ੍ਰੋ: ਕਸ਼ਮੀਰਾ ਸਿੰਘ ਅਤੇ ਡਾ: ਦਵਿੰਦਰ ਕੌਰ ਵੱਲੋਂ ਵਿਸਥਾਰ ਸਹਿਤ ਪਰਚੇ ਪੜ੍ਹੇ ਗਏ ।ਲੇਖਿਕਾ ਨੇ ਆਪਣੀ ਅਨੁਵਾਦ ਕੀਤੀ ਪੁਸਤਕ ਬਾਰੇ ਸੰਖੇਪ ਸਹਿਤ ਜਾਣਕਾਰੀ ਸਾਂਝੀ ਕੀਤੀ । ਲੇਖਿਕਾ ਜਗਦੀਪ ਕੌਰ ਨੂਰਾਨੀ ਨੂੰ ਸਭ ਵੱਲੋਂ ਸਨਮਾਨਿਤ ਕੀਤਾ ਗਿਆ ।