ਚੌਕ ਮਹਿਤਾ / ਅੰਮ੍ਰਿਤਸਰ 19 ਮਾਰਚ (ਲਾਂਬਾ, ਭੰਗੂ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਵੀਂ ਨਿਯੁਕਤੀ ਰੱਦ ਕਰਨ ਅਤੇ ਪੁਰਾਣਿਆਂ ਦੀ ਬਹਾਲੀ ਲਈ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ, ਸ੍ਰੀ ਅੰਮ੍ਰਿਤਸਰ ਪਹੁੰਚਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਪ੍ਰਤੀ ਪੰਥ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਅਟੱਲ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਦੌਰਾਨ ਉਲੀਕੇ ਗਏ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਸਿੱਖ ਸੰਗਤਾਂ ਨੂੰ ਰੋਸ ਧਰਨੇ ਵਾਲੇ ਵੱਡੇ ਪੰਥਕ ਇਕੱਠ ਵਿਚ ਹੁਮ ਹੁਮਾ ਕੇ ਅਤੇ ਕੇਸਰੀ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਪੰਜਾਬ ਦੇ ਕੋਨੇ ਕੋਨੇ ਦੇ ਵਿੱਚੋਂ ਗੱਡੀਆਂ ਕਾਰਾਂ ਨਾਲ ਕਾਫ਼ਲਿਆਂ ਦੇ ਰੂਪ ਵਿੱਚ ਵਹੀਰਾਂ ਘਤ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੋਲਡਨ ਗੇਟ ਵਿਖੇ 11 ਵਜੇ ਤੋਂ ਪਹਿਲਾਂ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉੱਥੋਂ 12 ਵਜੇ ਸੰਤ ਸਮਾਜ ਦੇ ਮਹਾਂਪੁਰਖ, ਨਿਹੰਗ ਸਿੰਘ ਜਥੇਬੰਦੀਆਂ ਨਾਲ ਕਾਫ਼ਲੇ ਦੇ ਰੂਪ ਵਿਚ ਪਰ ਸ਼ਾਂਤਮਈ ਤਰੀਕੇ ਸ਼੍ਰੋਮਣੀ ਕਮੇਟੀ ਦਫ਼ਤਰ ਸ. ਤੇਜਾ ਸਿੰਘ ਸਮੁੰਦਰੀ ਹਾਲ, ਪਹੁੰਚਿਆ ਜਾਵੇਗਾ। ਜਿੱਥੇ ਬਜਟ ਇਜਲਾਸ ’ਚ ਸ਼ਾਮਿਲ ਹੋਣ ਆਏ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਵੇਗਾ ਕਿ ਉਹ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰਾਂ ਬਾਰੇ ਲਏ ਗਏ ਗ਼ਲਤ ਤੇ ਪੰਥ ਵਿਰੋਧੀ ਫ਼ੈਸਲੇ ਨੂੰ ਬਦਲਣ ਲਈ ਇਕ ਸੁਰ ਹੋਣ ਅਤੇ ਮਨ ਮਰਜ਼ੀ ਨਾਲ ਹਟਾਏ ਜਥੇਦਾਰਾਂ ਨੂੰ ਮੁੜ ਬਹਾਲ ਕਰਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸ਼ਮੂਲੀਅਤ ਅਤੇ ਸੁਵਿਧਾਵਾਂ ਵਾਸਤੇ ਵੱਖ-ਵੱਖ ਇਲਾਕਿਆਂ ਵਿੱਚੋਂ ਸਿੰਘਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨਾਂ ਨੂੰ ਲਵਾਉਣ ਅਤੇ ਸੇਵਾ ਮੁਕਤੀ ਜਾਂ ਵਿਦਾਇਗੀ ਦੇਣ ਲਈ ਸਨਮਾਨ ਜਨਕ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਹੈ। ਜਿਸ ਦੀ ਮੰਗ ਸ਼੍ਰੋਮਣੀ ਕਮੇਟੀ ਅੱਗੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਦਿੱਲੀ, ਰਾਜਸਥਾਨ , ਹਰਿਆਣਾ ਤੋਂ ਇਲਾਵਾ ਮਹਾਂਰਾਸ਼ਟਰ ਤੋਂ ਵੀ ਸੰਗਤਾਂ ਆਪੋ ਆਪਣੇ ਸਾਧਨਾਂ ਰਾਹੀਂ ਪਹੁੰਚਣ ਵਾਸਤੇ ਤਿਆਰ ਬਰ ਤਿਆਰ ਬੈਠੀਆਂ ਹਨ। ਪਰ ਅੰਮ੍ਰਿਤਸਰ ਦੀਆਂ ਸੰਗਤਾਂ ਦੀ ਵਿਸ਼ੇਸ਼ ਸ਼ਮੂਲੀਅਤ ਹੋਣੀ ਚਾਹੀਦੀ ਹੈ ਅਤੇ ਸ਼ਹਿਰ ਦੀ ਸੰਗਤ ਨੂੰ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਦਾ ਸਨਮਾਨ ਵੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਪ੍ਰੋਗਰਾਮ ਪੂਰਨ ਰੂਪ ਦੇ ਵਿੱਚ ਸ਼ਾਂਤਮਈ ਹੋਏਗਾ । ਉਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਖ਼ਾਲਸਾ ਦੀਵਾਨ, ਸਿੱਖ ਜਥੇਬੰਦੀਆਂ, ਸਿੱਖ ਫੈਡਰੇਸ਼ਨਾਂ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਪੁਰਜ਼ੋਰ ਸ਼ਮੂਲੀਅਤ ਦੀ ਅਪੀਲ ਕੀਤੀ।
ਹਿਮਾਚਲ ’ਚ ਨਿਸ਼ਾਨ ਸਾਹਿਬ ਅਤੇ ਸੰਤਾਂ ਦੀ ਤਸਵੀਰ ਦਾ ਅਪਮਾਨ ਕਰਨ ਵਾਲੇ ਅਨਸਰ ਬਾਜ ਆਉਣ
ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਹਿਮਾਚਲ ਪੁਲਿਸ ਅਤੇ ਸਰਕਾਰ ਨੂੰ ਸਿੱਖੀ ਦੇ ਨਿਸ਼ਾਨ ਸਾਹਿਬ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੇ ਝੰਡਿਆਂ ਦਾ ਨਿਰਾਦਰ ਕਰਨ ਅਤੇ ਪੰਜਾਬ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨੂੰ ਜਾ ਰਹੇ ਨੌਜਵਾਨ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲਿਆ।
ਉਨ੍ਹਾਂ ਕਿਹਾ ਕਿ ਹਿਮਾਚਲ ਦੀ ਸਰਕਾਰ ਨੇ ਸਿੱਖ ਨੌਜਵਾਨ ਨਾਲ ਧੱਕੇਸ਼ਾਹੀ ਕਰਨ ਵਾਲੇ ਸਥਾਨਕ ਵਸਨੀਕਾਂ ਅਤੇ ਪੁਲੀਸ ਅਧਿਕਾਰੀਆਂ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਲਟਾ ਪੰਜਾਬ ਦੇ ਨੌਜਵਾਨਾਂ ’ਤੇ ਪਰਚੇ ਕਰਕੇ ਵੱਡੀ ਧੱਕੇਸ਼ਾਹੀ ਕੀਤੀ ਹੈ। ਜਿਸ ਦੀ ਮੈਂ ਭਰਪੂਰ ਨਿੰਦਿਆ ਕਰਦਾ ਹਾਂ ਔਰ ਹਿਮਾਚਲ ਸਰਕਾਰ ਨੂੰ ਸਾੜਨਾ ਕਰਦਾ ਇਹੋ ਜਿਹੇ ਮਾਹੌਲ ਨੂੰ ਭੜਕਾਉਣ ਦਾ ਯਤਨ ਨਾ ਕਰਨ, ਦੇਸ਼ ਦੇ ਵਿੱਚ ਹਰ ਇੱਕ ਨੂੰ ਦੇਸ਼ ਵਿੱਚ ਹਰ ਨਾਗਰਿਕ ਬਰਾਬਰਤਾ ਦਾ ਅਧਿਕਾਰ ਰੱਖਦਾ ਹੈ। ਬਾਕੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਕੌਮ ਦੀ ਧਾਰਮਿਕ ਸ਼ਖ਼ਸੀਅਤ ਸੀ। ਉਹਨਾਂ ਨੇ ਕੌਮ ਦੇ ਹੱਕਾਂ ਲਈ ਜੰਗ ਲੜੀ। ਦੂਜੀ ਗੱਲ ਉਹਨਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ । ਉਹਨਾਂ ਨੇ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਦਾ ਵੀ ਸਤਿਕਾਰ ਕੀਤਾ। ਕੁਝ ਵਿਅਕਤੀ ਉਹਨਾਂ ਦੀ ਸ਼ਖ਼ਸੀਅਤ ਪ੍ਰਤੀ ਨਫ਼ਰਤ ਤੇ ਕੂੜ ਨਾਲ ਭਰਿਆ ਪ੍ਰਚਾਰ ਕਰ ਰਹੇ ਹਨ। ਜਿਹੜੀ ਸ਼ਖ਼ਸੀਅਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਪਵਿੱਤਰ ਯਾਦਗਾਰ ਗੁਰ ਅਸਥਾਨ ਬਣ ਚੁੱਕੇ ਹੈ, ਜਿੱਥੇ ਹਰ ਪ੍ਰਾਣੀ ਮਾਤਰ ਜਾ ਕੇ ਨਤਮਸਤਕ ਹੁੰਦਾ ਹੈ। ਉਹ ਸਿੱਖਾਂ ਲਈ ਹਮੇਸ਼ਾ ਹੀ ਸਰਬ ਪ੍ਰਵਾਨਿਤ ਔਰ ਹਰ ਸਿੱਖ ਦਾ ਸਿਰ ਉਹਨਾਂ ਵੀ ਕੁਰਬਾਨੀ ਅੱਗੇ ਝੁਕਦਾ ਹੈ।
ਉਨ੍ਹਾਂ ਹਿਮਾਚਲ ਸਰਕਾਰ ਨੂੰ ਹਾਲਾਤ ਖ਼ਰਾਬ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਗੁਆਂਢੀ ਰਾਜ ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਸਭ ਦਾ ਪੰਜਾਬ ਨਾਲ ਗਹਿਰੇ ਰਿਸ਼ਤੇ ਹਨ। ਜਿੱਥੇ ਗੁਰੂ ਦੇ ਸਿੱਖ ਗੁਰਧਾਮਾਂ ਦੀ ਯਾਤਰਾ ਕਰਨ ਜਾਂਦਾ ਹਨ ਜਾਂ ਪਹਾੜਾਂ ਦੇ ਵਿੱਚ ਕਈ ਵਾਰੀ ਸੈਰ ਕਰਨ ਵੀ ਜਾਂਦੇ ਹਨ। ਉਹਨਾਂ ਨੂੰ ਬਿਨਾਂ ਰੋਕ ਟੋਕ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ। ਹਿਮਾਚਲ ਵਾਲਿਆਂ ਨੂੰ ਇਨ੍ਹਾਂ ਹਰਕਤ ਤੋਂ ਬਾਜ ਆਉਣ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਵਿੱਚ ਬਹੁਤ ਰੋਸ ਹੈ । ਮੈਂ ਮੁੱਖ ਮੰਤਰੀ ਹਿਮਾਚਲ ਦੇ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਅਫ਼ਸਰਾਂ ਨੇ ਸਿੱਖ ਅਤੇ ਪੰਜਾਬ ਦੇ ਨੌਜਵਾਨਾਂ ’ਤੇ ਪਰਚੇ ਕੀਤੇ ਹਨ, ਉਹ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਹਿਮਾਚਲ ਦੇ ਮੁੱਖ ਮੰਤਰੀ ਨਾਲ ਇਹ ਗੱਲ ਕਰੇ, ਨਾ ਕੇਵਲ ਹਿਮਾਚਲ ਦੇ ਵਾਹਨਾਂ ਦੀ ਸੁਰੱਖਿਆ ਲਈ ਪੁਲਿਸ ਮੁਹੱਈਆ ਕਰਾਈ ਜਾਵੇ ।