ਬਾਂਦਰਾ ਅਦਾਲਤ ਨੇ ਦਿੱਤੀ ਮਨਜ਼ੂਰੀ
ਮੁੰਬਈ, 20 ਮਾਰਚ
ਇੱਥੋਂ ਦੀ ਫੈਮਿਲੀ ਕੋਰਟ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਉਸ ਦੀ ਵੱਖ ਰਹਿ ਰਹੀ ਪਤਨੀ ਧਨਸ੍ਰੀ ਵਰਮਾ ਵੱਲੋਂ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਨ ਵਾਲੀ ਸਾਂਝੀ ਪਟੀਸ਼ਨ ਮਨਜ਼ੂਰ ਕਰ ਲਈ। ਇਸ ਤੋਂ ਪਹਿਲਾਂ ਇਹ ਦੋਵੇਂ ਅੱਜ ਬਾਂਦਰਾ ਦੀ ਅਦਾਲਤ ਵਿੱਚ ਪੇਸ਼ ਹੋਏ। ਚਾਹਲ ਦੇ ਵਕੀਲ ਨਿਤਿਨ ਗੁਪਤਾ ਨੇ ਕਿਹਾ ਕਿ ਅਦਾਲਤ ਨੇ ਤਲਾਕ ਦੀ ਸਾਂਝੀ ਪਟੀਸ਼ਨ ’ਤੇ ਫੈਸਲਾ ਸੁਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਚਾਹਲ ਅਤੇ ਧਨਸ੍ਰੀ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ। ਉਨ੍ਹਾਂ ਦੀ ਪਟੀਸ਼ਨ ਅਨੁਸਾਰ ਉਹ ਜੂਨ 2022 ਵਿੱਚ ਵੱਖ ਹੋ ਗਏ ਸਨ। ਉਨ੍ਹਾਂ ਨੇ ਪੰਜ ਫਰਵਰੀ ਨੂੰ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਦੇ ਹੋਏ ਫੈਮਿਲੀ ਕੋਰਟ ਵਿੱਚ ਇੱਕ ਸਾਂਝੀ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਬੰਬੇ ਹਾਈ ਕੋਰਟ ਨੇ ਫੈਮਿਲੀ ਕੋਰਟ ਨੂੰ 20 ਮਾਰਚ ਤੱਕ ਤਲਾਕ ਦੀ ਅਰਜ਼ੀ ’ਤੇ ਫੈਸਲਾ ਲੈਣ ਲਈ ਕਿਹਾ ਸੀ ਕਿਉਂਕਿ ਚਾਹਲ ਬਾਅਦ ਵਿੱਚ ਸੁਣਵਾਈ ਲਈ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਹ ਆਉਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਆਈਪੀਐੱਲ ਟੀ-20 ਕ੍ਰਿਕਟ ਟੂਰਨਾਮੈਂਟ 22 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਚਾਹਲ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਹੈ। ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਹਿੰਦੂ ਮੈਰਿਜ ਐਕਟ ਤਹਿਤ ਤਲਾਕ ਦੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਨਿਰਧਾਰਤ ਛੇ ਮਹੀਨਿਆਂ ਦੇ ਕੂਲਿੰਗ ਪੀਰੀਅਡ ਨੂੰ ਵੀ ਮੁਆਫ ਕਰ ਦਿੱਤਾ ਸੀ।