ਪ੍ਰਧਾਨ ਮੰਤਰੀ ਕਾਰਨੀ ਵਲੋਂ ਅਰਥ ਵਿਵਸਥਾ ਦੇ ਮੁੜ ਨਿਰਮਾਣ ਤੇ ਮਜ਼ਬੂਤ ਕੈਨੇਡਾ ਲਈ ਫਤਵੇ ਦੀ ਮੰਗ-
ਗਵਰਨਰ ਜਨਰਲ ਨੂੰ ਮਿਲਕੇ ਹਾਊਸ ਆਫ ਕਾਮਨਜ਼ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ-
ਓਟਵਾ ( ਦੇ ਪ੍ਰ ਬਿ)- ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਵਰਨਰ-ਜਨਰਲ ਮੈਰੀ ਸਾਈਮਨ ਨੂੰ ਮਿਲਕੇ ਸੰਸਦ ਨੂੰ ਭੰਗ ਕਰਨ ਅਤੇ 28 ਅਪ੍ਰੈਲ ਨੂੰ ਅਚਨਚੇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਕਾਰਨੀ ਨੇ ਗਵਰਨਰ-ਜਨਰਲ ਨੂੰ ਮਿਲਣ ਤੋਂ ਬਾਅਦ ਰੀਡੋ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦੇ ਅਮਰੀਕਾ ਫਸਟ ਏਜੰਡੇ ਦਾ ਮੁਕਾਬਲਾ ਕਰਨ ਅਤੇ ਯੂ ਐਸ ਦੇ ਮੁਕਾਬਲੇ ਅਰਥਵਿਵਸਥਾ ਦੇ ਮੁੜ ਨਿਰਮਾਣ ਅਤੇ ਵਿਭਿੰਨਤਾ ਲਈ ਇੱਕ ਮਜ਼ਬੂਤ ਫਤਵੇ ਦੀ ਲੋੜ ਹੈ। ਉਹਨਾਂ ਹੋਰ ਕਿਹਾ ਕਿ “ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਨੂੰ ਖਤਰੇ ਕਾਰਨ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਸਾਡਾ ਜਵਾਬ ਇੱਕ ਮਜ਼ਬੂਤ ਆਰਥਿਕਤਾ ਅਤੇ ਇੱਕ ਵਧੇਰੇ ਸੁਰੱਖਿਅਤ ਕੈਨੇਡਾ ਬਣਾਉਣ ਲਈ ਹੋਣਾ ਚਾਹੀਦਾ ਹੈ।
ਉਹਨਾਂ ਰਾਸ਼ਟਰਪਤੀ ਟਰੰਪ ਦੀ ਇਸ ਲਈ ਆਲੋਚਨਾ ਕੀਤੀ ਕਿ ਕੈਨੇਡਾ ਅਸਲ ਵਿਚ ਕੋਈ ਦੇਸ਼ ਨਹੀਂ ਹੈ ਤੇ ਉਹ ਸਾਡੇ ਮੁਲਕ ਨੂੰ ਤੋੜਨਾ ਚਾਹੁੰਦਾ ਹੈ ਤਾਂ ਜੋ ਅਮਰੀਕੀ ਇਸਦੇ ਮਾਲਕ ਬਣ ਸਕਣ ਪਰ ਅਸੀਂ ਅਜਿਹਾ ਹਰਗਿਜ਼ ਨਹੀਂ ਹੋਣ ਦੇਵਾਂਗੇ। ਲਿਬਰਲ ਲੀਡਰ ਨੇ ਕੰਸਰਵੇਟਿਵ ਲੀਡਰ ਪੀਅਰ ਪੋਲੀਵਰ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਆਰਥਿਕ ਸੰਕਟ ਦੇ ਸਮੇਂ ਦੇਸ਼ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ। ਲਿਬਰਲਾਂ ਨੇ 2008 ਦੇ ਗਲੋਬਲ ਆਰਥਿਕ ਸੰਕਟ ਦੌਰਾਨ ਬੈਂਕ ਆਫ਼ ਕੈਨੇਡਾ ਦੇ ਗਵਰਨਰ ਅਤੇ ਬ੍ਰੈਕਸਿਟ ਦੌਰਾਨ ਬੈਂਕ ਆਫ਼ ਇੰਗਲੈਂਡ ਦੇ ਮੁਖੀ ਵਜੋਂ ਮਿਸਟਰ ਕਾਰਨੀ ਦੇ ਤਜ਼ਰਬੇ ਨੂੰ ਵੇਖਿਆ ਹੈ। ਉਹਨਾਂ ਇਸ ਮੌਕੇ ਵਿਰੋਧੀਆਂ ਵਲੋਂ ਫੈਲਾਈ ਜਾ ਰਹੀ ਨਾਕਾਰਤਮਕ ਸੋਚ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਕੁਝ ਕਰ ਨਹੀ ਸਕਦੇ ਤਾਂ ਨਾਕਾਰਤਮਕ ਪ੍ਰਚਾਰ ਕਰਨਾ ਬਹੁਤ ਸੌਖਾ ਹੈ।
ਲਿਬਰਲ ਇਹਨਾਂ ਚੋਣਾਂ ਵਿਚ ਚੌਥਾ ਵਾਰ ਲੋਕਾਂ ਦਾ ਫਤਵਾ ਮੰਗਣ ਜਾ ਰਹੇ ਹਨ। ਇਸਤੋਂ ਪਹਿਲਾਂ ਉਨ੍ਹਾਂ ਨੇ 2015 ਵਿੱਚ ਬਹੁਮਤ ਹਾਸਲ ਕੀਤਾ, ਫਿਰ 2019 ਅਤੇ 2021 ਵਿਚ ਜਿੱਤ ਪ੍ਰਾਪਤ ਕੀਤੀ ਪਰ ਘੱਟ ਗਿਣਤੀ ਸਰਕਾਰ ਬਣਾਈ।
ਮੌਜੂਦਾ ਭੰਗ ਹੋਈ ਸੰਸਦ ਵਿਚ ਲਿਬਰਲਾਂ ਕੋਲ 152 ਸੀਟਾਂ ਸਨ ਜਦੋਂਕਿ ਕੰਸਰਵੇਟਿਵ ਦੀਆਂ 120, ਬਲਾਕ ਕਿਊਬੈਕ ਦੀਆਂ 33, ਐਨ ਡੀ ਪੀ ਦੀਆਂ 24 ਅਤੇ ਗ੍ਰੀਨ ਪਾਰਟੀ ਦੀਆਂ 2 ਤੋਂ ਇਲਾਵਾ ਤਿੰਨ ਆਜ਼ਾਦ ਅਤੇ ਚਾਰ ਸੀਟਾਂ ਖਾਲੀ
ਇਸ ਵਾਰ, ਪਾਰਟੀਆਂ ਇੱਕ ਨਵੇਂ ਚੋਣ ਨਕਸ਼ੇ ਨਾਲ ਮੁਕਾਬਲਾ ਕਰਨਗੀਆਂ । ਓਨਟਾਰੀਓ ਅਤੇ ਬੀ.ਸੀ. ਵਿਚ ਇਸ ਵਾਰ ਇਕ ਇੱਕ ਸੀਟ ਵਾਧੂ ਹੈ ਜਦੋਂਕਿ ਅਲਬਰਟਾ ਵਿਚ ਤਿੰਨ ਸੀਟਾਂ ਵਧੀਆਂ ਹਨ। ਹੁਣ ਹਾਊਸ ਆਫ ਕਾਮਨਜ਼ ਦੀਆਂ ਪਹਿਲਾਂ ਦੀਆਂ 338 ਦੇ ਮੁਕਾਬਲੇ 343 ਸੀਟਾਂ ਹੋਣਗੀਆਂ।