ਬਰੈਂਪਟਨ ( ਸੇਖਾ)-
ਬਰੈਂਪਟਨ ਦੀ ਹੁਰਉਂਟਾਰੀਓ ਸਟਰੀਟ ਨੇੜੇ ਵੈਕਸਫੋਰਡ ਰੋਡ ਸਥਿਤ ਇੱਕ ਮਕਾਨ ਅਤੇ ਉਸ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਾਉਣ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲੀਸ ਨੇ ਇਹ ਖੁਲਾਸਾ ਕਰਦਿਆਂ ਤਿੰਨਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ (21), ਧਨੰਜੈ (23) ਤੇ ਗੌਰਵ ਕਟਾਰੀਆ (21) ਵਜੋਂ ਦੱਸੀ ਗਈ ਹੈ। ਇਹ ਤਿੰਨੇ ਜਣੇ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸਨ ਪਰ ਪੜ੍ਹਾਈ ਦੀ ਥਾਂ ਜੁਰਮਾਂ ਵਿੱਚ ਪੈ ਗਏ।
ਪੁਲੀਸ ਨੇ ਦੱਸਿਆ ਕਿ ਜਿਵੇਂ ਉਕਤ ਜਗ੍ਹਾ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਅੱਗ ਬੁਝਾਊ ਅਮਲਾ ਤੇ ਪੁਲੀਸ ਮੌਕੇ ’ਤੇ ਪਹੁੰਚੀ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਉਂਦਿਆਂ ਮਕਾਨ ਨੂੰ ਸੜਨ ਤੋਂ ਬਚਾ ਲਿਆ ਪਰ ਕਾਰ ਸੜ ਗਈ ਸੀ। ਪੁਲੀਸ ਨੇ ਘਟਨਾ ਸਥਾਨ ਦੇ ਨੇੜੇ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਦੇਖਿਆ ਤੇ ਪੁੱਛ-ਪੜਤਾਲ ਦੌਰਾਨ ਉਨ੍ਹਾਂ ਤੋਂ ਅੱਗ ਲਾਉਣ ਵਾਲਾ ਸਮਾਨ ਬਰਾਮਦ ਹੋ ਗਿਆ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਅੱਗ ਲਾਉਣ ਦੇ ਕਾਰਨ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਗਵਾਂਢ ਰਹਿੰਦੇ ਇੱਕ ਸੂਤਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਕਤ ਨੌਜਵਾਨ ਉਸੇ ਘਰ ’ਚ ਕਿਰਾਏ ’ਤੇ ਰਹਿੰਦੇ ਸਨ ਪਰ ਕਿਰਾਇਆ ਨਾ ਦੇਣ ਕਰਕੇ ਮਾਲਕ ਨੇ ਘਰ ਖਾਲੀ ਕਰਵਾ ਲਿਆ ਸੀ।