ਚਿੰਤਕਾਂ ਨੇ ਔਰਤਾਂ ਦੇ ਹੱਕਾਂ ਅਤੇ ਸ਼ਖ਼ਸੀ ਆਜ਼ਾਦੀ ਲਈ ਅਲਖ ਜਗਾਈ-
ਟੋਰਾਂਟੋ, 22 ਮਾਰਚ (ਡਾ. ਹਰਕੰਵਲ ਕੋਰਪਾਲ)- ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟੋਰਾਂਟੋ ਵੱਲੋਂ ਬੀਤੇ ਐਤਵਾਰ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਓਨਟਾਰੀਓ ਸੂਬੇ ਦੇ ਕਈ ਪ੍ਰਮੁੱਖ ਸਾਹਿਤਕਾਰਾਂ, ਬੁੱਧੀਜੀਵੀਆਂ, ਨਾਰੀਵਾਦੀ ਚਿੰਤਕਾਂ ਅਤੇ ਪੰਜਾਬੀ ਕਵੀਆਂ ਸਮੇਤ ਭਾਰਤ ਅਤੇ ਅਮਰੀਕਾ ਤੋਂ ਪੁੱਜੀਆਂ ਅਦਬੀ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ। ਬਰੈਂਪਟਨ ਦੇ ਬੋਵੇਰਡ ਡਰਾਈਵ ਸਥਿਤ ਹੋਮ ਲਾਈਫ਼ ਰੀਅਲ ਅਸਟੇਟ ਦੇ ਮੀਟਿੰਗ ਹਾਲ ਵਿੱਚ ਹੋਏ ਇਕ ਪ੍ਰਭਾਵਸ਼ਾਲੀ ਮਾਸਕ ਸਾਹਿਤਕ ਸਮਾਗਮ ਦੇ ਪਹਿਲੇ ਸੈਸ਼ਨ ਵਿਚ ‘ਕੌਮਾਂਤਰੀ ਔਰਤ ਦਿਵਸ ਦਾ ਮਹੱਤਵ ਅਤੇ ਅਜੋਕੇ ਸੰਦਰਭ ਵਿਚ ਔਰਤ ਦੀ ਵਰਤਮਾਨ ਸਥਿਤੀ’ ਦੇ ਵਿਸ਼ੇ ਉਪਰ ਹੋਏ ਸੈਮੀਨਾਰ ਦੌਰਾਨ ਔਰਤ ਦਿਵਸ ਦਾ ਇਤਿਹਾਸ ਤੇ ਇਸਦੀ ਸਮਕਾਲੀ ਪ੍ਰਾਸੰਗਕਤਾ; ਵੱਖ-ਵੱਖ ਖੇਤਰਾਂ ਵਿਚ ਔਰਤਾਂ ਦੀਆਂ ਮੁੱਲਵਾਨ ਪ੍ਰਾਪਤੀਆਂ; ਨਾਰੀ ਦੇ ਸਸ਼ਕਤੀਕਰਨ ਨਾਲ ਜੁੜੇ ਸਰੋਕਾਰਾਂ, ਉਸਦੀ ਸ਼ਖ਼ਸੀ ਆਜ਼ਾਦੀ ਦੇ ਰਾਹ ਵਿਚਲੀਆਂ ਔਕੜਾਂ ਤੇ ਚੁਣੌਤੀਆਂ; ਉਸਦੇ ਸਵੈਮਾਣ, ਆਤਮ ਨਿਰਣੇ, ਸੁਰੱਖਿਆ ਤੇ ਸਿੱਖਿਆ ਦੇ ਹੱਕ ਹਕੂਕ ਦੀ ਪ੍ਰਾਪਤੀ ਲਈ ਸੰਘਰਸ਼ ਅਤੇ ਔਰਤਾਂ ਖਿਲਾਫ਼ ਜਿਨਸੀ ਹਿੰਸਾ ਦੇ ਅਪਰਾਧ ਰੋਕਣ ਲਈ ਕਾਰਗਰ ਕਾਨੂੰਨੀ ਪ੍ਰਕਿਰਿਆ ਦੀ ਮੰਗ ਆਦਿ ਮੁੱਦਿਆਂ ਦੇ ਸਮੁੱਚੇ ਬਿਰਤਾਂਤ ਨੂੰ ਲੈ ਕੇ ਇਕ ਗੰਭੀਰਤਾਪੂਰਨ ਵਿਚਾਰ-ਚਰਚਾ ਕੀਤੀ ਗਈ। ਸੈਮੀਨਾਰ ਵਿਚ ਸ਼ਾਮਲ ਵੱਖ-ਵੱਖ ਬੁਲਾਰਿਆਂ ਨੇ ਜਿਥੇ ਸੂਚਨਾ ਤੇ ਡਿਜੀਟਲ ਕ੍ਰਾਂਤੀ ਦੀ 21ਵੀਂ ਸਦੀ ਵਿਚ ਔਰਤਾਂ ਨੂੰ ਆਪਣੇ ਉਦੇਸ਼ਾਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਨਵੀਂ ਗਿਆਨ ਤਕਨਾਲੋਜੀ ਨਾਲ ਸੰਪੰਨ ਹੋ ਕੇ ਨਿਰੰਤਰ ਸਾਮੂਹਿਕ ਤੌਰ ’ਤੇ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ, ਉਥੇ ਸਮੁੱਚੇ ਔਰਤ ਵਰਗ ਦੀ ਇਕਸੁਰ ਹੋ ਕੇ ਇਸ ਪੱਖੋਂ ਸ਼ਲਾਘਾ ਵੀ ਕੀਤੀ ਕਿ ਸਮੇਂ ਦੇ ਨਾਲ ਢਿੱਲੀ ਪੈ ਰਹੀ ਪਿਤਰਕੀ ਪ੍ਰਬੰਧ ਅਤੇ Çਲੰਗਕ-ਰਾਜਨੀਤੀ ਦੀ ਜਕੜ ਦੇ ਦਰਮਿਆਨ ਵੀ ਉਹ ਵੱਖ-ਵੱਖ ਸਮਾਜ-ਸਮੂਹਾਂ ਅਤੇ ਵਿਭਿੰਨ ਖੇਤਰਾਂ ਦੇ ਕੌਮਾਂਤਰੀ ਮੁਹਾਜ਼ ’ਤੇ ਆਪਣੀਆਂ ਪ੍ਰਾਪਤੀਆਂ ਦੀਆਂ ਗੂੜ੍ਹੀਆਂ ਪੈੜਾਂ ਸਥਾਪਿਤ ਕਰ ਰਹੀਆਂ ਹਨ।
ਇਸ ਸੈਮੀਨਾਰ ਦੀ ਪ੍ਰਧਾਨਗੀ ਭਾਰਤ ਦੇ ਸਾਬਕਾ ਸੰਸਦ ਮੈਂਬਰ ਸ. ਅਤਿੰਦਰ ਪਾਲ ਸਿੰਘ, ਡਾ. ਸੁਰਿੰਦਰਜੀਤ ਕੌਰ, ਸ੍ਰੀਮਤੀ ਜਗਦੀਸ਼ ਕੌਰ ਕਾਹਲੋਂ ਅਤੇ ਸ੍ਰ. ਕਰਨ ਅਜਾਇਬ ਸਿੰਘ ਸੰਘਾ ਨੇ ਸਾਂਝੇ ਤੌਰ ’ਤੇ ਕੀਤੀ। ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਆਪਣਾ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਸੁਰਿੰਦਰਜੀਤ ਕੌਰ ਨੇ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਵਿਸ਼ਵ ਭਰ ਵਿਚ ਹਰ ਸਾਲ 8 ਮਾਰਚ ਨੂੰ ਮਨਾਏ ਜਾਣ ਵਾਲੇ ਇਸ ਦਿਵਸ ਉਪਰ ਸੰਯੁਕਤ ਰਾਸ਼ਟਰ ਨੇ ਮਾਨਤਾ ਦੀ ਮੋਹਰ ਤਾਂ ਭਾਵੇਂ 1975 ਵਿਚ ਲਾਈ; ਪਰੰਤੂ ਇਸਦਾ ਮੁੱਢ ਅੱਧੀ ਸਦੀ ਤੋਂ ਵੀ ਵੱਧ ਪਹਿਲਾਂ ਜਰਮਨ ਦੀ ਸਿਰਕੱਢ ਮਾਰਕਸਵਾਦੀ ਔਰਤ ਆਗੂ ਕਲਾਰਾ ਜ਼ੇਟਕਨ ਨੇ 1910 ਵਿਚ ਕੋਪਨਹੇਗਨ ਵਿਖੇ ਹੋਈ ਕੌਮਾਂਤਰੀ ਸਮਾਜਵਾਦੀ ਕਾਨਫ਼ਰੰਸ ਦੌਰਾਨ ਔਰਤਾਂ ਲਈ ਵੋਟ ਦੇ ਹੱਕ ਦੀ ਸਭ ਤੋਂ ਸ਼ੁਰੂਆਤੀ ਮੰਗ ਉਠਾ ਕੇ ਬੰਨਿ੍ਹਆ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਦੇ ਇਤਿਹਾਸ ਪਿੱਛੇ ਕਲਾਰਾ ਜ਼ੇਟਕਿਨ ਅਤੇ ਰੋਜ਼ਾ ਲਕਸਮਬਰਗ ਵਰਗੀਆਂ ਪ੍ਰਗਤੀਸ਼ੀਲ ਨਾਰੀ ਨੇਤਾਵਾਂ ਦੀ ਲੰਬੀ ਜੱਦੋਜਹਿਦ ਦੀ ਘਾਲਣਾ ਛੁਪੀ ਹੋਈ ਹੈ। ਸੰਸਾਰ ਦੇ ਕੁਝ ਵਿਸ਼ਵ ਧਰਮਾਂ ’ਚ ਔਰਤਾਂ ਨੂੰ ਦੁਜੈਲਾ ਸਥਾਨ ਦਿੱਤੇ ਜਾਣ ਦਾ ਨੁਕਤਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਧਰਮ ਦੀ ਰੂੜ੍ਹੀਵਾਦਤਾ ਦੇ ਨਾਂਅ ’ਤੇ ਨਾਰੀ ਸ਼ਕਤੀ ਦੇ ਸ਼ਖ਼ਸੀ ਆਜ਼ਾਦੀ ਵੱਲ ਵਧਦੇ ਕਦਮਾਂ ਨੂੰ ਠੱਲ੍ਹਣ ਦਾ ਸਿਲਸਿਲਾ ਅਜੇ ਵੀ ਥੰਮਿਆ ਨਹੀਂ ਹੈ।
ਸਾਬਕਾ ਸੰਸਦ ਮੈਂਬਰ ਅਤੇ ਉੱਘੇ ਸਿੱਖ ਚਿੰਤਕ ਸ੍ਰ. ਅਤਿੰਦਰਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਿੱਖ ਸਮਾਜ ’ਚ ਔਰਤ ਦੀ ਸਥਿਤੀ ਨੂੰ ਲੈ ਕੇ ਇਹ ਕਿਹਾ ਕਿ ਸਿੱਖ ਧਰਮ ਅਤੇ ਦਰਸ਼ਨ ਅਨੁਸਾਰ Çਲੰਗਕ ਆਧਾਰ ’ਤੇ ਔਰਤ ਨਾਲ ਭਿੰਨ-ਭੇਦ ਲਈ ਕੋਈ ਥਾਉਂ ਨਹੀਂ; ਕਿਉਂਕਿ ਗੁਰਬਾਣੀ ਮੁਤਾਬਿਕ ਤਾਂ ਪੁਰਸ਼ ਕੇਵਲ ਇਕੋ ਅਕਾਲ ਪੁਰਖ ਹੀ ਹੈ ਜਦਕਿ ਬਾਕੀ ਸਭ ਨਰ-ਨਾਰੀ ਪ੍ਰਾਣੀ ਇਸਤਰੀਆਂ ਹੀ ਮੰਨੇ ਗਏ ਹਨ। ਸਿੱਖ ਇਤਿਹਾਸ ਵਿਚ ਗੁਰੂ ਕਾਲ ਵੇਲੇ ਜੰਗੇ-ਮੈਦਾਨ ਵਿਚ ਸਿੱਖ ਵੀਰਾਂਗਣਾਂ ਦੀ ਰਹੀ ਮਹੱਤਵਪੂਰਨ ਭੂਮਿਕਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਅਰਦਾਸ ’ਚ ਸ਼ਾਮਿਲ ਚਾਲ਼ੀ ਮੁਕਤਿਆਂ ਦੇ ਨਾਮ ਦੀ ਤਵਾਰੀਖ਼ ਇਸ ਤੱਥ ਦੀ ਗਵਾਹ ਹੈ ਕਿ ਕਿਵੇਂ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਗਏ 40 ਯੋਧਿਆਂ ਨੂੰ ਵੰਗਾਰਕੇ ਅਤੇ ਪ੍ਰੇਰਿਤ ਕਰਕੇ ਰਣਤੱਤੇ ਵਿਚ ਲਿਆਂਦਾ। ਲੋਕਤੰਤਰੀ ਪਰੰਪਰਾਵਾਂ ਦੀ ਰਾਖੀ ਲਈ ਸਿੱਖ ਔਰਤਾਂ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜਕੁਮਾਰੀ ਬੰਬਾ ਸੋਫ਼ੀਆ ਨੇ ਬਰਤਾਨੀਆ ਵਿਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਚੱਲੀ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਦੱਸਿਆ ਕਿ ਰਾਜਕੁਮਾਰੀ ਬੰਬਾ ਵੋਟ ਦੇ ਅਧਿਕਾਰ ਲਈ 1910 ਵਿਚ ਲੰਡਨ ਵਿਚ ਸੰਸਦ ਵੱਲ ਕੂਚ ਕਰਨ ਵਾਲੀਆਂ ਤੇ ਗ੍ਰਿਫ਼ਤਾਰ ਹੋਈਆਂ 119 ਔਰਤਾਂ ਵਿਚ ਸ਼ਾਮਿਲ ਸੀ ਅਤੇ ਉਸਨੇ ਬਸਤੀਵਾਦੀ ਚੇਤਨਾ ਦੇ ਗਲਿਆਰੇ ਤੋਂ ਬਾਹਰ ਨਿਕਲ ਕੇ ਭਾਰਤ ਦੇ ਆਜ਼ਾਦੀ ਘੁਲਾਟੀਆਂ ਨਾਲ ਵੀ ਲਾਹੌਰ ਵਿਚ ਮੁਲਾਕਾਤਾਂ ਕੀਤੀਆਂ।
ਇਸ ਮੌਕੇ ’ਤੇ ਬੋਲਦਿਆਂ ਪੰਜਾਬੀ ਚਿੰਤਕ ਅਤੇ ਸੀਨੀਅਰ ਪੰਜਾਬੀ ਪੱਤਰਕਾਰ ਡਾ. ਹਰਕੰਵਲ ਕੋਰਪਾਲ ਨੇ ਆਸਟ੍ਰੇਲੀਆ ਦੀ ਪ੍ਰਸਿੱਧ ਨਾਰੀਵਾਦੀ ਚਿੰਤਕ ਡੇਲ ਸਪੈਂਡਰ ਦੀ 1980 ’ਚ ਛਪੀ ਕਿਤਾਬ ‘ਮੈਨ ਮੇਡ ਲੈਂਗੂਏਜ’ ਦੇ ਹਵਾਲੇ ਨਾਲ ਕਿਹਾ ਕਿ ਅੰਗਰੇਜ਼ੀ ਭਾਸ਼ਾ ਵਾਂਗ ਇੰਡੋ-ਆਰੀਅਨ ਭਾਸ਼ਾਵਾਂ ਵੀ ਪੁਰਖ ਰਚਿਤ ਹੋਣ ਕਰਕੇ ਪੁਰਸ਼ ਅਨੁਸਾਸ਼ਨ ਦੇ ਅਧੀਨ ਹੀ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਕਿਉਂਕਿ ਇਕ ਸਮਾਜਿਕ ਪ੍ਰਕ੍ਰਿਆ ਹੈ, ਇਸ ਲਈ ਇਸਦਾ ਵਿਚਾਰਧਾਰਾ ਨਾਲ ਗਹਿਰਾ ਨਾਤਾ ਹੈ ਅਤੇ ਇਸ ਰਾਹੀਂ ਹੀ ਵਿਭਿੰਨ ਸਮਾਜਿਕ ਸਮੂਹ ਆਪਣਾ ਸਭਿਆਚਾਰਕ ਯਥਾਰਥ ਤਲਾਸ਼ਦੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਭਾਸ਼ਾ ਉਪਰ ਪਿਤਰਕੀ ਪ੍ਰਵਚਨ ਦੀ ਅਜਾਰੇਦਾਰੀ ਹੋਣ ਕਰਕੇ ‘ਮੇਲ ਸ਼ੋਵਿਨਿਜ਼ਮ’ ਨੇ ਸਮਾਜ-ਸੰਸਕ੍ਰਿਤੀ ਉਪਰ ਆਪਣਾ ਗ਼ਲਬਾ ਪਾ ਰੱਖਿਆ ਹੈ ਜਿਸ ਕਰਕੇ ਸ਼ਖ਼ਸੀ ਆਜ਼ਾਦੀ ਲਈ ਔਰਤ ਦੀ ਵਾਟ ਅਜੇ ਸੌਖੀ ਨਹੀਂ। ਉਨ੍ਹਾ ਕਿਹਾ ਕਿ ਪਿਤਰਕੀ ਪ੍ਰਬੰਧ ਕਾਰਣ ਹੀ ਅੱਜ ਵੀ ਕੰਮਕਾਜੀ ਔਰਤਾਂ ‘ਇੰਪੋਸਟਰ ਸਿੰਡਰੋਮ’ ਦੇ ਮਨੋਵਿਗਿਆਨਕ ਵਰਤਾਰੇ ਤੋਂ ਪੀੜ੍ਹਤ, ਆਪਣੇ ਕਿੱਤੇ ਵਿਚ ਇਕ ਤਣਾਅ ਅਤੇ ਧੋਖੇਬਾਜ਼ੀ ਦੇ ਭੈ ਦੀ ਭਾਵਨਾ ਨਾਲ ਜੂਝ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ’ਚ ਮਹੱਤਵਪੂਰਨ ਮੁਕਾਮ ਪ੍ਰਾਪਤ ਕਰਨ ਵਾਲੀ ਅਜੋਕੀ ਔਰਤ ਮੂਹਰੇ ਇਹ ਸੁਆਲ ਹਾਲਾਂ ਵੀ ਡਰਨੇ ਵਾਂਗ ਉਵੇਂ ਖੜ੍ਹਾ ਹੈ ਕਿ ਉਹ ਪਿਤਰਕੀ ਪ੍ਰਵਚਨ ਦੀ ਭਾਸ਼ਾ ਦਾ ਦਾਇਰਾ ਤੋੜ ਕੇ ਕਿਵੇਂ ਆਪਣੀ ਸੁਤੰਤਰ ਪਛਾਣ ਸਥਾਪਿਤ ਕਰੇ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਸਸ਼ਕਤੀਕਰਨ ਦੇ ਮਾਮਲੇ ਵਿਚ ਸਰਵੇਖਣਾਂ ਅਨੁਸਾਰ ਭਾਰਤ 190 ਦੇਸ਼ਾਂ ’ਚੋਂ 117 ਨੰਬਰ ’ਤੇ ਹੈ ਜਦਕਿ ਕੈਨੇਡਾ 20ਵੇਂ ਨੰਬਰ ’ਤੇ ਹੈ।
ਇਸਲਾਮੀ ਚਿੰਤਕ ਨਾਈਮ ਕਾਦਰ ਨੇ ਆਪਣੇ ਭਾਸ਼ਣ ਵਿਚ ਇਸਲਾਮ ਬਾਰੇ ਅਧੂਰੀ ਜਾਣਕਾਰੀ ਰੱਖਣ ਵਾਲੇ ਕੁਝ ਲੋਕਾਂ ਵਲੋਂ ਮੁਸਲਿਮ ਔਰਤ ਦੀ ਪੁਜੀਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੈਲਾਈਆਂ ਭ੍ਰਾਂਤੀਆਂ ਦੇ ਸੰਦਰਭ ਵਿਚ ਕਿਹਾ ਕਿ ਇਸਲਾਮ ਵਿਚ ਮਹਿਲਾਵਾਂ ਨੂੰ ਵਿਰਾਸਤੀ ਜਾਇਦਾਦ ਵਿਚੋਂ ਯੋਗ ਹੱਕ ਦੇ ਕੇ ਵਿੱਤੀ ਤੌਰ ’ਤੇ ਨਾ ਕੇਵਲ ਸੁਰੱਖਿਅਤ ਕਰਨ ਦੀ ਵਿਵਸਥਾ ਹੈ; ਸਗੋਂ ਮਾਂ ਰੂਪ ਵਿਚ ਉਸਦੇ ਦਰਜੇ ਨੂੰ ਸਵਰਗ ਦੇ ਤੁਲ ਵੀ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿਜਾਬ ਦੀ ਪਰਦੇਦਾਰੀ ਘਰ ਦੀ ਜ਼ੀਨਤ ਸਮਝੀ ਗਈ ਔਰਤ ਨੂੰ ਪਰਾਏ ਮਰਦਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਮਹਿਫ਼ੂਜ਼ ਰੱਖਣ ਲਈ ਕੱਵਚ ਵਰਗੀ ਮਰਿਆਦਾ ਹੈ। ਇੰਜੀਨੀਅਰ ਈਸ਼ਰ ਸਿੰਘ ਨੇ ਨਾਰੀ ਦੇ ਸਸ਼ਕਤੀਕਰਨ ਲਈ ਨਵੀਂ ਗਿਆਨ ਤਕਨਾਲੋਜੀ ਦੇ ਵਸੀਲੇ ਦੀ ਉਪਯੋਗਤਾ ’ਤੇ ਲਾਭਦਾਇਕਤਾ ਨੂੰ ਲੈ ਕੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ। ਸ੍ਰੀਮਤੀ ਜਗਦੀਸ਼ ਕੌਰ ਕਾਹਲੋਂ ਨੇ ਘਰੇਲੂ ਔਰਤ ਵਲੋਂ ਘਰ ਪਰਿਵਾਰ ਅਤੇ ਸਮਾਜ ਦੀ ਬਿਹਤਰੀ ਲਈ ਪਾਏ ਯੋਗਦਾਨ ਨੂੰ ਪਛਾਣੇ ਜਾਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੱਚ ਹੈ ਕਿ ਘਰੇਲੂ ਗ੍ਰਹਿਣੀਆਂ ਆਪਣੇ ਪਰਿਵਾਰਾਂ ਤੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਨ ਲਈ ਆਪਣੇ ਖ਼ੁਦ ਦੇ ਕਈ ਸੁਪਨੇ ਕੁਰਬਾਨ ਕਰਦੀਆਂ ਹਨ। ਸੈਮੀਨਾਰ ਦਾ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਸ਼ਾਇਰ-ਚਿੰਤਕ ਸ੍ਰ. ਮਲੂਕ ਸਿੰਘ ਕਾਹਲੋਂ ਨੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਹਰ ਖੇਤਰ ਵਿਚ ਔਰਤਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਅਤੇ ਮਰਦਾਂ ਨੂੰ ਘਰੇਲੂ ਕੰਮਾਂ ’ਚ ਔਰਤਾਂ ਦੇ ਬਰਾਬਰ ਸਹਿਯੋਗ ਦੇਣ ਦੀ ਵਜ਼ਾਹਤ ਕੀਤੀ। ਧੰਨਵਾਦ ਦੇ ਮੋਹਭਿੱਜੇ ਸ਼ਬਦਾਂ ਰਾਹੀਂ ਸੰਮੇਲਨ ਦੀ ਚਰਚਾ ਨੂੰ ਸਮੇਟਦਿਆਂ ਸਭਾ ਦੇ ਚੇਅਰ ਪਰਸਨ ਸ੍ਰ. ਕਰਨ ਅਜਾਇਬ ਸਿੰਘ ਸੰਘਾ ਨੇ ਕਿਹਾ ਕਿ ਵੈਸੇ ਤਾਂ ਹਰ ਦਿਨ ਹੀ ਔਰਤ ਦਾ ਹੈ ਅਤੇ ਉਸੇ ਕਰਕੇ ਹੀ ਸਮਾਜ, ਘਰ ਜਾਂ ਵਿਹੜੇ ’ਚ ਰੰਗ, ਰੌਸ਼ਨੀ, ਰੌਣਕ ਅਤੇ ਖ਼ੁਸ਼ਬੋ ਦਾ ਜਲਵਾ ਹੈ, ਪਰੰਤੂ ਔਰਤਾਂ ਨੂੰ ਅਮਲੀ ਤੌਰ ’ਤੇ ਆਤਮ ਸਨਮਾਨ ਦਾ ਅਹਿਸਾਸ ਉਦੋਂ ਹੀ ਹੋਵੇਗਾ ਜਦੋਂ ਮਰਦ ਉਸ ਪ੍ਰਤੀ ਸੁਹਿਰਦਤਾ ਦੀ ਸੋਚ ਨੂੰ ਆਪਣੀ ਰੂਹ ਦਾ ਹਿੱਸਾ ਬਣਾਏਗਾ।
ਸਮਾਗਮ ਦੇ ਦੂਜੇ ਸੈਸ਼ਨ ਵਿਚ ਹੋਏ ਕਵੀ ਦਰਬਾਰ ਦਾ ਆਰੰਭ ਸੁਰੀਲੀ ਤੇ ਸੋਜ਼ ਭਰੀ ਆਵਾਜ਼ ਦੇ ਮਾਲਕ ਗਾਇਕ ਇਕਬਾਲ ਬਰਾੜ ਨੇ ਨਾਮਵਰ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਦੀ ਚਰਚਿਤ ਨਜ਼ਮ ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ’ ਨੂੰ ਤਰੰਨਮ ਵਿਚ ਪੇਸ਼ ਕੀਤਾ। ਕਵੀ ਦਰਬਾਰ ਵਿਚ ਸ਼ਾਇਰਾਂ ਨੇ ਮੁਹੱਬਤ, ਨਾਰੀ ਸੰਵੇਦਨਾ, ਪਰਵਾਸ, ਆਤਮ-ਅਨਾਤਮ, ਰਾਜਸੀ ਤੰਤਰ ਵਿਰੁੱਧ ਪ੍ਰਤੀਰੋਧ, ਪੂੰਜੀਵਾਦੀ ਪ੍ਰਬੰਧ ਦੇ ਅੰਤਰੀਵੀ ਵਿਰੋਧਾਂ ’ਚ ਘਿਰੇ ਮਨੁੱਖੀ ਰਿਸ਼ਤਿਆਂ ਦੀ ਟੁੱਟ ਭੱਜ ਦੇ ਦਵੰਦ ਅਤੇ ਸਮਕਾਲੀ ਦੌਰ ਦੇ ਬਹੁਪੱਖੀ ਸਰੋਕਾਰਾਂ ਆਦਿ ਵਿਸ਼ਿਆਂ ’ਤੇ ਆਧਾਰਿਤ ਰੰਗਾਂ-ਤਰੰਗਾਂ ਨੂੰ ਬਿਖੇਰਦੀਆਂ ਆਪਣੀਆਂ ਨਜ਼ਮਾਂ, ਗ਼ਜ਼ਲਾਂ ਅਤੇ ਪ੍ਰਗੀਤਕ ਰਚਨਾਵਾਂ ਦੀ ਛਹਿਬਰ ਲਾਈ। ਜਿਨ੍ਹਾਂ ਕਵੀਆਂ ਨੇ ਕਵੀ ਦਰਬਾਰ ਨੂੰ ਆਪਣੀਆਂ ਰਚਨਾਵਾਂ ਰਾਹੀਂ ਸਰਸ਼ਾਰ ਕੀਤਾ, ਉਨ੍ਹਾਂ ਵਿਚ ਗੁਰਚਰਨ ਸਿੰਘ, ਸੁਰਿੰਦਰ ਸੂਦ, ਪ੍ਰਤੀਕ ਸਿੰਘ, ਪ੍ਰੀਤਮ ਧੰਜਲ, ਹਰਜਿੰਦਰ ਸਿੰਘ ਭਸੀਨ, ਰਾਕਿੰਦ ਕੌਰ (ਸ਼ਿਕਾਗੋ), ਹਰਜਿੰਦਰ ਸਿੰਘ, ਜਸਵੀਰ ਕੌਰ, ਪਰਮਜੀਤ ਦਿਓਲ, ਹਰਦਿਆਲ ਸਿੰਘ ਝੀਤ, ਭੁਪਿੰਦਰ ਰਤਨ, ਡਾ. ਜਗਮੋਹਨ ਸੰਘਾ, ਦੀਪ ਕੁਲਦੀਪ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਰਮਿੰਦਰ ਵਾਲੀਆ, ਹਰਕੰਵਲ ਕੋਰਪਾਲ, ਡਾ. ਸੁਰਿੰਦਰਜੀਤ ਕੌਰ, ਸ੍ਰ. ਅਤਿੰਦਰ ਪਾਲ ਸਿੰਘ ਆਦਿ ਦੇ ਨਾਂਅ ਵਰਨਣਯੋਗ ਹਨ। ਸਰੋਤਿਆਂ ਵਿਚ ਹਾਜ਼ਰ ਪ੍ਰਮੁਖ ਅਦਬੀ ਸ਼ਖ਼ਸੀਅਤਾਂ ਵਿਚੋਂ ਕਰਨੈਲ ਸਿੰਘ ਨਾਮਧਾਰੀ, ਗੁਰਅੰਜਲ ਕੌਰ, ਕਮਲਜੀਤ ਕੌਰ, ਹਰਦੀਪ ਕੌਰ, ਰਜੀਵ ਪੁੰਜ, ਗੁਰਸ਼ਰਨ ਕੌਰ, ਹਰਦੀਪ ਸਿੰਘ ਨਿੱਝਰ ਅਤੇ ਪਵਨ ਕੁਮਾਰ ਦੇ ਨਾਂ ਜ਼ਿਕਰਯੋਗ ਹਨ। ਮੰਚ ਸੰਚਾਲਨ ਦੀ ਭੂਮਿਕਾ ਨੂੰ ਬਖ਼ੂਬੀ ਨਿਭਾਉਂਦਿਆਂ ਡਾ. ਜਗਮੋਹਨ ਸੰਘਾ ਨੇ ਕਿਹਾ ਕਿ ਕਵਿਤਾ ਅਸਲ ਵਿਚ ਉਹੋ ਹੈ ਜੋ ਯੁੱਗ ਦੀ ਸੰਵੇਦਨਾ ਦਾ ਸੰਵਾਹਕ ਬਣਕੇ ਮਨੁੱਖੀ ਜਜ਼ਬਿਆਂ ਨੂੰ ਲਫ਼ਜ਼ਾਂ ਦੇ ਮਹੀਨ ਸਾਂਚੇ ‘ਚ ਢਾਲਦੀ ਸੱਚ ਦਾ ਪ੍ਰਕਾਸ਼ ਕਰੇ। ਕਵੀ ਦਰਬਾਰ ਵਿਚ ਪੁੱਜੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ 21 ਤੋਂ 25 ਜੂਨ ਤੀਕ ਬਰੈਂਪਟਨ ’ਚ ਹੋਣ ਵਾਲੀ 6ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਲਈ ਸਭਾ ਤੋਂ ਸਹਿਯੋਗ ਮੰਗਦਿਆਂ ਸਮੂਹ ਲੇਖਕਾਂ ਨੂੰ ਸ਼ਮੂਲੀਅਤ ਲਈ ਖੁੱਲ੍ਹਾ ਸੱਦਾ ਵੀ ਦਿੱਤਾ।