ਪੁਲਿਸ ਨੇ ਘਟਨਾ ਦੇ 25 ਮਿੰਟ ਵਿਚ ਦੋਸ਼ੀ ਹਮਲਾਵਰ ਨੂੰ ਗ੍ਰਿਫਤਾਰ ਕੀਤਾ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਡਾਊਨਟਾਊਨ ਵਿਚ ਇਕ ਟਰਾਂਜਿਟ ਸ਼ੈਲਟਰ ਵਿਚ ਖੜੀ ਇਕ ਪੰਜਾਬੀ ਮੁਟਿਆਰ ਤੇ ਇਕ ਗੋਰੇ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਤੇ ਉਸਨੂੰ ਬੁਰੀ ਤਰਾਂ ਝੰਜੋੜਨ, ਉਸਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੇ ਜਾਣ ਦੀ ਸੋਸਲ ਮੀਡੀਓ ਉਪਰ ਵਾਇਰਲ ਹੋਈ ਵੀਡੀਓ ਉਪਰੰਤ ਕੈਲਗਰੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੋਸ਼ਲ ਮੀਡੀਆ ਉਪਰ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਹਮਲਾਵਾਰ ਵਿਅਕਤੀ ਟਰਾਂਜਿਟ ਸ਼ੈਲਟਰ ਵਿਚ ਆਉਂਦਾ ਹੈ ਤੇ ਅੰਦਰ ਖੜੀ ਕੁੜੀ ਨੂੰ ਮੋਢਿਆਂ ਤੋਂ ਫੜਦਿਆਂ ਹਲੂਣਦਾ ਹੋਇਆ ਸ਼ੀਸ਼ੇ ਸਾਹਮਣੇ ਧੱਕਦਾ ਹੈ ਜਦੋਂ ਕਿ ਕੁੜੀ ਚੀਕਦੀ ਹੋਈ ਸੁਣਾਈ ਦਿੰਦੀ ਹੈ। ਇਹ ਘਟਨਾ ਐਤਵਾਰ ਦੁਪਹਿਰ ਨੂੰ ਕਰੀਬ 1:40 ਵਜੇ ਦੀ ਹੈ ਜਦੋਂ ਪੀੜਤ ਮੁਟਿਆਰ 310 ਸੀ 7ਐਵਨਿਊ ਸਥਿਤ ਸਟੇਸ਼ਨ ਦੇ ਸ਼ੈਲਟਰ ਵਿਚ ਖੜ੍ਹੀ ਸੀ, ਜਦੋਂ ਹਮਲਾਵਾਰ ਉਸ ਵੱਲ ਆਇਆ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਉਸ ਦੀ ਪਾਣੀ ਦੀ ਬੋਤਲ ਖਿੱਚੀ ਅਤੇ ਉਸ ਦੇ ਚਿਹਰੇ ‘ਤੇ ਪਾਣੀ ਛਿੜਕਿਆ, ਫਿਰ ਉਸ ਨੂੰ ਮੋਢਿਆਂ ਤੋਂ ਫੜ ਲਿਆ। ਉਸ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਕਰੀਬ ਇੱਕ ਦਰਜਨ ਲੋਕ ਪਲੇਟਫਾਰਮ ‘ਤੇ ਮੌਜੂਦ ਸਨ ਤੇ ਕਿਸੇ ਨੇ ਉਸਨੂੰ ਕੁਝ ਨਹੀ ਕਿਹਾ ਤੇ ਉਸਨੂੰ ਜਾਣ ਦਿੱਤਾ।
ਸ਼ੱਕੀ ਹਮਲਾਵਰ ਈਸਟ ਵਿਲੇਜ਼ ਚੋ ਗ੍ਰਿਫਤਾਰ-
ਇਸ ਪੱਤਰਕਾਰ ਵਲੋਂ ਇਸ ਘਟਨਾ ਉਪਰੰਤ ਕੈਲਗਰੀ ਪੁਲਿਸ ਨਾਲ ਸੰਪਰਕ ਕਰਨ ਤੇ ਸੀਨੀਅਰ ਕਾਂਸਟੇਬਲ ਰਣਬੀਰ ਰੰਧਾਵਾ ਨੇ ਦੱਸਿਆ ਕਿ ਹਮਲਾਵਰ ਇਸ ਘਟਨਾ ਨੂੰ ਅੰਜ਼ਾਮ ਦਿੰਦਿਆਂ ਮੋਬਾਈਲ ਫੋਨ ਤੋਂ ਬਿਨਾਂ ਮੌਕੇ ਤੋਂ ਭੱਜ ਗਿਆ। ਪੀੜਤ ਲੜਕੀ ਵਲੋਂ ਪੁਲਿਸ ਨੂੰ ਕਾਲ ਕੀਤੀ ਗਈ। ਗਵਾਹਾਂ ਨੇ ਇਸ ਸ਼ੱਕੀ ਨੂੰ ਲੱਭਣ ਵਿੱਚ ਮਦਦ ਕੀਤੀ, ਜਿਸਨੂੰ ਥੋੜ੍ਹੇ ਸਮੇਂ ਬਾਅਦ ਈਸਟ ਵਿਲੇਜ ਵਿੱਚ ਗ੍ਰਿਫਤਾਰ ਕਰ ਲਿਆ ਗਿਆ ।
ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ 25 ਮਿੰਟਾਂ ਦੇ ਅੰਦਰ ਹੀ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ। ਸ਼੍ੱਕੀ ਹਮਲਾਵਰ ਦੀ ਪਛਾਣ 31 ਸਾਲਾ ਬ੍ਰੇਡਨ ਜੋਸੇਫ ਜੇਮਜ਼ ਫਰੈਂਚ ਵਜੋ ਹੋਈ ਹੈ ਤੇ ਉਸਦੇ ਖਿਲਾਫ ਲੁੱਟ ਖੋਹ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਇਸੇ ਦੌਰਾਨ ਕੈਲਗਰੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨੂੰ ਨਸਲੀ ਹਮਲਾ ਨਹੀ ਮੰਨਿਆ ਜਾਂਦਾ ਹਾਲਾਂਕਿ ਪੁਲਿਸ ਮਾਮਲੇ ਦੀ ਪੁੂਰੀ ਜਾਂਚ ਕਰ ਹੀ ਹੈ ਤੇ ਪੀੜਤਾ ਦੀ ਸਹਾਇਤਾ ਕੀਤੀ ਜਾ ਰਹੀ ਹੈ।