Headlines

ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਪੀਕਰ: ਖਹਿਰਾ

ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਵਾਕਆਊਟ ਕਰਨ ਮੌਕੇ ਚੁੱਕੇ ਸਵਾਲ * ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਵਿੱਚ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਘੱਟ ਸਮਾਂ ਦੇਣ ਦਾ ਦੋਸ਼

ਚੰਡੀਗੜ੍ਹ, 24 ਮਾਰਚ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਥਿਤ ਤੌਰ ’ਤੇ ਸਦਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵਿਧਾਨ ਸਭਾ ’ਚੋਂ ਵਾਕਆਊਟ ਕਰਨ ਤੋਂ ਬਾਅਦ ਕਿਹਾ ਕਿ ਸਪੀਕਰ ਵੱਲੋਂ ਵਿਰੋਧੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲਈ ਸਦਨ ਵਿੱਚੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬੋਲਣ ਦਾ ਸਮਾਂ ਘੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਵੱਲੋਂ ਪਿਛਲੇ ਸਾਲ ਤੋਂ ਉਨ੍ਹਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾ ਰਿਹਾ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਉਸ ਵੱਲੋਂ ਸਿਫ਼ਰ ਕਾਲ ਵਿੱਚ ਕਿਸਾਨੀ ਦੀ ਗੱਲ ਕੀਤੀ ਜਾਣੀ ਸੀ, ਜਿਸ ਲਈ ਉਸ ਨੇ ਆਪਣੀ ਗੱਲ ਰੱਖਣ ਲਈ 10 ਵਾਰ ਵਿਧਾਨ ਸਭਾ ਵਿੱਚ ਹੱਥ ਖੜ੍ਹਾ ਕੀਤਾ ਪਰ ਵਿਧਾਨ ਸਭਾ ਸਪੀਕਰ ਵੱਲੋਂ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਕੁੱਲ 117 ਵਿਧਾਇਕਾਂ ਵਿੱਚੋਂ ਕਾਂਗਰਸੀ ਵਿਧਾਇਕਾਂ ਨੂੰ ਬਣਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਬਲਕਿ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ। ਸਪੀਕਰ ਵੱਲੋਂ ਵਿਰੋਧੀ ਧਿਰ ਨੂੰ ਚੁੱਪ ਕਰਵਾ ਕੇ ਲੋਕਤੰਤਰੀ ਬਹਿਸ ਦੇ ਮੂਲ ਅਰਥਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਾਦਸ਼ਤ ਨਹੀਂ ਕੀਤਾ ਜਾਵੇਗਾ।

ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਵਿੱਚ ਬੁਲਡੋਜ਼ਰ ਰਾਜ ਚੱਲ ਰਿਹਾ ਹੈ। ਇਸੇ ਤਹਿਤ ਪੁਲੀਸ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਮੋਰਚੇ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਦੀਆਂ ਸੈਂਕੜੇ ਟਰਾਲੀਆਂ ਤੇ ਹੋਰ ਸਾਮਾਨ ਚੋਰੀ ਹੋ ਗਿਆ, ਜੋ ਹਾਲੇ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦਾ ਸਾਮਾਨ ਸੱਤਾਧਾਰੀ ਧਿਰ ਦੇ ਨਜ਼ਦੀਕੀਆਂ ਦੇ ਘਰੋਂ ਮਿਲ ਰਿਹਾ ਹੈ। ਪੁਲੀਸ ਵੱਲੋਂ ਸਬੰਧਤ ਵਿਅਕਤੀਆਂ ਦੀ ਥਾਂ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਸਪੀਕਰ ਦਾ ਵਤੀਰਾ ਪੱਖਪਾਤੀ: ਬਾਜਵਾ

ਚੰਡੀਗੜ੍ਹ - ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਬੇਹੱਦ ਪੱਖਪਾਤੀ ਤੇ ਤਾਨਾਸ਼ਾਹੀ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਦੇ ਸਰਪ੍ਰਸਤ ਹਨ, ਮਾਲਕ ਨਹੀਂ ਤੇ ਸਪੀਕਰ ਨੂੰ ਸਾਰੇ ਵਿਧਾਇਕਾਂ ਨਾਲ ਬਰਾਬਰ ਦਾ ਵਿਵਹਾਰ ਕਰਨਾ ਚਾਹੀਦਾ ਹੈ ਪਰ ਅੱਜ ਸਪੀਕਰ ਨੇ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਹ ਬਹੁਤ ਹੀ ਗ਼ੈਰ-ਜਮਹੂਰੀ ਸੀ। ਉਨ੍ਹਾਂ ਨੂੰ ਆਪਣੇ ਪੱਖਪਾਤੀ ਵਿਵਹਾਰ ਨੂੰ ਸੁਧਾਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਜਦੋਂ ਵੀ ਸੁਖਪਾਲ ਖਹਿਰਾ ਨੇ ਬੋਲਣ ਲਈ ਸਮਾਂ ਮੰਗਣ ਲਈ ਹੱਥ ਚੁੱਕਿਆ ਤਾਂ ਸਪੀਕਰ ਨੇ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ, ਜੋ ਨਿੰਦਣਯੋਗ ਹੈ।

Leave a Reply

Your email address will not be published. Required fields are marked *