ਅੰਮ੍ਰਿਤਸਰ, (ਡਾ. ਝੰਡ)- ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ ਕਾਵਿ-ਮੰਚ ਤੇ ‘ਏਕਮ ਸਾਹਿਤ ਮੰਚ’ ਦੇ ਸਹਿਯੋਗ ਨਾਲ ਸ਼ਾਇਰ ਤੇ ਵਾਰਤਾਕਾਰ ਮਲਵਿੰਦਰ ਨਾਲ ਸੰਜੀਦਾ ਰੂ-ਬ-ਰੂ ਦਾ ਸਫ਼ਲ ਆਯੋਜਨ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਭਾਈ ਗੁਰਦਾਸ ਹਾਲ ਵਿਖੇ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਇਹਨੀਂ ਦਿਨੀਂ ਕੈਨੇਡਾ ਤੋਂ ਆਏ ਡਾ. ਸੁਖਦੇਵ ਸਿੰਘ ਝੰਡ ਤੇ ਨਾਟਕਕਾਰ ਹੀਰਾ ਰੰਧਾਵਾ, ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਹੀਰਾ ਸਿੰਘ, ਸਾਬਕਾ ਐੱਕਸਾਈਜ਼ ਕਮਿਸ਼ਨਰ ਤੇ ਲੇਖਕ ਪੂਰਨ ਪਿਆਸਾ ਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਸ਼ਾਮਲ ਸਨ।
ਪ੍ਰੋਗਰਾਮ ਦੇ ਆਰੰਭ ਵਿੱਚ ਦੀਪ ਦਵਿੰਦਰ ਸਿੰਘ ਵੱਲੋਂ ਰੂ-ਬ-ਰੂ ਸਮਾਗ਼ਮ ਦੀ ਰੂਪ-ਰੇਖਾ ਤੇ ਇਸ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਮਲਵਿੰਦਰ ਮੁੱਢਲੇ ਤੌਰ ‘ਤੇ ਕਵੀ ਹੈ ਅਤੇ ਉਸ ਦੀਆਂ ਕਵਿਤਾਵਾਂ ਦੀਆਂ ਕਈ ਪੁਸਤਕਾਂ ਛਪ ਚੁੱਕੀਆਂ ਹਨ ਪਰ ਉਸ ਨੇ ਕੈਨੇਡਾ ਜਾ ਕੇ ਉੱਥੋਂ ਦੇ ਅਜੋਕੇ ਹਾਲਾਤ ਤੇ ਸਰੋਕਾਰਾਂ ਉੱਪਰ ਕਈ ਆਰਟੀਕਲ ਲਿਖ ਕੇ ਅਖ਼ਬਾਰਾਂ ਨੂੰ ਭੇਜੇ ਅਤੇ ਫਿਰ ਇਨ੍ਹਾਂ ਨੂੰ ਪੁਸਤਕ ਰੂਪ ਵਿੱਚ ਲਿਆ ਕੇ ਵਾਰਤਕ ਖ਼ੇਤਰ ਵਿਚ ਵੀ ਆਪਣੀ ਵਧੀਆਂ ਥਾਂ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਮਲਵਿੰਦਰ ਬਾਰੇ ਇਹ ਰੂ-ਬ-ਰੂ ਸਮਾਗ਼ਮ ਰੱਖ ਕੇ ਵਿਸ਼ਾਲ ਬਿਆਸ ਤੇ ਉਸ ਦੇ ਸਾਥੀਆਂ ਨੇ ਸ਼ਾਨਦਾਰ ਉਪਰਾਲਾ ਕੀਤਾ ਹੈ। ਵਿਸ਼ਾਲ ਬਿਆਸ ਤੇ ਅਰਤਿੰਦਰ ਸੰਧੂ ਵੱਲੋਂ ਸਮਾਗ਼ਮ ਵਿੱਚ ਆਏ ਸਾਹਿਤਕਾਰਾਂ, ਮਹਿਮਾਨਾਂ ਤੇ ਸਰੋਤਿਆਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਲਵਿੰਦਰ ਇੱਕ ਵਧੀਆ ਇਨਸਾਨ ਤੇ ਕਵੀ ਹੈ। ਉਸ ਦੀ ਕਵਿਤਾ ਵਿੱਚ ਤਾਜ਼ਗੀ ਤੇ ਰਵਾਨਗੀ ਹੈ।
ਆਪਣੀ ਸ਼ਾਇਰੀ ਬਾਰੇ ਗੱਲ ਕਰਦਿਆਂ ਮਲਵਿੰਦਰ ਨੇ ਕਿਹਾ ਕਿ ਉਹ ਕਵਿਤਾ ਨਿੱਠ ਕੇ ਨਹੀਂ ਲਿਖਦੇ। ਇਹ ਕਦੀ ਵੀ ਤੇ ਕਿਸੇ ਸਮੇਂ ਵੀ ਉਨ੍ਹਾਂ ਨੂੰ ਅਹੁੜ ਸਕਦੀ ਹੈ। ਉਹ ਕਵਿਤਾਵਾਂ ਵਿੱਚ ਵੱਖ-ਵੱਖ ਸਮਾਜਿਕ ਵਿਸ਼ੇ ਲੈਂਦੇ ਹਨ ਅਤੇ ਇਨ੍ਹਾਂ ਨਾਲ ਇਨਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਵਿਸ਼ੇ ਆਮ ਤੌਰ’ਤੇ ਆਲ਼ੇ-ਦੁਆਲੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਹੁੰਦੇ ਹਨ। ਕਈ ਵਾਰੀ ਇਹ ਵਿਸ਼ੇ ਘਰੇਲੂ ਮਸਲਿਆਂ ਬਾਰੇ ਵੀ ਗੱਲ ਕਰਦੇ ਹਨ ਅਤੇ ਇਹ ਛੋਟੇ-ਛੋਟੇ ਬੱਚਿਆਂ ਦੀਆਂ ਕਿਲਕਾਰੀਆਂ ਤੇ ਝੂਠੀ-ਮੂਠੀ ਰੁੱਸਣ ਤੇ ਰੋਣ ਬਾਰੇ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਿਆਂ ਉੱਥੋਂ ਦੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਨੂੰ ਬੜਾ ਨੇੜਿਓਂ ਹੋ ਕੇ ਵੇਖਿਆ ਹੈ ਅਤੇ ਇਨ੍ਹਾਂ ਬਾਰੇ ਕਈ ਆਰਟੀਕਲ ਕੈਨੇਡਾ ਤੇ ਪੰਜਾਬ ਦੀਆਂ ਅਖ਼ਬਾਰਾਂ ਨੂੰ ਭੇਜੇ ਜਿੱਥੇ ਇਹ ਬੜੀ ਵਧੀਆ ਤਰ੍ਹਾਂ ਛਪੇ ਅਤੇ ਪਾਠਕਾਂ ਵੱਲੋਂ ਬੇਹੱਦ ਪਸੰਦ ਕੀਤੇ ਗਏ। ਇਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਇਨ੍ਹਾਂ ਆਰਟੀਕਲਾਂ ਨੂੰ ਪੁਸਤਕ ਰੂਪ ‘ਚ ਵਿੱਚ ਛਪਵਾਇਆ ਅਤੇ ਪਾਠਕਾਂ ਵੱਲੋ ਇਸ ਪੁਸਤਕ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕੈਨੇਡਾ ਦੇ ਪਰਵਾਸ ਤੇ ਪਰਵਾਸੀ ਜੀਵਨ ਬਾਰੇ ਵੀ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਏ।
ਡਾ. ਸੁਖਦੇਵ ਸਿੰਘ ਝੰਡ ਨੇ ਮਲਵਿੰਦਰ ਨਾਲ ਆਪਣੀ ਨੇੜਲੀ ਸਾਂਝ ਬਾਰੇ ਦੱਸਦਿਆਂ ਕਿਹਾ ਕਿ ਉਹ ਦੋਵੇਂ ਗਵਾਂਢੀ ਪਿੰਡਾਂ ਚੋਹਾਨ ਤੇ ਛੱਜਲਵੱਡੀ ਦੇ ਵਸਨੀਕ ਹਨ। ਉਹ ਸਰਕਾਰੀ ਹਾਈ ਸਕੂਲ ਛੱਜਲਵੱਢੀ ਦੇ ਵੱਖ-ਵੱਖ ਸਮੇਂ ਵਿਦਿਆਰਥੀ ਰਹੇ ਹਨ ਪਰ ਉਨ੍ਹਾਂ ਦੀ ਮੁਲਾਕਾਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਕਰਵਾਏ ਗਏ ਇੱਕ ਮਹੀਨਾਵਾਰ ਸਾਹਿਤਕ ਸਮਾਗ਼ਮ ਦੌਰਾਨ ਹੋਈ। ਮਲਵਿੰਦਰ ਦੀ ਕਵਿਤਾ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਲਵਿੰਦਰ ਹੁਣ ਤੱਕ ਕਵਿਤਾਵਾਂ ਦੀਆਂ 7-8 ਕਿਤਾਬਾਂ ਛਪਵਾ ਚੁੱਕਾ ਹੈ ਪਰ ਉਸ ਦੀ ‘ਚੁੱਪ ਦੇ ਬਹਾਨੇ’ ਨਾਮਕ ਲੰਮੀ ਕਵਿਤਾ ਦੀ ਪੁਸਤਕ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਬਹੁਤ ਸਾਰੇ ਆਲੋਚਕਾਂ ਤੇ ਸੁਹਿਰਦ ਸਾਥੀਆਂ ਵੱਲੋਂ ਇਸ ਦੇ ਰੀਵਿਊ ਲਿਖੇ ਗਏ ਜੋ ਵੱਖ-ਵੱਖ ਅਖ਼ਬਾਰਾਂ ਤੇ ਰਿਸਾਲਿਆਂ ਵਿੱਚ ਛਪੇ। ਇਨ੍ਹਾਂ ਰੀਵਿਊ-ਆਰਟੀਕਲਾਂ ਨੂੰ ਸੰਪਾਦਿਤ ਕਰਕੇ ਮਲਵਿੰਦਰ ਨੇ ਬਾਅਦ ਵਿਚ ਇੱਕ ਹੋਰ ਪੁਸਤਕ ‘ਚੁੱਪ ਦੇ ਬਹਾਨੇ : ਸਹਿਜ ਸਮਾਲੋਚਨਾ’ ਵੀ ਛਪਵਾਈ। ਉਨ੍ਹਾਂ ਦੱਸਿਆ ਕਿ ਮਲਵਿੰਦਰ ਦੀ ਚਰਚਿਤ ਪੁਸਤਕ ‘ਚੁੱਪ ਦੇ ਬਹਾਨੇ’ ਹੁਣ ਲਾਹੌਰ ਵਿੱਚ ਸ਼ਾਹਮੁਖੀ ਵਿੱਚ ਵੀ ਛਪ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਵਿੱਚ ਮਲਵਿੰਦਰ ਨੇ ਕੈਨੇਡਾ ਬਾਰੇ ਬੜਾ ਸੰਤੁਲਤ ਲਿਖਿਆ ਹੈ। ਜਿੱਥੇ ਉਸ ਨੇ ਕੈਨੇਡਾ ਦੇ ਪਰਵਾਸੀ ਜੀਵਨ ਅਤੇ ਇਸ ਦੀਆਂ ਚੰਗੀਆਂ ਕਦਰਾਂ-ਕੀਮਤਾਂ ਦੀ ਸਿਫ਼ਤ ਕੀਤੀ ਹੈ, ਉੱਥੇ ਇਸ ਸਮੇਂ ਕੈਨੇਡਾ ਵਿੱਚ ਫ਼ੈਲ ਰਹੀਆਂ ਭੈੜੀਆਂ ਅਲਾਮਤਾਂ ਨਸ਼ਿਆਂ ਦੀ ਭਰਮਾਰ, ਕਾਰਾਂ ਦੀ ਚੋਰੀ ਤੇ ਦਿਨੋਂ-ਦਿਨ ਵੱਧ ਰਹੀ ਹਿੰਸਾ ਬਾਰੇ ਵੀ ਬਾਖ਼ੂਬੀ ਜ਼ਿਕਰ ਕੀਤਾ ਹੈ।
ਵਿਸ਼ਾਲ ਬਿਆਸ, ਇੰਦਰੇਸ਼ਮੀਤ ਤੇ ਕਈ ਹੋਰਨਾਂ ਨੇ ਮਲਵਿੰਦਰ ਨੂੰ ਕੈਨੇਡਾ ਦੇ ਸਮਾਜਿਕ ਜੀਵਨ, ਪਰਵਾਸ ਤੇ ਅੰਤਰਰਾਸ਼ਟਰੀ ਵਿਸਿਆਰਥੀਆਂ ਦੀਆਂ ਸਮੱਸਸਿਆਵਾਂ ਬਾਰੇ ਕਈ ਸੁਆਲ ਕੀਤੇ ਜਿਨ੍ਹਾਂ ਦੇ ਜੁਆਬ ਮਲਵਿੰਦਰ ਵੱਲੋਂ ਤਸੱਲੀ ਪੂਰਵਕ ਦਿੱਤੇ ਗਏ। ਇਸ ਮੌਕੇ ਮਲਵਿੰਦਰ ਨੂੰ ‘ਸ਼ਬਦ ਨਾਦ ਮੰਚ ਬਿਆਸ’ ਵੱਲੋਂ ਸ਼ਾਨਦਾਰ ਫੁਲਕਾਰੀ ਤੇ ਕੈਕਟਸ ਦੇ ਪੌਦੇ ਨਾਲ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਕਵੀ-ਦਰਬਾਰ ਹੋਇਆ ਜਿਸ ਵਿਚ ਕਵੀਆਂ ਤੇ ਕਵਿੱਤਰੀਆਂ ਕੰਵਲਜੀਤ ਭੁੱਲਰ, ਸਰਬਜੀਤ ਸਿੰਘ ਸੰਧੂ, ਹੀਰਾ ਰੰਧਾਵਾ, ਇੰਦਰੇਸ਼ਮੀਤ, ਹਰਦੀਪ ਸਿੰਘ ਸੰਧੂ, ਅਰਤਿੰਦਰ ਸੰਧੂ, ਜਗਤਾਰ ਗਿੱਲ, ਜਸਵੰਤ ਧਾਪ, ਡਾ. ਮੋਹਨ ਬੇਗੋਵਾਲ, ਡਾ. ਭੁਪਿੰਦਰ ਸਿੰਘ ਬੇਗੋਵਾਲ, ਤਰਸੇਮ ਲਾਲ ਬਾਵਾ, ਐੱਸ. ਪ੍ਰਸ਼ੋਤਮ, ਵਿਜੇਤਾ ਭਾਰਦਵਾਜ, ਡਾ. ਰਾਜੇਸ਼ ਭਾਰਦਵਾਜ, ਸੀਮਾ ਗਰੇਵਾਲ, ਰਾਜਬੀਰ ਗਰੇਵਾਲ, ਪੂਰਨ ਪਿਆਸਾ ਨੇ ਭਾਗ ਲਿਆ, ਜਦ ਕਿ ਰਾਜ ਖ਼ੁਸ਼ਵੰਤ ਸਿੰਘ ਸੰਧੂ, ਮਨਮੋਹਣ ਸਿੰਘ ਢਿੱਲੋਂ, ਸੰਨੀ ਗਿੱਲ ਪੱਖੋਕੇ, ਹਰਕੰਵਲ ਸਾਹਿਲ, ਤੇਜਿੰਦਰ ਬਾਵਾ, ਪਰਵੀਨ ਪੁਰੀ ਤੇ ਕਈ ਹੋਰ ਸੁਹਿਰਦ ਸਾਥੀ ਸਰੋਤਿਆਂ ਵਜੋਂ ਹਾਜ਼ਰ ਹੋਏ। ਅਖ਼ੀਰ ਵਿੱਚ ਪਰਵੀਨ ਪੁਰੀ ਵੱਲੋਂ ਆਏ ਮਹਿਮਾਨਾਂ, ਕਵੀਆਂ-ਕਵਿੱਤਰੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਦੇ ਦੋਹਾਂ ਸੈਸ਼ਨਾਂ ਦੀ ਕਾਰਵਾਈ ਨੂੰ ਮੰਚ-ਸੰਚਾਲਕ ਬਖ਼ਤਾਵਰ ਧਾਲੀਵਾਲ ਵੱਲੋਂ ਬਾਖ਼ੂਬੀ ਨਿਭਾਇਆ ਗਿਆ।