ਵਿਕਟੋਰੀਆ – ਬ੍ਰਿਟਿਸ਼ ਕੋਲੰਬੀਆ ਵਿੱਚ ‘ਕੰਜ਼ਿਊਮਰ ਕਾਰਬਨ ਟੈਕਸ’ ਦੇ ਰੱਦ ਹੋਣ ਨਾਲ ਲੋਕਾਂ ਨੂੰ ਤੁਰੰਤ ਬੱਚਤ ਦੇਖਣ ਨੂੰ ਮਿਲੇਗੀ।
ਫੈਡਰਲ ਸਰਕਾਰ ਦੇ ਖਪਤਕਾਰਾਂ ‘ਤੇ ਫੈਡਰਲ ਕਾਰਬਨ ਟੈਕਸ ਨੂੰ ਹਟਾਉਣ ਦੇ ਨਾਲ, ਬੀ.ਸੀ. ਸਰਕਾਰ ਨਾ ਸਿਰਫ ਨਿਰਧਾਰਤ ਟੈਕਸ ਵਾਧੇ ਨੂੰ ਰੋਕ ਰਹੀ ਹੈ, ਬਲਕਿ ਇਹ ਟੈਕਸ ਹਟਾਉਣ ਲਈ ਸੋਮਵਾਰ, 31 ਮਾਰਚ, 2025 ਨੂੰ ਵਿਧਾਨ ਪੇਸ਼ ਕਰ ਰਹੀ ਹੈ, ਜੋ 1 ਅਪ੍ਰੈਲ, 2025 ਤੋਂ ਲਾਗੂ ਹੋਵੇਗਾ।
ਸੂਬਾ ਹੁਣ ਫ਼ਿਊਲ (ਬਾਲਣ) ਵਿਕਰੇਤਾਵਾਂ ਅਤੇ ਨੈਚੁਰਲ ਗੈਸ ਰੀਟੇਲਰਾਂ ਨੂੰ ਸੂਚਿਤ ਕਰ ਰਿਹਾ ਹੈ ਤਾਂ ਜੋ ਉਹ 1 ਅਪ੍ਰੈਲ, 2025 ਤੋਂ ਖਪਤਕਾਰਾਂ ਤੋਂ ਟੈਕਸ ਇਕੱਤਰ ਕਰਨਾ ਬੰਦ ਕਰਨ ਲਈ ਕਾਰਵਾਈ ਕਰ ਸਕਣ। ਹਾਲਾਂਕਿ ਬੀ.ਸੀ. ਦੀ ਸਰਕਾਰ ਸਮਝਦੀ ਹੈ ਕਿ ਟੈਕਸ ਨੂੰ ਖਤਮ ਕਰਨ ਲਈ ਤਬਦੀਲੀਆਂ ਦੀ ਲੋੜ ਹੈ, ਸੂਬੇ ਨੂੰ ਉਮੀਦ ਹੈ ਕਿ ਫ਼ਿਊਲ ਵਿਕਰੇਤਾ ਅਤੇ ਨੈਚੁਰਲ ਗੈਸ ਰੀਟੇਲਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਗਾਹਕਾਂ ਤੋਂ 1 ਅਪ੍ਰੈਲ ਤੋਂ ਖ਼ਰੀਦ ‘ਤੇ ਕਾਰਬਨ ਟੈਕਸ ਨਾ ਵਸੂਲਿਆ ਜਾਵੇ।
ਇਹ ਸੂਬਾ ਇਹ ਯਕੀਨੀ ਬਣਾ ਕੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਵਚਨਬੱਧਤਾ ‘ਤੇ ਕੰਮ ਕਰਨਾ ਜਾਰੀ ਰੱਖੇਗਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਕੋਲ ਟਿਕਾਊ ਚੋਣਾਂ ਕਰਨ ਲਈ ਕਿਫ਼ਾਇਤੀ ਵਿਕਲਪ ਮੌਜੂਦ ਹਨ ਅਤੇ ਉਦਯੋਗ ਨੂੰ ਨਵੀਨਤਾ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਉਦਯੋਗ ਨੂੰ ਆਪਣੀ ਮੁਕਾਬਲੇਬਾਜ਼ੀ ਨੂੰ ਬਣਾਈ ਰੱਖਦੇ ਹੋਏ ਕਾਰਬਨ ਦੀ ਘੱਟ ਵਰਤੋਂ ਵਾਲੀ ਤਕਨਾਲੋਜੀਆਂ ਨੂੰ ਅਪਣਾਉਣ ਲਈ ਉਤਸ਼ਾਹਤ ਕਰਨਾ ਸੂਬੇ ਵਿੱਚ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਸਰਕਾਰ ਲੋਕਾਂ ‘ਤੇ ਕਾਰਬਨ ਟੈਕਸ ਨੂੰ ਹਟਾ ਰਹੀ ਹੈ, ਬੀ.ਸੀ. ਸੂਬਾ ਇਹ ਯਕੀਨੀ ਬਣਾਉਣਾ ਜਾਰੀ ਰੱਖੇਗਾ ਕਿ ਵੱਡੇ ਉਦਯੋਗਿਕ ਪ੍ਰਦੂਸ਼ਕ ‘ਆਉਟਪੁੱਟ-ਅਧਾਰਤ ਕਾਰਬਨ ਪ੍ਰਾਇਸਿੰਗ ਸਿਸਟਮ’ (ਕਾਰਬਨ ਪ੍ਰਾਇਸਿੰਗ ਗਲੋਬਲ ਵਾਰਮਿੰਗ ਨੂੰ ਘਟਾਉਣ ਦਾ ਇੱਕ ਤਰੀਕਾ ਹੈ, ਜਿਸ ਵਿੱਚ ਕੋਲੇ, ਤੇਲ ਅਤੇ ਗੈਸ ਦੇ ਬਲਨ ਨੂੰ ਘਟਾਉਣ ਲਈ ਪ੍ਰਦੂਸ਼ਕਾਂ ਨੂੰ ਉਤਸ਼ਾਹਤ ਕਰਨ ਲਈ ਗ੍ਰੀਨਹਾਊਸ ਗੈਸਾਂ ਦੇ ਨਿਕਾਸ ‘ਤੇ ਲਾਗਤ ਜਾਰੀ ਕੀਤੀ ਜਾਂਦੀ ਹੈ) ਰਾਹੀਂ ਆਪਣੇ ਵਾਜਬ ਹਿੱਸੇ ਦਾ ਭੁਗਤਾਨ ਕਰਨ। ਇਹ ਸਿਸਟਮ ਵੱਡੇ ਪੱਧਰ ਦੇ ਉਦਯੋਗਿਕ ਪ੍ਰਦੂਸ਼ਕਾਂ ਨੂੰ ਜਵਾਬਦੇਹ ਬਣਾਉਂਦਾ ਹੈ ਅਤੇ ਨਿਕਾਸ ਨੂੰ ਘਟਾਉਣ ਲਈ ਘੱਟ ਲਾਗਤ ਵਾਲੇ ਕਿਫ਼ਾਇਤੀ ਤਰੀਕੇ ਪੇਸ਼ ਕਰਦਾ ਹੈ।