Headlines

ਕਾਰਨੀ ਦੇ ਵਧਦੇ ਤੇਜ਼ ਤੋਂ ਪੋਲੀਵਰ ਟੀਮ ‘ਚ ਭੈਅ ਦਾ ਮਹੌਲ

● ਤੇਜ਼ੀ ਨਾਲ ਬਦਲਣ ਲੱਗੀ ਕੈਨੇਡੀਅਨਜ਼ ਦੀ ਪਸੰਦ-
ਬਲਦੇਵ ਸਿੰਘ ਭੰਮ-

ਸਰੀ (ਕੈਨੇਡਾ)- ਮਾਰਕ ਕਾਰਨੀ ਦੇ ਲਿਬਰਲ ਪਾਰਟੀ ਲੀਡਰ ਅਤੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਕੈਨੇਡਾ ਦੀ ਸਿਆਸੀ ਫਿਜ਼ਾ ਤਬਦੀਲ ਹੋ ਗਈ ਹੈ। ਸਿਆਸਤ ‘ਚ ਇਹ ਧਾਰਨਾ ਹੈ ਕਿ ਇੱਕ ਦਿਨ ਜਾਂ ਇੱਕ ਰਾਤ ਦਾ ਵਕਫਾ ਹਾਲਾਤਾਂ ਨੂੰ ਮੋੜਾ ਦੇਣ ਲਈ ਕਾਫੀ ਹੁੰਦਾ ਹੈ, ਹੁਣ ਕੈਨੇਡਾ ਵਿੱਚ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਜਾਪਦਾ ਹੈ। ਸੱਤਾਧਾਰੀ ਲਿਬਰਲ ਪਾਰਟੀ ਪਿਛਲੇ ਦੋ ਸਾਲ ਤੋਂ ਲਗਾਤਾਰ ਕੰਸਰਵੇਟਿਵ ਪਾਰਟੀ ਤੋਂ ਬੁਰੀ ਤਰ੍ਹਾਂ ਪਛੜ ਰਹੀ ਸੀ ਤੇ ਕੰਸਰਵੇਟਿਵ ਪਾਰਟੀ 26% ਦੀ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਸੀ। ਇਹ ਲੱਗ ਰਿਹਾ ਸੀ ਕਿ ਪੀਅਰ ਪੋਲੀਵਰ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ, ਇਸ ਮਹੌਲ ਤੋਂ ਉਤਸ਼ਾਹਿਤ ਹੋਏ ਅਤੇ ਪੀਅਰ ਦੇ ਸਿਪਾਹਸਲਾਰ ਅਤੇ ਪਾਰਟੀ ਦੇ ਸਰਗਰਮ ਲੋਕ ਤਾਂ ਆਪੋ ਆਪਣੀਆਂ ਵਜ਼ੀਰੀਆਂ ਵੰਡਣ ਵਿੱਚ ਮਸਰੂਫ਼ ਹੋ ਗਏ ਸਨ, ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਜਿੱਤ ਹੁਣ ਵੱਟ ‘ਤੇ ਪਈ ਹੈ ਪਰ ਉਹ ਭੁੱਲ ਗਏ ਕਿ ਜਿੱਤ ਦਾ ਤਾਜ ਜਦੋਂ ਤੱਕ ਤੁਹਾਡੇ ਸਿਰ ਤੇ ਸਜ ਨਾ ਜਾਵੇ ਉਦੋਂ ਤੱਕ ਆਪਣੇ ਆਪ ਨੂੰ ਜਿੱਤਿਆ ਮੰਨ ਲੈਣਾ ਸਮਝਦਾਰੀ ਨਹੀਂ ਹੁੰਦੀ। ਲਿਬਰਲ ਪਾਰਟੀ ਖਰਗੋਸ਼ ਅਤੇ ਕੱਛੂਕੁੰਮੇ ਦੀ ਦੌੜ ਵਾਲੀ ਕਹਾਣੀ ਮੁਤਾਬਿਕ ਆਪਣੀ ਚਾਲੇ ਚਲਦੀ ਰਹੀ ਜਦੋਂਕਿ ਦੂਸਰੇ ਪਾਸੇ ਕੰਸਰਵਟਿਵ ਪਾਰਟੀ ਦਾ ਖਰਗੋਸ਼ ਤੇਜ਼ੀ ਨਾਲ ਦੌੜ ਲਾਉਂਦਾ ਜਿੱਤ ਦੇ ਨਿਸ਼ਾਨ ਵੱਲ ਵਧਦਾ ਜਾ ਰਿਹਾ ਸੀ ਪਰ ਜਿੱਤ ਦੇ ਬਿਲਕੁਲ ਨੇੜੇ ਪਹੁੰਚ ਕੇ ਜਿਓਂ ਹੀ ਕੰਸਰਵਟਿਵ ਪਾਰਟੀ ਦਾ ਤੇਜ ਤਰਾਰ ਖਰਗੋਸ਼ ਅਵੇਸਲਾ ਹੋਇਆ ਤਾਂ ਲਿਬਰਲ ਪਾਰਟੀ ਨੇ ਆਪਣਾ ਲੀਡਰ ਤਬਦੀਲ ਕਰਕੇ ਕਹਾਣੀ ਦਾ ਨਤੀਜਾ ਹੀ ਪਲਟ ਦਿੱਤਾ।

ਮਾਰਕ ਕਾਰਨੀ ਦਾ ਨਾਮ ਅੱਗੇ ਆਉਣ ਦੇ ਨਾਲ ਹੀ ਅਮਰੀਕਾ ਵਿੱਚ ਹੋਏ ਸਿਆਸੀ ਉਥਲ ਪੁਥਲ ਦਾ ਕੈਨੇਡਾ ਉੱਤੇ ਵੀ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ, ਟਰੰਪ ਨੇ ਜਦੋਂ ਟਰੇਡ ਵਾਰ ਦਾ ਐਲਾਨ ਕੀਤਾ ਤਾਂ ਕਨੇਡੀਅਨ ਲੋਕਾਂ ਨੇ ਮਹਿਸੂਸ ਕੀਤਾ ਕਿ ਕੰਜਰਵਟਿਵ ਪਾਰਟੀ ਦਾ ਆਗੂ ਪੀਅਰੇ ਪੋਲੀਐਵ ਇਹਨਾਂ ਦੁਰਗਮ ਹਾਲਾਤਾਂ ਵਿੱਚ ਦੇਸ਼ ਦੀ ਅਗਵਾਈ ਕਰਨ ਵਾਸਤੇ ਢੁਕਵਾਂ ਉਮੀਦਵਾਰ ਨਹੀਂ ਹੈ। ਦੂਸਰੇ ਪਾਸੇ ਜਦੋਂ ਮਾਰਕ ਕਾਰਨੀ ਵੱਲ ਝਾਤ ਮਾਰੀ ਤਾਂ ਲੋਕਾਂ ਮਹਿਸੂਸ ਕੀਤਾ ਕਾਰਨੀ ਜਿਵੇਂ ਇਸ ਮੌਕੇ ਨੂੰ ਸਾਂਭਣ ਵਾਸਤੇ ਹੀ ਸਿਆਸਤ ਵਿੱਚ ਪ੍ਰਗਟ ਹੋਇਆ ਹੈ ਕਿਉਂਕਿ ਕਾਰਨੀ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਤੋਂ ਇਲਾਵਾ ਹੋਰ ਅਨੇਕਾਂ ਪਬਲਿਕ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਮਹੱਤਵਪੂਰਨ ਅਹੁਦਿਆਂ ਉੱਤੇ ਸੇਵਾ ਨਿਭਾ ਚੁੱਕਾ ਹੈ। ਜਦੋਂ ਮਾਰਕ ਕਾਰਨੀ ਬੈਂਕ ਆਫ ਕੈਨੇਡਾ ਦੇ ਗਵਰਨਰ ਸਨ ਤਾਂ ਬਤੌਰ ਗਵਰਨਰ ਉਨ੍ਹਾਂ ਦੀ ਚੋਣ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਹੀ ਕੀਤੀ ਸੀ ਜੋ ਸਮੇਂ ਦੀ ਕੰਜਰਵਟਿਵ ਸਰਕਾਰ ਦੇ ਮੁਖੀ ਸਨ। ਗਵਰਨਰ ਹੁੰਦਿਆਂ ਕਾਰਨੀ ਨੇ 2008 ਵਿੱਚ ਆਏ ਇਕਨਾਮਿਕ ਰਿਸੈਸ਼ਨ ਵਿੱਚ ਕੈਨੇਡਾ ਨੂੰ ਚੰਗੀ ਤੇ ਯੋਗ ਅਗਵਾਈ ਦੇਕੇ ਇੱਕ ਅਹਿਮ ਰੋਲ ਅਦਾ ਕੀਤਾ ਸੀ। ਜਦੋਂ ਇੰਗਲੈਂਡ ਨੇ ਮਾਰਕਕਾਰਨੀ ਨੂੰ ਬੈਂਕ ਆਫ ਇੰਗਲੈਂਡ ਦਾ ਗਵਰਨਰ ਬਣਾਇਆ ਤਾਂ ਉਦੋਂ ਇੰਗਲੈਂਡ ਨੂੰ ਨਾਜ਼ੁਕ ਹਾਲਾਤਾਂ ਵਿੱਚੋਂ ਕੱਢਣ ਵਿੱਚ ਵੀ ਕਾਰਨੀ ਦਾ ਮਹੱਤਵਪੂਰਨ ਯੋਗਦਾਨ ਸੀ ਕਿਉਂਕਿ ਉਦੋਂ ਇੰਗਲੈਂਡ ਦੇ ਵਿੱਚ ਬਰੈਕਸਿਟ ਦੀ ਪ੍ਰਕਿਰਿਆ ਜਾਰੀ ਸੀ। ਇਸ ਵੇਲੇ ਕਾਰਨੀ ਹੀ ਕੰਜਰਵਟਿਵ ਪਾਰਟੀ ਦੇ ਰਾਹ ਦੇ ਵਿੱਚ ਵੱਡੀ ਦੀਵਾਰ ਬਣ ਕੇ ਖੜ੍ਹ ਗਏ ਹਨ। ਇਹੀ ਕਾਰਨ ਹੈ ਕਿ ਅੱਜ ਹਰ ਕੰਜਰਵਟਿਵ ਕਾਰਕੁੰਨ ਕਾਰਨੀ ਦੀ ਨੁਕਤਾਚੀਨੀ ਕਰ ਰਿਹਾ ਹੈ। ਕੁਝ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਉਹ ਕਦੇ ਵੀ ਇੱਕ ਚੁਣਿਆ ਨੁਮਾਇੰਦਾ ਨਹੀਂ ਰਿਹਾ ਜਦੋਂਕਿ ਕੁਝ ਲੋਕ ਉਸਤੇ ਆਪਣੇ ਨਿਜੀ ਅਸਾਸਿਆਂ ਦਾ ਖੁਲਾਸਾ ਨਾ ਕਰਨ ਦੇ ਦੋਸ਼ ਲਗਾ ਰਹੇ ਹਨ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਖੁਦ ਸਟੀਫਨ ਹਾਰਪਰ ਦੇ ਫਾਈਨਾਂਸ ਮਿਨਿਸਟਰ ਜਿਮ ਫਲੈਰਟੀ ਨੇ ਮਾਰਕ ਕਾਰਨੀ ਦੀ 2012 ਵਿੱਚ ਤਰੀਫ ਕਰਦਿਆਂ ਕਿਹਾ ਸੀ ਕਿ ਗਵਰਨਰ ਕਾਰਨੀ ਨੇ ਉਨ੍ਹਾਂ ਨੂੰ ਬਹੁਮੁੱਲੀ ਸਪੋਰਟ ਦਿੱਤੀ ਹੈ। ਕਾਰਨੀ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਉਸਨੇ ਕਨੇਡੀਅਨ ਅਰਥਚਾਰੇ ਨੂੰ ਮਜ਼ਬੂਤ ਰੱਖਣ ਅਤੇ ਕਨੇਡੀਅਨ ਨੌਕਰੀਆਂ ਸਮੇਤ ਪੂਰੇ ਮੋਨੀਟਰੀ ਸਿਸਟਮ ਨੂੰ ਸਥਿਰ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਹ ਸ਼ਬਦ ਇਸਤੇਮਾਲ ਕਰਕੇ ਉਸ ਸਮੇਂ ਦੇ ਕੰਜਰਵੇਟਵ ਫਾਈਨੈਂਸ ਮਿਨਿਸਟਰ ਨੇ ਤਤਕਾਲੀਨ ਗਵਰਨਰ ਕਾਰਨੀ ਦੀ ਤਾਰੀਫ ਕੀਤੀ ਸੀ। ਹੁਣ ਦੇਖੋ ਸਿਆਸਤ ਕਿਸ ਤਰ੍ਹਾਂ ਰੰਗ ਬਦਲਦੀ ਹੈ ਕਿਸੇ ਵੇਲੇ ਸਿਆਸਤ ਵਿੱਚ ਕੋਈ ਵਿਅਕਤੀ ਤੁਹਾਨੂੰ ਆਪਣਾ ਅਹਿਮ ਭਾਈਵਾਲ ਅਤੇ ਹਮਾਇਤੀ ਜਾਪਦਾ ਹੈ ਤੇ ਉਸਦੇ ਕੀਤੇ ਹੋਏ ਕੰਮ ਵੀ ਤੁਹਾਨੂੰ ਅਤਿਅੰਤ ਚੰਗੇ ਲੱਗਦੇ ਹਨ ਪਰ ਜਦੋਂ ਉਹੀ ਵਿਅਕਤੀ ਤੁਹਾਡੇ ਬਰਖਿਲਾਫ ਇੱਕ ਬਦਲ ਦੇਣ ਲਈ ਲੋਕਾਂ ਵਿੱਚ ਆ ਜਾਂਦਾ ਹੈ ਤਾਂ ਉਹੀ ਵਿਅਕਤੀ ਫਿਰ ਮਾੜਾ ਵੀ ਲੱਗਣ ਲੱਗ ਜਾਂਦਾ ਹੈ।
ਖੈਰ ਅੱਜ ਦੇ ਸਿਆਸੀ ਹਾਲਾਤ ਇਹ ਕਹਿ ਰਹੇ ਹਨ ਕਿ ਮਾਰਕਾਰਨੀ ਤੇਜ਼ੀ ਨਾਲ ਇੱਕ ਬਹੁਮਤ ਸਰਕਾਰ ਬਣਾਉਣ ਵੱਲ ਵਧ ਰਹੇ ਹਨ ਕਿਉਂਕਿ ਇੱਕ ਬਹੁਤ ਵੱਡੇ ਤਬਕੇ ਨੂੰ ਇਹ ਜਾਪਦਾ ਹੈ ਕਿ ਜਿਸ ਤਰ੍ਹਾਂ ਦੇ ਆਰਥਿਕ ਹਾਲਾਤ ਕੈਨੇਡਾ ਵਿੱਚ ਬਣਨ ਜਾ ਰਹੇ ਹਨ ਇਸ ਤਰ੍ਹਾਂ ਦੇ ਚੁਣੌਤੀਪੂਰਨ ਹਾਲਾਤਾਂ ਵਿੱਚੋਂ ਕੈਨੇਡਾ ਨੂੰ ਕੱਢ ਲਿਆਉਣ ਦੀ ਮੁਹਾਰਤ ਕੇਵਲ ਮਾਰਕਾਰਨੀ ਵਿੱਚ ਮੌਜੂਦ ਹੈ। ਇਹ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟਣ ਵਾਲੀ ਗੱਲ ਹੈ ਕਿ ਐਨ ਚੋਣਾਂ ਨੇੜੇ ਹਾਲਾਤ ਉਹ ਪੈਦਾ ਹੋ ਗਏ ਹਨ ਜਿਸਦਾ ਇਲਾਜ ਕਾਰਨੀ ਦੇ ਹੀ ਵੱਸ ਦਾ ਰੋਗ ਮੰਨਿਆ ਜਾ ਰਿਹਾ ਹੈ।
ਜੇ ਅਸੀਂ ਗੱਲ ਲੋਅਰ ਮੇਨਲੈਂਡ ਦੀ ਜਾਂ ਆਪਣੇ ਸ਼ਹਿਰ ਸਰੀ ਦੀ ਕਰੀਏ ਤਾਂ ਐਮਪੀ ਸੁਖ ਧਾਲੀਵਾਲ ਅਤੇ ਰਣਦੀਪ ਸਰਾਏ ਦੇ ਰੂਪ ਦੇ ਵਿੱਚ ਕਾਰਨੀ ਕੋਲ ਦੋ ਮਹੱਤਵਪੂਰਨ ਤੇ ਤਜ਼ਰਬੇਕਾਰ ਜਰਨੈਲ ਹਨ ਜੋ ਲੰਬੇ ਸਮੇਂ ਤੋਂ ਲੋਕ ਸੇਵਾ ਵਿੱਚ ਤਤਪਰ ਚਲੇ ਆ ਰਹੇ ਹਨ। ਲੀਡਰਸ਼ਿਪ ਰੇਸ ਦੌਰਾਨ ਜਦੋਂ ਮਾਰਕ ਕਾਰਨੀ ਆਪਣੀ ਸਰੀ ਫੇਰੀ ਤੇ ਆਏ ਤਾਂ ਇਹ ਦੋਵੇਂ ਸਿਪਾਹ-ਸਲਾਰ ਬੜੀ ਗਰਮ ਜੋਸ਼ੀ ਨਾਲ ਕਾਰਨੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਵਿਖਾਈ ਦਿੱਤੇ ਸਨ। ਜੇ ਹਾਲਾਤ ਮੁਤਾਬਕ ਕਾਰਨੀ ਬਹੁਮਤ ਸਰਕਾਰ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਲੋਕਾਂ ਨੂੰ ਇਨ੍ਹਾਂ ਲੀਡਰਾਂ ਤੋਂ ਵੱਡੀਆਂ ਆਸਾਂ ਹੋਣਗੀਆਂ। ਹੁਣ ਗੇਂਦ ਜਨਤਾ ਦੇ ਪਾਲੇ ਵਿੱਚ ਹੈ ਜਨਤਾ ਜਨਾਰਦਨ ਹੈ, ਦੇਖੋ ਇਹ ਕਿਸ ਦੀ ਬੇੜੀ ਪਾਰ ਲਾਉਂਦੀ ਹੈ ਅਤੇ ਕਿਸ ਨੂੰ ਅਧਵਾਟੇ ਡੋਬਦੀ ਹੈ
ਬਲਦੇਵ ਸਿੰਘ ਭੰਮ (ਹੋਸਟ)
ਰੇਡੀਓ ਇੰਡੀਆ, ਸਰੀ, ਕੈਨੇਡਾ

Leave a Reply

Your email address will not be published. Required fields are marked *