ਪੈਨਟਿੰਕਟਨ- ਕੰਸਰਵੇਟਿਵ ਪਾਰਟੀ ਆਫ ਕੈਨੇਡਾ ਵਲੋਂ ਫੈਡਰਲ ਚੋਣਾਂ ਲਈ ਸਾਊਥ ਓਕਨਾਗਨ-ਵੈਸਟ ਕੂਟਨੀ ਹਲਕੇ ਤੋਂ ਹੈਲਨਾ ਕੋਨੈਂਜ਼ ਨੂੰ ਪਾਰਟੀ ਉਮੀਦਵਾਰ ਨਾਮਜ਼ਦ ਕੀਤਾ ਗਿਆ। ਇਸ ਹਲਕੇ ਤੋਂ ਪੰਜਾਬੀ ਮੂਲ ਦੇ ਉਘੇ ਬਿਜਨਸਮੈਨ ਗੈਰੀ ਜੌਹਲ ਵੱਡੇ ਦਾਅਵੇਦਾਰ ਸਨ। ਪਾਰਟੀ ਵਲੋਂ ਹੈਲਨਾ ਦੀ ਕੀਤੀ ਗਈ ਸਿੱਧੀ ਨਾਮਜ਼ਦਗੀ ਉਪਰੰਤ ਗੈਰੀ ਜੌਹਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਨੇ ਸਾਡੀ ਰਾਈਡਿੰਗ ਲਈ ਹੈਲਨਾ ਕੋਨੈਂਜ਼ ਨੂੰ ਉਮੀਦਵਾਰ ਵਜੋਂ ਚੁਣਿਆ ਹੈ ਜਦੋਂਕਿ ਉਹ ਇਸ ਨਾਮਜ਼ਦਗੀ ਦੌੜ ਦਾ ਹਿੱਸਾ ਵੀ ਨਹੀਂ ਸੀ।
ਇਸਦੇ ਨਾਲ ਹੀ ਉਨ੍ਹਾਂ ਨੇ ਨਾਮਜ਼ਦਗੀ ਮੁਹਿੰਮ ਦੌਰਾਨ ਆਪਣੇ ਸਾਥੀਆਂ, ਵਲੰਟੀਅਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਤੁਹਾਡੀ ਹੱਲਾਸ਼ੇਰੀ, ਸਖ਼ਤ ਮਿਹਨਤ ਅਤੇ ਮੇਰੇ ਵਿਚ ਪ੍ਰਗਟਾਏ ਗਏ ਵਿਸ਼ਵਾਸ ਦੀ ਬਹੁਤ ਵੱਡੀ ਅਹਿਮੀਅਤ ਹੈ। ਹਾਲਾਂਕਿ ਇਹ ਉਹ ਨਤੀਜਾ ਨਹੀਂ ਸੀ ਜਿਸਦੀ ਸਾਨੂੰ ਉਮੀਦ ਸੀ ਪਰ ਮੈਨੂੰ ਇਸ ਗੱਲ ‘ਤੇ ਬਹੁਤ ਮਾਣ ਹੈ ਕਿ ਅਸੀਂ ਮਿਲਕੇ ਕੰਮ ਕਰਦਿਆਂ ਬਹੁਤ ਕੁਝ ਸਿੱਖਿਆ ਹੈ।
ਇਹ ਮੁਹਿੰਮ ਕਦੇ ਵੀ ਸਿਰਫ਼ ਇੱਕ ਵਿਅਕਤੀ ਬਾਰੇ ਨਹੀਂ ਸੀ, ਇਹ ਸਾਡੀਆਂ ਕਦਰਾਂ-ਕੀਮਤਾਂ ਅਤੇ ਸਾਡੇ ਭਾਈਚਾਰੇ ਪ੍ਰਤੀ ਸਾਂਝੀ ਵਚਨਬੱਧਤਾ ਬਾਰੇ ਸੀ। ਇਹ ਕੰਮ ਇੱਥੇ ਖਤਮ ਨਹੀਂ ਹੁੰਦਾ। ਮੈਂ ਉਸ ਲਈ ਖੜ੍ਹਾ ਰਹਾਂਗਾ ਜਿਸ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਲਗਾਤਾਰ ਮੇਰਾ ਸਾਥ ਦਿੰਦੇ ਰਹੋਗੇ। ਉਹਨਾਂ ਇਕ ਹੋਰ ਸ਼ੁਰੂਆਤ ਲਈ ਸਾਰਿਆਂ ਦਾ ਮੁੜ ਧੰਨਵਾਦ ਕੀਤਾ ਹੈ। ਉਹਨਾਂ ਇਕ ਮਜ਼ਬੂਤ ਕੈਨੇਡਾ ਲਈ ਪਾਰਟੀ ਆਗੂ ਪੋਲੀਵਰ ਦੀ ਟੀਮ ਵਿਚ ਹੈਲਨਾ ਦੇ ਸਮਰਥਨ ਲਈ ਵੋਟਰਾਂ ਨੂੰ ਅਪੀਲ ਕੀਤੀ ਹੈ।
ਸਾਊਥ ਓਕਨਾਗਨ ਤੋਂ ਗੈਰੀ ਜੌਹਲ ਵਲੋਂ ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ
