Headlines

ਉਘੇ ਬਿਜਨਸਮੈਨ ਤੇ ਕਬੱਡੀ ਪ੍ਰੋਮੋਟਰ ਸੁੱਖ ਪੰਧੇਰ ਫਲੀਟਵੁੱਡ-ਪੋਰਟ ਕੈਲਸ ਤੋਂ ਕੰਸਰਵੇਟਿਵ ਉਮੀਦਵਾਰ ਨਾਮਜ਼ਦ

ਸਰੀ ( ਦੇ ਪ੍ਰ ਬਿ)- ਕੰਸਰਵੇਟਿਵ ਪਾਰਟ ਆਫ ਕੈਨੇਡਾ ਨੇ ਸਰੀ ਦੇ ਉਘੇ ਬਿਜਨਸਮੈਨ, ਟਰਾਂਸਪੋਰਟਰ ਤੇ ਕਬੱਡੀ ਪ੍ਰੋਮੋਟਰ   ਸੁੱਖ ਪੰਧੇਰ  ਨੂੰ ਫਲੀਟਵੁੱਡ-ਪੋਰਟ ਕੈਲਸ ਹਲਕੇ ਤੋਂ ਪਾਰਟੀ ਦਾ ਅਧਿਕਾਰਤ ਉਮੀਦਵਾਰ ਨਾਮਜ਼ਦ ਕੀਤਾ ਹੈ।

ਪਿਛਲੇ ਦਿਨਾਂ ਤੋਂ ਨਾਮਜ਼ਦਗੀ ਮੁਹਿੰਮ ਵਿਚ ਉਹਨਾਂ ਦੇ ਮੁਕਾਬਲੇ ਕਰਤਾਰ ਸਿੰਘ ਢਿੱਲੋਂ ਤੇ ਤ੍ਰਿਪਤ ਅਟਵਾਲ ਮਜ਼ਬੂਤ ਉਮੀਦਵਾਰ ਸਨ। ਪਰ ਪਾਰਟੀ ਹਾਈਕਮਾਨ ਵਲੋਂ ਸੁੱਖ ਪੰਧੇਰ ਦੇ ਵਿਅਕਤੀਤਵ ਅਤੇ ਕਮਿਊਨਿਟੀ ਵਿਚ ਉਹਨਾਂ ਦੇ ਆਧਾਰ ਨੂੰ ਵੇਖਦਿਆਂ ਉਹਨਾਂ ਨੂੰ ਫੈਡਰਲ ਚੋਣਾਂ ਲਈ ਆਪਣਾ ਉਮੀਦਵਾਰ ਬਣਾਇਆ ਹੈ।

ਪਾਰਟੀ ਵਲੋਂ ਉਹਨਾਂ ਦੀ ਅਧਿਕਾਰਿਤ ਉਮੀਦਵਾਰੀ ਦਾ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਪੰਜਾਬ ਦੇ ਜੰਮਪਲ ਸੁੱਖ ਪੰਧੇਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਨਾਲ ਇੱਕ ਪੇਸ਼ੇਵਰ ਕਬੱਡੀ ਖਿਡਾਰੀ ਰਹੇ ਹਨ। ਉਹ ਆਪਣੇ ਪਰਿਵਾਰ ਸਮੇਤ  1992 ਵਿੱਚ ਕੈਨੇਡਾ ਪ੍ਰਵਾਸ ਕਰ ਆਏ। ਹੋਰ ਪ੍ਰਵਾਸੀਆਂ ਦੀ ਤਰਾਂ ਉਹਨਾਂ ਨੇ ਸਖਤ ਮਿਹਨਤ ਕੀਤੀ ਤੇ ਸੰਨ 2000 ਵਿਚ ਆਪਣਾ ਟਰੱਕਿੰਗ ਦਾ ਕਾਰੋਬਾਰ ਸ਼ੁਰੂ ਕੀਤਾ। ਸਾਲ 2006 ਵਿਚ ਉਹਨਾਂ ਨੇ ਲੈਂਡ ਡਿਵੈਲਪਿੰਗ ਅਤੇ ਨਿਰਮਾਣ ਖੇਤਰ ਵਿਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ। ਉਹ ਆਪਣੀ ਪਤਨੀ ਸੁਖਵਿੰਦਰ ਕੌਰ ਤੇ ਦੋ ਬੱਚਿਆਂ ਸਮੇਤ ਸਰੀ ਵਿਚ ਰਹਿ ਰਹੇ ਹਨ ਤੇ ਪਿਛਲੇ 30 ਸਾਲਾਂ ਤੋਂ ਸਮਾਜ ਸੇਵੀ ਤੇ ਹੋਰ ਸਾਂਝੇ ਕਾਰਜਾਂ ਵਿਚ ਯੋਗਦਾਨ ਪਾਉਂਦੇ ਆ ਰਹੇ ਹਨ। 
ਆਪਣੇ ਜ਼ਿੰਦਗੀ ਦੇ  ਤਜ਼ਰਬਿਆਂ ਅਤੇ ਭਾਈਚਾਰੇ ਦੀਆਂ ਲੋੜਾਂ ਬਾਰੇ ਸਮਝ ਕਾਰਣ ਉਹ ਸਿਆਸਤ ਵਿਚ ਆਏ ਹਨ ਤੇ ਜਨਤਕ ਸੇਵਾ ਲਈ ਵਚਨਬੱਧ ਹਨ। 

    • ਲਿਬਰਲ ਪਾਰਟੀ ਵਲੋਂ ਗੁਰਬਖਸ਼ ਸੈਣੀ ਉਮੀਦਵਾਰ ਨਾਮਜ਼ਦ
    • ਇਸੇ ਦੌਰਾਨ ਫਲੀਟਵੁੱਡ ਪੋਰਟ ਕੈਲਸ ਹਲਕੇ ਤੋਂ ਲਿਬਰਲ ਪਾਰਟੀ ਵਲੋਂ ਸੀਨੀਅਰ ਲਿਬਰਲ ਕਾਰਕੁੰਨ ਗੁਰਬਖਸ਼ ਸੈਣੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਇਕ ਉਘੇ ਤੇ ਸਫਲ ਬਿਜਨਸਮੈਨ ਵਜੋਂ ਗੁਰਬਖਸ਼ ਸੈਣੀ ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਤੋਂ ਨਾਮਜ਼ਦਗੀ ਲਈ ਜਦੋਜਹਿਦ ਕਰ ਰਹੇ ਸਨ। ਇਸ ਹਲਕੇ ਤੋਂ ਲਿਬਰਲ ਐਮ ਪੀ ਕੈਨ ਹਾਰਡੀ ਨੇ ਪਿਛਲੇ ਸਾਲ ਅੱਗੇ ਤੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ।

 

 

Leave a Reply

Your email address will not be published. Required fields are marked *