Headlines

ਰੁਲਦਾ ਸਿੰਘ ਕਤਲ ਕੇਸ ਚੋਂ ਜਗਤਾਰ ਤਾਰਾ ਤੇ ਗੋਲਡੀ ਬਰੀ

ਪਟਿਆਲਾ- ਪਟਿਆਲਾ ਦੀ ਇਕ ਅਦਾਲਤ ਨੇ ‘ਰਾਸ਼ਟਰੀ ਸਿੱਖ ਸੰਗਤ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ  ਜਗਤਾਰ ਸਿੰਘ ਤਾਰਾ ਅਤੇ ਟਾਈਗਰ ਫੋਰਸ ਦੇ ਆਗੂ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਤਾਰਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬੁੜੈਲ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਵਧੀਕ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਾਰਾ ਤੇ ਗੋਲਡੀ ’ਤੇ ਇਸ ਕਤਲ ਸਬੰਧੀ ਸਾਜ਼ਿਸ਼ ਘੜਨ ਦੇ ਦੋਸ਼ ਸਨ। ਦੋਵਾਂ ਵੱਲੋਂ ਪੇਸ਼ ਹੋਏ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਨ੍ਹਾਂ ’ਤੇ ਮੜ੍ਹੇ ਗਏ ਦੋਸ਼ਾਂ ਨੂੰ ਪੁਲੀਸ ਦਸ ਸਾਲਾਂ ਵਿਚ ਸਾਬਤ ਨਹੀਂ ਕਰ ਸਕੀ। ਜਗਤਾਰ ਸਿੰਘ ਤਾਰਾ ਨੂੰ ਅਦਾਲਤੀ ਵਿੱਚ ਨਿੱਜੀ ਤੌਰ ’ਤੇ ਪੇਸ਼ ਕੀਤਾ ਗਿਆ।

ਰੁਲਦਾ ਸਿੰਘ ਨੂੰ ਪਟਿਆਲਾ ਦੀ ਅਨਾਜ ਮੰਡੀ ਸਥਿਤ ਉਸ ਦੀ ਰਿਹਾਇਸ਼ ਅੱਗੇ 28 ਜੁਲਾਈ 2009 ਵਿੱਚ ਅਣਪਛਾਤਿਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ।  ਇਸ ਸਬੰਧੀ ਥਾਣਾ ਤ੍ਰਿਪੜੀ ਵਿੱਚ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇਸ ਕੇਸ ਵਿੱਚ ਦਰਸ਼ਨ ਸਿੰਘ ਮੁਕਾਰੋਂਪੁਰ, ਜਗਮੋਹਨ ਸਿੰਘ ਬਸੀ, ਗੁਰਜੰਟ ਸਿੰਘ ਖੇੜੀ, ਅਮਰਜੀਤ ਸਿੰਘ ਚੰਡੀਗੜ੍ਹ ਅਤੇ ਦਲਜੀਤ ਸਿੰਘ ਮੁੰਬਈ ਨੂੰ ਕਾਤਲਾਂ ਦੇ ਮਦਦਗਾਰਾਂ ਵਜੋਂ ਗ੍ਰਿਫ਼ਤਾਰ ਕੀਤਾ ਸੀ ਜੋ 27 ਫਰਵਰੀ 2015 ਨੂੰ ਬਰੀ ਹੋ ਗਏ ਸਨ। ਹੁਣ ਤੱਕ ਇਸ ਕੇਸ ਵਿਚੋਂ ਸੱਤ ਜਣੇ ਬਰੀ ਹੋ ਗਏ ਹਨ। ਤਾਰਾ ਸਾਲ 2004 ਵਿੱਚ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਓਰਾ ਨਾਲ ਬੁੜੈਲ ਜੇਲ੍ਹ ਵਿਚੋਂ ਸੁਰੰਗ ਰਾਹੀਂ ਫ਼ਰਾਰ ਹੋ ਗਿਆ ਸੀ।

Leave a Reply

Your email address will not be published. Required fields are marked *