ਐਡਮਿੰਟਨ ( ਗੁਰਪ੍ਰੀਤ ਸਿੰਘ ) – ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀ ਫੈਡਰਲ ਚੋਣਾਂ ਵਿਚ ਐਡਮਿੰਟਨ ਸਾਊਥ ਈਸਟ ਹਲਕੇ ਤੋਂ ਲਿਬਰਲ ਉਮੀਦਵਾਰ ਹੋਣਗੇ। ਭਾਵੇਂਕਿ ਲਿਬਰਲ ਪਾਰਟੀ ਆਫ ਕੈਨੇਡਾ ਨੇ ਉਹਨਾਂ ਦੀ ਉਮੀਦਵਾਰੀ ਦਾ ਅਜੇ ਬਾਕਾਇਦਾ ਐਲਾਨ ਨਹੀਂ ਕੀਤਾ ਪਰ ਮੇਅਰ ਸੋਹੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਰਟੀ ਨੇ ਚੋਣ ਲੜਨ ਲਈ ਕਿਹਾ ਹੈ।
ਸੋਹੀ ਜੋ 2015 ਤੋਂ 2019 ਤੱਕ ਐਡਮਿੰਟਨ ਮਿੱਲਵੁਡਜ ਹਲਕੇ ਤੋਂ ਐਮ ਪੀ ਰਹਿ ਚੁੱਕੇ ਹਨ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਹਿਲੇ ਕਾਰਜਕਾਲ ਦੌਰਾਨ ਇੱਕ ਕੈਬਨਿਟ ਮੰਤਰੀ ਵੀ ਸਨ, 2019 ਵਿਚ ਕੰਸਰਵੇਟਿਵ ਦੇ ਟਿਮ ਉਪਲ ਕੋਲੋਂ ਇਹ ਸੀਟ ਹਾਰ ਗਏ ਸਨ। ਬਾਦ ਵਿਚ ਉਹ 2021 ਵਿਚ ਐਡਮਿੰਟਨ ਦੇ ਮੇਅਰ ਚੁਣੇ ਗਏ।
ਸਿਟੀ ਦੇ ਬੁਲਾਰੇ ਜਸਟਿਨ ਡਰਾਪਰ ਦਾ ਕਹਿਣਾ ਹੈ ਕਿ ਸੋਹੀ ਅਧਿਕਾਰਤ ਤੌਰ ‘ਤੇ ਸ਼ਹਿਰ ਦੇ ਮੇਅਰ ਬਣੇ ਰਹਿਣਗੇ ਅਤੇ ਉਹ ਫੈਡਰਲ ਚੋਣਾਂ ਦੌਰਾਨ ਉਹ ਗੈਰ-ਹਾਜ਼ਰੀ ਦੀ ਛੁੱਟੀ ਲੈਣਗੇ ਅਤੇ ਜੇਕਰ ਉਹ 28 ਅਪ੍ਰੈਲ ਦੀ ਚੋਣ ਜਿੱਤ ਜਾਂਦੇ ਹਨ ਤਾਂ ਅਸਤੀਫਾ ਦੇ ਦੇਣਗੇ।
ਇਸੇ ਦੌਰਾਨ ਸੋਹੀ ਨੇ ਕਿਹਾ ਹੈ ਕਿ ਕੈਨੇਡਾ ਇਸ ਸਮੇਂ ਮੁਸ਼ਕਲ ਦੌਰ ਚੋਂ ਲੰਘ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਡੀ ਪ੍ਰਭੂਸੱਤਾ, ਨੌਕਰੀਆਂ, ਆਰਥਿਕਤਾ ਅਤੇ ਜੀਵਨ ਢੰਗ ‘ਤੇ ਹਮਲਾ ਕਰ ਰਹੇ ਹਨ।
ਅਜਿਹੇ ਸਮੇਂ ਮੈਂ ਆਪਣੇ ਭਾਈਚਾਰੇ, ਸਾਡੇ ਸੂਬੇ ਅਤੇ ਸਾਡੇ ਦੇਸ਼ ਲਈ ਲੜਾਈ ਵਿੱਚ ਮਾਰਕ ਕਾਰਨੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ।
ਮੇਅਰ ਅਮਰਜੀਤ ਸੋਹੀ ਐਡਮਿੰਟਨ ਸਾਊਥ ਈਸਟ ਤੋਂ ਹੋਣਗੇ ਲਿਬਰਲ ਉਮੀਦਵਾਰ
