ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਚਾਰਾਂ-
ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਖਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਚੈਪਟਰ ਬੀਸੀ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਧਨਵਿੰਦਰਜੀਤ ਸਿੰਘ ਟੋਨੀ ਬੱਲ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਸਰਪ੍ਰਸਤ ਸੁਖ ਧਾਲੀਵਾਲ ਐਮ ਪੀ ਵਲੋਂ ਕੀਤੀ ਗਈ। ਇਸ ਮੌਕੇ ਖਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ ਦਵਿੰਦਰ ਸਿੰਘ ਛੀਨਾ ਦਾ ਆਨਲਾਈਨ ਸੰਦੇਸ਼ ਸੁਣਿਆ ਗਿਆ ਤੇ ਉਪਰੰਤ ਹਾਜ਼ਰ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਦੌਰਾਨ ਬੀਸੀ ਚੈਪਟਰ ਦਾ ਸੰਵਿਧਾਨ ਲਿਖਣ ਤੇ ਹੋਰ ਵਿਚਾਰਾਂ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੈਨਜਮੈਂਟ ਨਾਲ ਤਾਲਮੇਲ ਕਰਨ, ਅਲੂਮਨੀ ਐਸੋਸੀਏਸ਼ਨ ਦਾ ਸਮਾਗਮ ਕੀਤੇ ਜਾਣ ਤੋਂ ਇਲਾਵਾ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫਾ ਸਥਾਪਿਤ ਕੀਤੇ ਜਾਣ ਅਤੇ ਕੈਨੇਡਾ ਵਿਚ ਲੋੜਵੰਦ ਪੰਜਾਬੀ ਮੂਲ ਦੇ ਵਿਦਿਆਰਥੀਆਂ ਦੀ ਸਹਾਇਤਾ ਕੀਤੇ ਜਾਣ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਸੀ ਚੈਪਟਰ ਦੇ ਜਨਰਲ ਸਕੱਤਰ ਅਨੰਤਦੀਪ ਸਿੰਘ ਢਿੱਲੋਂ, ਪ੍ਰੋ: ਸ਼ਮੀਰ ਸਿੰਘ ਵਿਰਕ, ਪ੍ਰੋ: ਕੁਲਵੰਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਚੋਹਲਾ, ਸਕੱਤਰ ਸਿੰਘ ਬੱਲ, ਬਚਿੱਤਰ ਸਿੰਘ ਬੌਬੀ ਰੰਧਾਵਾ, ਹਰਜੀਤ ਸਿੰਘ ਹੇਅਰ, ਹਰਦਿਆਲ ਸਿੰਘ ਪੱਡਾ, ਮਨਤੇਜ ਸਿੰਘ ਭੁਰਜੀ, ਰਣਜੋਤ ਸਿੰਘ ਬੱਲ, ਕੰਵਰ ਸਿੰਘ ਰੰਧਾਵਾ ਤੇ ਪ੍ਰਭ ਬੱਲ ਹਾਜ਼ਰ ਸਨ। ਸ੍ਰੀ ਸੁਖ ਧਾਲੀਵਾਲ ਨੇ ਖਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਦੇ ਬੀ ਸੀ ਚੈਪਟਰ ਵਲੋਂ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫਾ ਸਥਾਪਿਤ ਕੀਤੇ ਜਾਣ ਬਾਰੇ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਤੇ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਅਖੀਰ ਵਿਚ ਧਨਵਿੰਦਰ ਸਿੰਘ ਟੋਨੀ ਬੱਲ ਨੇ ਮੀਟਿੰਗ ਵਿਚ ਪੁੱਜੇ ਸੱਜਣਾਂ ਦਾ ਧੰਨਵਾਦ ਕੀਤਾ ਤੇ ਖਾਲਸਾ ਕਾਲਜ ਦੇ ਬੀਸੀ ਵਿਚ ਵਸਦੇ ਪੁਰਾਣੇ ਵਿਦਿਆਰਥੀਆਂ ਨੂੰ ਐਸੋਸੀਏਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ।