ਹਰਦਮ ਮਾਨ
ਸਰੀ, 27 ਮਾਰਚ -ਬੀਤੇ ਦਿਨੀਂ ਇੰਡੋ ਕਨੇਡੀਅਨ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੂੰ ‘ਕਿੰਗ ਚਾਰਲਸ ਕੋਰੋਨੇਸ਼ਨ ਮੈਡਲ’ ਨਾਲ਼ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਮੈਡਲ ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸਰੀ ਨਿਊਟਨ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਪ੍ਰਦਾਨ ਕੀਤਾ।
ਇਸ ਮੌਕੇ ਹਰਪਾਲ ਸਿੰਘ ਬਰਾੜ ਨੂੰ ਮੁਬਾਰਕਬਾਦ ਦਿੰਦਿਆਂ ਰੇਡੀੳ ਹੋਸਟ ਹਰਜੀਤ ਸਿੰਘ ਗਿੱਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸੀਨੀਅਰ ਸੈਂਟਰ ਦੇ ਮੈਂਬਰਾਂ ਅਤੇ ਹੋਰ ਦੋਸਤ-ਮਿੱਤਰਾਂ ਨੇ ਹਰਪਾਲ ਸਿੰਘ ਬਰਾੜ ਵੱਲੋਂ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਕਮਿਊਨਿਟੀ ਸੇਵਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਖੂਬਸੂਰਤ ਮਾਹੌਲ ਸਿਰਜਿਆ ਗਿਆ। ਹਰਪਾਲ ਸਿੰਘ ਬਰਾੜ ਦੇ ਬੇਟੇ ਅੰਮ੍ਰਿਤਪਾਲ ਸਿੰਘ ਬਰਾੜ ਤੇ ਬੇਟੀ ਮਨਜੀਤ ਕੌਰ ਖੁਣਖੁਣ, ਇੰਦਰਜੀਤ ਕੌਰ ਸੰਧੂ, ਗੁਰਚਰਨ ਸਿੰਘ ਬਰਾੜ, ਦਵਿੰਦਰ ਕੌਰ ਜੌਹਲ, ਮਨਜੀਤ ਸਿੰਘ ਮੱਲ੍ਹਾ, ਸੁਰਜੀਤ ਸਿੰਘ ਗਿੱਲ ਅਤੇ ਕੁਲਵੰਤ ਸਿੰਘ ਭਾਟੀਆ ਨੇ ਆਪਣੇ ਵਿਚਾਰ ਅਤੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਢਿੱਲੋਂ ਨੇ ਨਿਭਾਈ। ਅੰਤ ਵਿਚ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।