Headlines

ਸੰਪਾਦਕੀ- ਕੈਨੇਡਾ ਫੈਡਰਲ ਚੋਣਾਂ- ਮੁਲਕ ਨੂੰ ਮਜ਼ਬੂਤ ਤੇ ਆਤਮ ਨਿਰਭਰ ਬਣਾਉਣ ਵਾਲੇ ਸਮਰੱਥ ਆਗੂ ਦੀ ਲੋੜ

ਸੁਖਵਿੰਦਰ ਸਿੰਘ ਚੋਹਲਾ-

45ਵੀਆਂ ਕੈਨੇਡਾ ਫੈਡਰਲ ਚੋਣਾਂ ਇਸ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ। ਕੈਨੇਡਾ ਚੋਣ ਕਮਿਸ਼ਨ ਮੁਤਾਬਿਕ ਇਹਨਾਂ ਚੋਣਾਂ ਲਈ ਢਾਈ ਲੱਖ ਦੇ ਕਰੀਬ ਸਟਾਫ ਦੀ ਡਿਊਟੀ ਲਗਾਈ ਜਾ ਰਹੀ ਹੈ। ਇਹਨਾਂ ਚੋਣਾਂ ਵਿਚ ਵਿਦਿਆਰਥੀਆਂ ਤੇ ਹੋਰ ਵਰਗਾਂ ਦੀ ਸ਼ਮੂਲੀਅਤ ਵਧਾਉਣ ਲਈ ਅਡਵਾਂਸ ਵੋਟਿੰਗ ਕੈਪਾਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ ਵਿਚ ਅਡਵਾਂਸ ਪੋਲਿੰਗ ਲਈ ਲਗਪਗ 119 ਕੈਂਪਸ ਵੋਟਿੰਗ ਸਟੇਸ਼ਨ ਬਣਾਏ ਜਾਣਗੇ ਜਿਹਨਾਂ ਤੇ 60 ਪ੍ਰਤੀਸ਼ਤ ਵਿਦਿਆਰਥੀ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰ ਸਕਣਗੇ। ਕੈਂਪਸ ਵਿਚ ਅਡਵਾਂਸ ਵੋਟਿੰਗ 13 ਤੋਂ 16 ਅਪ੍ਰੈਲ ਤੱਕ ਹੋਵੇਗੀ ਜਦੋਂਕਿ ਆਮ ਵੋਟਰਾਂ ਲਈ ਅਡਵਾਂਸ ਵੋਟਿੰਗ 18 ਤੋਂ 21 ਅਪ੍ਰੈਲ ਹੋਵੇਗੀ। ਇਹਨਾਂ ਚੋਣਾਂ ਤੇ ਲਗਪਗ 570 ਮਿਲੀਅਨ ਡਾਲਰ ਖਰਚਾ ਆਉਣ ਦਾ ਅਨੁਮਾਨ ਹੈ ਜੋਕਿ ਕੋਵਿਡ ਦੌਰਾਨ ਪਈਆਂ ਵੋਟਾਂ ਦੇ ਖਰਚੇ ਤੋਂ ਥੋੜਾ ਘੱਟ ਦੱਸਿਆ ਜਾ ਰਿਹਾ ਹੈ। ਪਿਛਲ਼ੀਆਂ ਚੋਣਾਂ ਦੌਰਾਨ 574.1 ਮਿਲੀਅਨ ਡਾਲਰ ਖਰਚਾ ਆਇਆ ਸੀ। ਇਲੈਕਸ਼ਨ ਕੈਨੇਡਾ ਲੋਕਾਂ ਦੀ ਵੱਧ ਤੋਂ ਵੱਧ ਵੋਟਿੰਗ ਸ਼ਮੂਲੀਅਤ ਲਈ ਮੂਲਨਿਵਾਸੀਆਂ ਦੀ ਭਾਗੀਦਾਰੀ ਵਧਾਉਣ ਲਈ ਵੀ ਖਾਸ ਯਤਨ ਕਰ ਰਿਹਾ ਹੈ।

ਕੈਨੇਡਾ ਦੀਆਂ ਇਹਨਾਂ ਆਮ ਚੋਣਾਂ ਦੀ ਇਸ ਵਾਰ ਖਾਸੀਅਤ ਇਹ ਹੈ ਕਿ ਇਹ ਚੋਣਾਂ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਵਲੋਂ ਸਜਾ ਵਾਲੇ ਟੈਰਿਫ ਲਗਾਏ ਜਾਣ ਅਤੇ ਮੁਲਕ ਦੀ ਹੋਂਦ ਨੂੰ ਖਤਰੇ ਵਿਚ ਪਾਉਣ ਵਾਲੀਆਂ ਧਮਕੀਆਂ ਦਰਮਿਆਨ ਇਕ ਮਜ਼ਬੂਤ ਕੈਨੇਡਾ ਅਤੇ ਯੋਗ ਅਗਵਾਈ ਦੇ ਨਾਮ ਹੇਠ ਲੜੀਆਂ ਜਾ ਰਹੀਆਂ ਹਨ। ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਬਣੇ ਆਗੂ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਆਪਣੇ ਵਾਅਦੇ ਮੁਤਾਬਿਕ ਮੁਲਕ ਦੀ ਅਗਵਾਈ ਸੰਭਾਲਣ ਦੇ ਨਾਲ ਹੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨੀਂ ਉਹਨਾਂ ਗਵਰਨਰ ਜਨਰਲ ਨਾਲ ਮੁਲਾਕਾਤ ਕਰਦਿਆਂ ਹਾਊਸ ਆਫ ਕਾਮਨਜ਼ ਨੂੰ ਭੰਗ ਕਰਨ ਦੀ ਸ਼ਿਫਾਰਸ਼ ਦੇ ਨਾਲ ਨਵੀਆਂ ਚੋਣਾਂ 28 ਅਪ੍ਰੈਲ ਨੂੰ ਕਰਵਾਉਣ ਦਾ ਐਲਾਨ ਕੀਤਾ ਤੇ ਨਾਲ ਹੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੌਜੂਦਾ ਸੰਕਟਮਈ ਹਾਲਾਤ ਦਾ ਸਾਹਮਣਾ ਕਰਨ ਲਈ ਇਕ ਮਜ਼ਬੂਤ ਫਤਵੇ ਦੀ ਮੰਗ ਕੀਤੀ। ਉਹਨਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਨੂੰ ਖਤਰੇ ਕਾਰਨ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਅਜਿਹੀ ਸਥਿਤੀ ਵਿਚ ਸਾਡਾ ਜਵਾਬ ਇੱਕ ਮਜ਼ਬੂਤ ​​ਆਰਥਿਕਤਾ ਅਤੇ ਇੱਕ ਵਧੇਰੇ ਸੁਰੱਖਿਅਤ ਕੈਨੇਡਾ ਬਣਾਉਣ ਦਾ ਹੈ।
ਇਸ ਮੌਕੇ ਉਹਨਾਂ ਅਮਰੀਕੀ ਰਾਸ਼ਟਰਪਤੀ ਦੇ ਵਿਵਹਾਰ ਦੀ ਆਲੋਚਨਾ ਦੇ ਨਾਲ ਕੰਸਰਵੇਟਿਵ ਲੀਡਰ ਪੀਅਰ ਪੋਲੀਵਰ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਇਸ ਆਰਥਿਕ ਸੰਕਟ ਦੇ ਸਮੇਂ ਦੇਸ਼ ਦੀ ਅਗਵਾਈ ਕਰਨ ਦੇ ਯੋਗ ਨਹੀਂ । ਲਿਬਰਲਾਂ ਨੇ 2008 ਦੇ ਗਲੋਬਲ ਆਰਥਿਕ ਸੰਕਟ ਦੌਰਾਨ ਬੈਂਕ ਆਫ਼ ਕੈਨੇਡਾ ਦੇ ਗਵਰਨਰ ਅਤੇ ਬ੍ਰੈਕਸਿਟ ਦੌਰਾਨ ਬੈਂਕ ਆਫ਼ ਇੰਗਲੈਂਡ ਦੇ ਮੁਖੀ ਵਜੋਂ ਮਿਸਟਰ ਕਾਰਨੀ ਦੇ ਤਜ਼ਰਬੇ ਨੂੰ ਵੇਖਿਆ ਹੈ। ਉਹਨਾਂ ਇਸ ਮੌਕੇ ਵਿਰੋਧੀਆਂ ਵਲੋਂ ਫੈਲਾਈ ਜਾ ਰਹੀ ਨਾਕਾਰਤਮਕ ਸੋਚ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਕੁਝ ਕਰ ਨਹੀ ਸਕਦੇ ਤਾਂ ਨਾਕਾਰਤਮਕ ਪ੍ਰਚਾਰ ਕਰਨਾ ਬਹੁਤ ਸੌਖਾ ਹੈ। ਜਿਕਰਯੋਗ ਹੈ ਕਿ
ਲਿਬਰਲ ਪਾਰਟੀ ਇਹਨਾਂ ਚੋਣਾਂ ਵਿਚ ਚੌਥਾ ਵਾਰ ਲੋਕਾਂ ਦਾ ਫਤਵਾ ਮੰਗਣ ਜਾ ਰਹੀ ਹੈ। ਇਸਤੋਂ ਪਹਿਲਾਂ  ਉਨ੍ਹਾਂ ਨੇ 2015 ਵਿੱਚ ਬਹੁਮਤ ਹਾਸਲ ਕੀਤਾ, ਫਿਰ 2019 ਅਤੇ 2021 ਵਿਚ ਜਿੱਤ ਪ੍ਰਾਪਤ ਕੀਤੀ ਪਰ ਘੱਟ ਗਿਣਤੀ ਸਰਕਾਰ ਬਣਾਈ।
ਮੌਜੂਦਾ ਭੰਗ ਹੋਈ ਸੰਸਦ ਵਿਚ ਲਿਬਰਲਾਂ ਕੋਲ 152 ਸੀਟਾਂ ਸਨ ਜਦੋਂਕਿ ਕੰਸਰਵੇਟਿਵ ਦੀਆਂ  120,  ਬਲਾਕ ਕਿਊਬੈਕ ਦੀਆਂ  33, ਐਨ ਡੀ ਪੀ ਦੀਆਂ 24 ਅਤੇ ਗ੍ਰੀਨ ਪਾਰਟੀ ਦੀਆਂ 2 ਤੋਂ ਇਲਾਵਾ ਤਿੰਨ ਆਜ਼ਾਦ ਅਤੇ ਚਾਰ ਸੀਟਾਂ ਖਾਲੀ ਹਨ। ਇਸ ਵਾਰ ਆਬਾਦੀ ਦੇ ਆਧਾਰ ਤੇ ਸੀਟਾਂ ਵਿਚ ਵਾਧਾ ਕਰਦਿਆਂ ਪਹਿਲਾਂ ਦੀਆਂ 338 ਸੀਟਾਂ ਤੋਂ ਹਾਊਸ ਆਫ ਕਾਮਨਜ਼ ਦੀਆਂ 343 ਸੀਟਾਂ ਹੋਣਗੀਆਂ।

ਇਹਨਾਂ ਚੋਣਾਂ ਦੌਰਾਨ ਸੱਤਾਧਾਰੀ ਲਿਬਰਲ ਪਾਰਟੀ ਅਤੇ ਕੰਸਰੇਵਿਟਵ ਪਾਰਟੀ ਵਿਚਾਲੇ ਹੀ ਮੁਖ ਮੁਕਾਬਲਾ ਹੈ। ਭਾਵੇਂਕਿ ਐਨ ਡੀ ਪੀ ਅਤੇ ਬਲਾਕ ਕਿਊਬੈਕਾ ਪਾਰਟੀਆਂ ਦਾ ਆਪਣਾ ਆਧਾਰ ਹੈ ਪਰ ਮੁੱਖ ਮੁਕਾਬਲੇ ਵਿਚ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਤੇ ਲਿਬਰਲ ਆਗੂ ਮਾਰਕ ਕਾਰਨੀ ਹੀ ਵੋਟਰਾਂ ਦੀ ਪਸੰਦ ਚੋ ਇਕ ਹੋਣਗੇ। ਪੀਅਰ ਪੋਲੀਵਰ ਦੀ ਅਗਵਾਈ ਹੇਠ ਕੰਸਰਵੇਟਿਵ ਪਾਰਟੀ ਜੋ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਲੋਕਾਂ ਵਿਚ ਆਪਣੀ ਲੋਕਪ੍ਰਿਯਤਾ ਅੱਗੇ ਵਧਦੀ ਨਜ਼ਰ ਆ ਰਹੀ ਸੀ, ਨੂੰ ਲਿਬਰਲ ਦੇ ਨਵੇਂ ਆਗੂ ਦੇ ਮਜ਼ਬੂਤ ਤੇ ਪਰਖੇ ਹੋਏ ਵਿਅਕਤੀਤਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂਕਿ ਕੰਸਰਵੇਟਿਵ ਵਲੋਂ ਆਪਣੇ ਪਿਛਲੇ ਦੋ ਸਾਲ ਦੇ ਏਜੰਡੇ ਤਹਿਤ ਰਿਹਾਇਸ਼ੀ ਸੰਕਟ, ਆਰਥਿਕ ਸੰਕਟ, ਇਮੀਗ੍ਰੇਸ਼ਨ ਸੰਕਟ ਨੂੰ ਯਾਦ ਕਰਦਿਆਂ ਇਸਦੀ ਸਾਰੀ ਜਿੰਮੇਵਾਰੀ ਲਿਬਰਲਾਂ ਸਿਰ ਸੁੱਟੀ ਜਾ ਰਹੀ ਹੈ ਪਰ ਮਾਰਕ ਕਾਰਨੀ ਦੀਆਂ ਦਲੀਲਾਂ ਤੇ ਉਠਾਏ ਗਏ ਤੁਰੰਤ ਕਦਮਾਂ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਕਾਰਨੀ ਵਲੋਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਪਹਿਲੇ ਨੌਂ ਦਿਨਾਂ ਵਿੱਚ ਹੀ ਕਾਰਬਨ ਫਿਊਲ ਟੈਕਸ ਨੂੰ ਖਤਮ ਕਰਨ ਅਤੇ ਕੈਪੀਟਲ ਲਾਭ ਟੈਕਸ ਉਪਰ ਰੋਕ ਲਗਾਉਣਾ ਉਹਨਾਂ ਦੇ ਇਕ ਤਜੁਰਬੇਕਾਰ ਅਰਥ ਸ਼ਾਸਤਰੀ ਹੋਣ ਦੇ ਨਾਲ ਮਜ਼ਬੂਤ ਆਗੂ ਵਜੋਂ ਪਛਾਣ ਕਰਨ ਵਾਲੇ ਫੈਸਲੇ ਹਨ। ਇਕ ਤਾਜਾ ਸਰਵੇਖਣ ਮੁਤਾਬਿਕ ਇਹਨਾਂ ਚੋਣਾਂ ਵਿਚ ਮੁੱਖ ਮੁੱਦਾ ਅਮਰੀਕੀ ਰਾਸ਼ਟਰਪਤੀ ਦੀਆਂ ਟੈਰਿਫ ਧਮਕੀਆਂ ਨਾਲ ਨਿਪਟਣਾ ਤੇ ਕੈਨੇਡਾ ਨੂੰ ਇਕ ਮਜ਼ਬੂਤ ਅਗਵਾਈ ਦੇਣ ਵਾਲੇ ਆਗੂ ਦੀ ਚੋਣ ਵਜੋਂ ਵਧੇਰੇ ਹੈ। ਇਸਦੇ ਨਾਲ ਕੈਨੇਡੀਅਨਾਂ ਸਾਹਮਣੇ ਇਹ ਸਵਾਲ ਹੈ ਹਨ ਕਿ ਟੈਕਸ ਘਟਾਉਣ, ਫੌਜ ਦਾ ਮੁੜ ਨਿਰਮਾਣ ਕਰਨਾ, ਨਵੇਂ ਫੌਜੀ ਗੱਠਜੋੜ ਬਣਾਉਣਾ, ਕੈਨੇਡਾ ਨੂੰ ਨਿਵੇਸ਼ ਲਈ ਵਧੇਰੇ ਉਦਾਰ ਬਣਾਉਣਾ, ਇਸਦੇ ਕੁਦਰਤੀ ਸਰੋਤਾਂ ਦਾ ਸਹੀ ਇਸਤੇਮਾਲ ਕਰਨ ਅਤੇ ਸਭ ਤੋਂ ਵੱਧ ਵਪਾਰ ਅਤੇ ਰੱਖਿਆ ਲਈ ਅਮਰੀਕਾ ‘ਤੇ ਇਸ ਮੁਲਕ ਦੀ ਨਿਰਭਰਤਾ ਨੂੰ ਘਟਾਉਣ ਲਈ ਕਿਹੜਾ ਨੇਤਾ ਸਹੀ ਅਗਵਾਈ ਦੇ ਸਕਦਾ ਹੈ। ਇਹਨਾਂ ਮੁੱਦਿਆਂ ਉਪਰ ਸਿਆਸੀ ਪਾਰਟੀਆਂ ਦੇ ਆਗੂਆਂ ਵਿਚਾਲੇ ਬਹਿਸ 16-17 ਅਪ੍ਰੈਲ ਨੂੰ ਹੋਵੇਗੀ। ਇਸ ਬਹਿਸ ਦੌਰਾਨ ਹੀ ਲੋਕ ਕੋਈ ਫੈਸਲਾ ਲੈ ਪਾਉਣਗੇ ਕਿ ਮੁਲਕ ਦੀ ਸਹੀ ਤੇ ਮਜਬੂਤ ਅਗਵਾਈ ਕਰਨ ਲਈ ਕਿਹੜਾ ਨੇਤਾ ਜਾਂ ਪਾਰਟੀ ਲੋਕਾਂ ਦੇ ਹਿੱਤ ਵਿਚ ਹਨ।

Leave a Reply

Your email address will not be published. Required fields are marked *