ਸਰੀ ( ਦੇ ਪ੍ਰ ਬਿ)- ਕੰਸਰਵੇਟਿਵ ਪਾਰਟੀ ਆਫ ਕੈਨੇਡਾ ਵਲੋਂ ਫਲੀਟਵੁੱਡ-ਪੋਰਟ ਕੈਲਸ ਹਲਕੇ ਤੋਂ ਉਘੇ ਬਿਜਨਸਮੈਨ ਸੁੱਖ ਪੰਧੇਰ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਇਸਤੋਂ ਪਹਿਲਾਂ ਨੌਮੀਨੇਸ਼ਨ ਚੋਣ ਲਈ ਉਹਨਾਂ ਦੇ ਮੁਕਾਬਲੇ ਹੋਰ ਉਮੀਦਵਾਰਾਂ ਵਿਚ ਭਾਰਤ ਦੇ ਸਾਬਕਾ ਡਿਪਟੀ ਸਪੀਕਰ ਸ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਤ੍ਰਿਪਤ ਅਟਵਾਲ ਵੀ ਮੈਦਾਨ ਵਿਚ ਸੀ। ਉਹਨਾਂ ਦੀ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਸੀ ਕਿ ਪਾਰਟੀ ਵਲੋਂ ਸ੍ਰੀ ਸੁੱਖ ਪੰਧੇਰ ਨੂੰ ਸਿੱਧੀ ਨੌਮੀਨੇਸ਼ਨ ਰਾਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ। ਇਸ ਦੌਰਾਨ ਤ੍ਰਿਪਤ ਅਟਵਾਲ ਨੇ ਪਾਰਟੀ ਹਾਈਕਮਾਨ ਦੇ ਫੈਸਲੇ ਨੂੰ ਮੰਨਦਿਆਂ ਆਪਣੀ ਚੋਣ ਮੁਹਿੰਮ ਦੌਰਾਨ ਹਿੱਸਾ ਲੈਣ ਵਾਲੇ ਵਲੰਟੀਅਰਾਂ, ਸਮਰਥਕਾਂ ਤੇ ਹੋਰ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਦੇਸ ਪ੍ਰਦੇਸ ਨੂੰ ਭੇਜੇ ਇਕ ਸੰਦੇਸ਼ ਵਿਚ ਕਿਹਾ ਹੈ ਕਿ ਮੈਂ ਜਦੋਂ ਨੌਮੀਨੇਸ਼ਨ ਮੁਹਿੰਮ ਦੇ ਸਫਰ ਵੱਲ ਝਾਤ ਮਾਰਦੀ ਹਾਂ ਤਾਂ ਮੇਰਾ ਰੋਮ ਰੋਮ ਧੰਨਵਾਦ ਨਾਲ ਭਰ ਜਾਂਦਾ ਹੈ।ਉਹਨਾਂ ਕਿਹਾ ਕਿ ਇਸ ਸਫਰ ਦੌਰਾਨ ਮੇਰੇ ਬੇਮਿਸਾਲ ਸਮਰਥਕਾਂ ਦੀ ਟੀਮ ਜੋ ਹਰ ਚੁਣੌਤੀ ਵਿੱਚ ਮੇਰੇ ਨਾਲ ਖੜ੍ਹੀ ਹੈ ਅਤੇ ਸਾਡੇ ਭਾਈਚਾਰੇ, ਪਰਿਵਾਰਾਂ ਅਤੇ ਦੋਸਤਾਂ ਲਈ ਜੋ ਇਸ ਸਾਂਝੇ ਸੁਪਨੇ ਵਿੱਚ ਵਿਸ਼ਵਾਸ ਰੱਖਦਿਆਂ ਮੇਰੇ ਨਾਲ ਤੁਰੇ, ਉਹਨਾਂ ਲਈ ਮੇਰੇ ਕੋਲ ਧੰਨਵਾਦ ਸ਼ਬਦ ਛੋਟੇ ਹਨ।ਉਹਨਾਂ ਕਿਹਾ ਇਹ ਸਫਰ ਮੇਰੇ ਲਈ ਬਹੁਤ ਵੱਡੇ ਅਰਥ ਰੱਖਦਾ ਹੈ। ਤੁਹਾਡੇ ਵਿਸ਼ਵਾਸ ਨੇ ਮੈਨੂੰ ਤਾਕਤ ਦਿੱਤੀ, ਤੁਹਾਡੇ ਯਤਨਾਂ ਨੇ ਦਿਸ਼ਾ ਦਿੱਤੀ ਅਤੇ ਤੁਹਾਡੇ ਪਿਆਰ ਨੇ ਮਿਸ਼ਨ ਨੂੰ ਹੋਰ ਵੀ ਸਾਰਥਕ ਬਣਾਇਆ।
ਅਸੀਂ ਇਕੱਠੇ ਮਿਲ ਕੇ ਨਾ ਸਿਰਫ਼ ਅੱਜ ਲਈ, ਸਗੋਂ ਇੱਕ ਬਿਹਤਰ ਭਵਿੱਖ ਲਈ ਵੀ ਕੰਮ ਕਰਦੇ ਰਹਾਂਗੇ।
ਸਰੀ ਫਲੀਟਵੁੱਡ ਤੋਂ ਤ੍ਰਿਪਤ ਅਟਵਾਲ ਵਲੋਂ ਆਪਣੇ ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ
