ਸਰੀ-ਕੈਨੇਡਾ ਵਿੱਚ 28 ਅਪ੍ਰੈਲ 2025 ਨੂੰ ਹੋਣ ਜਾ ਰਹੀ ਫੈਡਰਲ ਚੋਣ ਦੇ ਮੱਦੇਨਜ਼ਰ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਦੇਸ਼ ਭਰ ਵਿੱਚ ਇਕ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਿੱਖ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਅਤੇ ਪਾਰਟੀਆਂ ਨੂੰ ਸਿੱਖ ਮੁੱਦਿਆਂ ਬਾਰੇ ਸਵਾਲ ਕਰਨ ਦਾ ਸੱਦਾ ਦਿੱਤਾ ਹੈ।
ਸਿੱਖ ਫੈਡਰੇਸ਼ਨ ਦੇ ਮੁੱਖ ਬੁਲਾਰੇ ਭਾਈ ਮੋਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਤਹਿਤ ਕੈਨੇਡਾ ਭਰ ਦੀਆਂ 30 ਤੋਂ ਵੱਧ ਫੈਸਲਾਕੁੰਨ ਹਲਕਿਆਂ ‘ਚ ਉਮੀਦਵਾਰਾਂ ਨੂੰ ਸਿੱਖ ਮੁੱਦਿਆਂ ਬਾਰੇ ਸਵਾਲ ਭੇਜੇ ਜਾਣਗੇ ਜਿਨ੍ਹਾਂ ਦੇ ਜਵਾਬ ਲੋਕਾਂ ਦੀ ਜਾਣਕਾਰੀ ਲਈ ਜਨਤਕ ਕੀਤੇ ਜਾਣਗੇ। ਇਹ ਪ੍ਰਕਿਰਿਆ ਪਾਰਦਰਸ਼ਤਾ ਲਿਆਉਣ ਦੇ ਨਾਲ ਇਹ ਵੀ ਸਾਫ਼ ਕਰੇਗੀ ਕਿ ਕਿਹੜੇ ਉਮੀਦਵਾਰ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਅਹਮ ਮੁੱਦਿਆਂ ਨੂੰ ਲੈ ਕੇ ਕਿੱਥੇ ਖੜੇ ਹਨ—ਜਿਵੇਂ ਕਿ ਸਿੱਖ ਵਿਰੋਧੀ ਨਫ਼ਰਤ ਅਤੇ ਵਿਦੇਸ਼ੀ ਦਖਲਅੰਦਾਜ਼ੀ।
ਭਾਈ ਮੋਨਿੰਦਰ ਸਿੰਘ ਨੇ ਹੋਰ ਕਿਹਾ ਹੈ ਕਿ ਕਨੇਡਾ ਵਿੱਚ ਸਿੱਖ ਭਾਈਚਾਰੇ ‘ਤੇ ਹੋ ਰਹੇ ਬਹੁਪੱਖੀ ਹਮਲਿਆਂ ਦੇ ਮੱਦੇਨਜ਼ਰ, ਇਹ ਬਹੁਤ ਜ਼ਰੂਰੀ ਹੈ ਕਿ ਚੋਣ ਲੜ ਰਹੇ ਹਰ ਇੱਕ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸਾਫ਼ ਕਰਕੇ ਦੱਸਣ ਕਿ ਉਹ ਇਨ੍ਹਾਂ ਅਹਿਮ ਮੁੱਦਿਆਂ ‘ਤੇ ਕਿੱਥੇ ਖੜੇ ਹਨ।