Headlines

ਕੰਸਰਵੇਟਿਵ ਉਮੀਦਵਾਰਾਂ ਦੇ ਹੱਕ ਵਿਚ ਸਰੀ ਵਿਚ ਵਿਸ਼ਾਲ ਰੈਲੀ

ਕੰਸਰਵੇਟਿਵ ਪਾਰਟੀ ਹੀ ਮੁਲਕ ਨੂੰ ਸਹੀ ਅਗਵਾਈ ਦੇਣ ਦੇ ਯੋਗ-ਪੀਅਰ ਪੋਲੀਅਰ-

ਸਰੀ ( ਮਾਂਗਟ, ਬਲਜਿੰਦਰ ਸੇਖਾ) -ਬੀਤੀ ਸ਼ਾਮ ਸਰੀ  ਦੇ ਕੰਸਰਵੇਟਿਵ ਉਮੀਦਵਾਰਾਂ ਦੇ ਹੱਕ ਵਿਚ ਹੋਈ ਇਕ ਰੈਲੀ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਪਾਰਟੀ ਦੇ ਆਗੂ ਪੀਅਰ ਪੋਲੀਅਰ ਨੂੰ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋਇਆ। ਇਸ ਭਾਰੀ ਰੈਲੀ ਨੂੰ ਸੰਬੋਧਨ ਕਰਦਿਆਂ ਪੀਅਰ ਪੋਲੀਅਰ ਨੇ ਲੋਕਾਂ ਨੂੰ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਦੇ ਮੁਕਾਬਲੇ ਕੰਸਰਵੇਟਿਵ ਦੀਆਂ ਮੁਲਕ ਅਤੇ ਲੋਕ ਹਿੱਤੂ ਨੀਤੀਆਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਕੰਸਰਵੇਟਿਵ ਪਾਰਟੀ ਹੀ ਇਸ ਔਖੇ ਸਮੇਂ ਵਿਚ ਮੁਲਕ ਨੂੰ ਸਹੀ ਅਗਵਾਈ ਦੇਣ ਦੇ ਯੋਗ ਹੈ।ਰੈਲੀ ਦੌਰਾਨ ਪੀਅਰ ਪੋਲੀਅਰ ਦੇ ਹੱਕ ਵਿਚ ਲਗਾਤਾਰ ਜ਼ਬਰਦਸਤ ਨਾਅਰੇਬਾਜ਼ੀ ਹੁੰਦੀ ਰਹੀ।

ਜਦੋਂ ਪੋਲੀਅਰ ਮੰਚ ਉਪਰ ਪੁੱਜੇ ਤਾਂ ਭੀੜ ਨੇ ਤਾੜੀਆਂ ਤੇ ਪੋਲੀਅਰ ਦਾ ਨਾਮ ਲੈਕੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕੰਸਰਵੇਟਿਵ ਦੇ ਵਾਅਦੇ ਦੁਹਰਾਏ।

ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ  ਵਲੋਂ ਕਾਰਬਨ ਟੈਕਸ ਰੱਦ ਕਰਨ ਬਾਰੇ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਦੇ 30 ਦਿਨਾਂ ਲਈ ਪੰਪਾਂ ਵਿੱਚ ਇਸ ਨੂੰ ਗਾਇਬ ਕਰਨ ਜਾ ਰਿਹਾ ਹੈ, ਤਾਂ ਜੋ ਕੈਨੇਡੀਅਨ ਇਹ ਭੁੱਲ ਜਾਣ ਕਿ ਕਾਰਬਨ ਟੈਕਸ ਕਿਸਨੇ ਲਗਾਇਆ ਸੀ। ਉਹਨਾਂ ਕਿਹਾ  ਰੱਬ ਨਾ ਕਰੇ, ਜੇ ਲਿਬਰਲ ਵਾਪਸ ਆ ਜਾਂਦੇ ਹਨ, ਕਾਰਨੀ ਪਹਿਲਾਂ ਨਾਲੋਂ ਭਾਰੀ ਕਾਰਬਨ ਟੈਕਸ ਲਗਾਉਣਗੇ। ਪੋਲੀਅਰ ਨੇ ਵਾਅਦਾ ਕੀਤਾ ਕਿ ਕੰਸਰਵੇਟਿਵ ਮੌਜੂਦਾ TFSA ( ਟੈਕਸ ਰਹਿਤ ਸੇਵਿੰਗ ਅਕਾਉਂਟ) ਵਿਚ ਪ੍ਰਤੀਸਾਲ ਯੋਗਦਾਨ ਨੂੰ 7,000 ਡਾਲਰ ਤੱਕ ਯੋਗ ਬਣਾਉਣਗੇ। ਉਹ ਵਿਦੇਸ਼ੀ ਸਹਾਇਤਾ ਵਿਚ ਕਟੌਤੀ ਕਰਕੇ ਵਾਧੂ ਫੰਡ ਕੈਨੇਡੀਅਨ ਮਿਲਟਰੀ ਨੂੰ ਮਜ਼ਬੂਤ ਬਣਾਉਣ ਲਈ ਲਗਾਉਣਗੇ। ਉਹਨਾਂ ਕਿਹਾ ਕਿ
“ਅਸੀਂ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਦਾ ਮੁੜ ਨਿਰਮਾਣ ਕਰਨ ਜਾ ਰਹੇ ਹਾਂ, ਨਿਯਮਤ ਬਲਾਂ ਅਤੇ ਰਿਜ਼ਰਵ ਦੋਵਾਂ ਵਿੱਚ ਨਫਰੀ ਦਾ ਵਿਸਤਾਰ ਕਰਦੇ ਹੋਏ, ਫੌਜ ਨੂੰ ਸ਼ਕਤੀਸ਼ਾਲੀ ਬਣਾਂਵਾਂਗੇ। ਉਹਨਾਂ ਜ਼ਹਿਰੀਲੇ ਡਰੱਗ ਸੰਕਟ ਨਾਲ ਨਜਿੱਠਣ ਲਈ ਆਪਣੀ ਯੋਜਨਾ ਬਾਰੇ ਵੀ ਗੱਲ ਕੀਤੀ। ਇਸਤੋਂ ਪਹਿਲਾਂ ਉਹਨਾਂ ਦੀ ਪਤਨੀ ਅਨਾਇਡਾ ਪੋਲੀਅਰ ਵੀ ਮੰਚ ਤੇ ਲੋਕਾਂ ਦੇ ਰੂਬਰੂ ਹੋਈ। ਉਸਨੇ ਆਪਣੀ ਪਤੀ ਵਲੋਂ ਮਿਹਨਤ ਨਾਲ ਘਰ ਪਰਿਵਾਰ ਚਲਾਉਣ ਅਤੇ ਸਿਆਸਤ ਵਿਚ ਆਕੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਲਏ ਸੁਪਨਿਆਂ ਦਾ ਜ਼ਿਕਰ ਕੀਤਾ।

ਇਸ ਚੋਣ ਰੈਲੀ ਵਿਚ ਜੁੜੇ ਭਾਰੀ ਇਕੱਠ ਬਾਰੇ ਗੱਲ ਕਰਦਿਆਂ ਕੰਸਰਵੇਟਿਵ ਕਾਰਕੁੰਨ ਸਮਸ਼ੇਰ ਗਿੱਲ ਢੁੱਡੀਕੇ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਤੇ ਪੱਛਮੀ ਕੈਨੇਡਾ ਵਿੱਚ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ । ਐਬਸਫੋਰਡ ਸਾਊਥ ਲੈਂਗਲੀ ਤੋਂ ਪਾਰਟੀ ਉਮੀਦਵਾਰ ਸੁਖਮਨ ਗਿੱਲ ਦੇ ਸਮਰਥਕਾਂ ਵਿਚ ਸ਼ਾਮਿਲ ਰੌਨ ਧਾਲੀਵਾਲ ਤੇ ਸੋਨੀ ਸਿੱਧੂ ਵਕੀਲਾਂ ਵਾਲਾ ਨੇ ਦੱਸਿਆ ਕਿ ਸਰੀ ਰੈਲੀ ਜਿੰਨਾ ਇਕੱਠ ਕਦੇ ਪਹਿਲਾਂ ਦੇਖਣ ਨੂੰ ਨਹੀਂ ਮਿਲਿਆ ।
ਵਰਨਣਯੋਗ ਹੈ ਕਿ ਇਸ ਸਮੇਂ ਲਿਬਰਲ ਤੇ ਕੰਸਰਵੇਟਿਵ ਪਾਰਟੀ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਹੈ ।  ਇਸ ਵਾਰ ਟਰੰਪ ਟੈਰਿਫ ਦੇ ਚਲਦਿਆਂ ਕੈਨਡੀਅਨ ਲੋਕਾਂ ਦੀ ਇਸ ਵਾਰ ਚੋਣਾਂ ਵਿੱਚ ਖਾਸ ਦਿਲਚਸਪੀ ਹੈ । ਪੋਲਿੰਗ ਵੀ ਵੱਧ ਹੋਣ ਦੀ ਉਮੀਦ ਹੈ ।

Leave a Reply

Your email address will not be published. Required fields are marked *