ਟੋਰਾਂਟੋ ( ਬਲਜਿੰਦਰ ਸੇਖਾ)- ਅੱਜ ਸਵੇਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਈ ਗੱਲਬਾਤ ਕਾਫੀ ਉਸਾਰੂ ਰਹੀ ਹੈ ਅਤੇ ਅਸੀਂ ਦੋਵੇਂ ਮਿਲ ਕਿ ਰਾਜਸੀ, ਵਪਾਰਕ ਅਤੇ ਹੋਰ ਮਸਲੇ ਹੱਲ ਕਰ ਲਵਾਂਗੇ । ਵਰਨਣਯੋਗ ਹੈ ਕਿ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ “ਗਵਰਨਰ ” ਸ਼ਬਦ ਵਰਤਣ ਤੋਂ ਸੰਕੋਚ ਕੀਤਾ ਹੈ ।
ਦੋਵਾਂ ਦੇਸ਼ਾਂ ਦੇ ਲੋਕ ਚੱਲ ਰਹੀ ਟਰੇਡ ਵਾਰ ਤੋਂ ਪ੍ਰਭਾਵਿਤ ਹੋ ਰਹੇ ਹਨ । ਪਤਾ ਲੱਗਾ ਹੁਣ ਰਾਸ਼ਟਰਪਤੀ ਟਰੰਪ ਦੋ ਅਪ੍ਰੈਲ ਨੂੰ ਸ਼ਾਮ ਚਾਰ ਵਜੇ ਟੈਰਿਫ ਬਾਰੇ ਐਲਾਨ ਕਰਨਗੇ ।
ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਕਾਰਨੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਨੇ ਉਹਨਾਂ ਨਾਲ ਗੱਲ ਕਰਨ ਲਈ ਬੁੱਧਵਾਰ ਰਾਤ ਨੂੰ ਸੰਪਰਕ ਕੀਤਾ ਸੀ। ਇਹ ਗੱਲਬਾਤ ਦਾ ਸੁਨੇਹਾ ਉਸੇ ਦਿਨ ਆਇਆ ਜਦੋਂ ਟਰੰਪ ਨੇ ਆਟੋਮੋਬਾਈਲਜ਼ ਅਤੇ ਕੁਝ ਆਟੋਮੋਬਾਈਲ ਪਾਰਟਸ ਦੇ ਆਯਾਤ ‘ਤੇ 25-ਫੀਸਦੀ ਟੈਰਿਫ ਲਗਾਉਣ ਦੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਸਨ।
ਪ੍ਰਧਾਨ ਮੰਤਰੀ ਕਾਰਨ ਨੇ ਟਰੰਪ ਦੀ ਕਾਲ ‘ਤੇ ਜਨਤਕ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਵੀਰਵਾਰ ਨੂੰ ਉਹਨਾਂ ਨੇ ਇਹ ਕਿਹਾ ਸੀ ਕੈਨੇਡਾ ਦਾ ਅਮਰੀਕਾ ਨਾਲ ਪੁਰਾਣਾ ਰਿਸ਼ਤਾ ਖਤਮ ਹੋ ਚੁੱਕਾ ਹੈ।
“ਹੁਣ ਅੱਗੋਂ ਅਮਰੀਕਾ ਕੀ ਕਰਦਾ ਹੈ, ਇਹ ਅਸਪੱਸ਼ਟ ਹੈ, ਪਰ ਜੋ ਸਪੱਸ਼ਟ ਹੈ, ਉਹ ਇਹ ਹੈ ਕਿ ਸਾਡੇ ਕੋਲ ਕੋਲ ਸ਼ਕਤੀ ਹੈ। ਅਸੀਂ ਆਪਣੇ ਘਰ ਦੇ ਮਾਲਕ ਹਾਂ।”