ਐਬਸਫੋਰਡ ( ਦੇ ਪ੍ਰ ਬਿ)- 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਜਿਥੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਆਪਣੀ ਚੋਣ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ ਉਥੇ ਨੌਮੀਨੇਸ਼ਨ ਵਿਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਵਿਚ ਨਿਰਾਸ਼ਾ ਵੀ ਵੇਖਣ ਨੂੰ ਮਿਲ ਰਹੀ ਹੈ। ਐਬਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰੀ ਦੇ ਮਜ਼ਬੂਤ ਦਾਅਵੇਦਾਰ ਮਾਈਕ ਡੀ ਜੋਂਗ ਨੇ ਪਾਰਟੀ ਹਾਈਕਮਾਨ ਵਲੋਂ ਉਹਨਾਂ ਨੂੰ ਨਾਮਜ਼ਦਗੀ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ।
ਉਹਨਾਂ ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਇਲੈਕਟੋਰਲ ਡਿਸਟ੍ਰਿਕਟ ਚੋਣ ਕਮੇਟੀ ਵਲੋਂ ਉਹਨਾਂ ਦਾ ਸਮਰਥਨ ਕੀਤੇ ਜਾਣ ਦੇ ਬਾਵਜੂਦ ਓਟਵਾ ਬੈਠੇ ਪਾਰਟੀ ਦੇ ਉਚ ਅਹੁਦੇਦਾਰਾਂ ਨੇ ਉਹਨਾਂ ਨੂੰ ਨਾਮਜ਼ਦਗੀ ਲਈ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਸਬੰਧੀ ਕੋਈ ਕਾਰਣ ਵੀ ਨਹੀ ਦੱਸਿਆ ਗਿਆ। ਜਦੋਂ ਉਸਨੇ ਪਾਰਟੀ ਦੇ ਉੱਚ-ਅਧਿਕਾਰੀਆਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਤਾਂ ਪਾਰਟੀ ਨੇ “ਅਯੋਗ” ਹੋਣ ਦੇ ਦਾਅਵੇ ਤੋਂ ਇਲਾਵਾ ਉਸਦੀ ਉਮੀਦਵਾਰੀ ਨੂੰ ਅਸਵੀਕਾਰ ਕਰਨ ਸਬੰਧੀ ਕੋਈ ਵੀ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੱਤਾ । ਪਾਰਟੀ ਹਾਈਕਮਾਨ ਤੇ ਇਸ ਵਿਵਹਾਰ ਤੋਂ ਨਿਰਾਸ਼ ਮਾਈਕ ਨੇ ਕਿਹਾ ਕਿ ਉਹਨਾਂ ਦੇ ਹਜ਼ਾਰਾਂ ਸਮਰਥਕ ਉਹਨਾਂ ਨਾਲ ਸੰਪਰਕ ਕਰ ਰਹੇ ਹਨ ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਉਹਨਾਂ ਕਿਹਾ ਉਹ ਹੁਣ ਆਪਣੇ ਸਮਰਥਕਾਂ ਦੀ ਸਲਾਹ ਨਾਲ ਇਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਸੋਚ ਰਹੇ ਹਨ ਤੇ ਇਸਦਾ ਬਾਕਾਇਦਾ ਐਲਾਨ ਜਲਦ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 60 ਸਾਲਾ ਮਾਈਕ ਡੀ ਜੌਂਗ ਜੋਕਿ ਬੀ ਸੀ ਦੇ ਪੁਰਾਣੇ ਸਿਆਸਤਦਾਨ ਅਤੇ ਸਾਬਕਾ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ, ਐਬਟਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਕੰਸਰਵੇਟਿਵ ਨਾਮਜ਼ਦਗੀ ਜਿੱਤਣ ਵਾਲੇ 24 ਸਾਲਾ ਸੁਖਮਨ ਸਿੰਘ ਗਿੱਲ ਤੋਂ ਇਲਾਵਾ ਐਨ ਡੀ ਪੀ ਉਮੀਦਵਾਰ ਧਰਮਸੈਨਾ ਯਾਕੰਦਵੇਲਾ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਕੇਵਿਨ ਸਿਨਕਲੇਅਰ ਅਤੇ ਗ੍ਰੀਨ ਪਾਰਟੀ ਦੀ ਮੇਲਿਸਾ ਸਨੇਜ਼ਲ ਦਾ ਮੁਕਾਬਲਾ ਕਰਨਗੇ।
-ਤ੍ਰਿਪਤ ਅਟਵਾਲ ਵਲੋਂ ਵੀ ਆਜ਼ਾਦ ਚੋਣ ਲੜਨ ਲਈ ਵਿਚਾਰਾਂ-
ਇਸੇ ਦੌਰਾਨ ਫਲੀਟਵੁੱਡ-ਪੋਰਟ ਕੈਲਸ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰੀ ਦੀ ਦਾਅਵੇਦਾਰ ਤ੍ਰਿਪਤ ਅਟਵਾਲ ਵਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਆਉਣ ਦੀ ਚਰਚਾ ਹੈ। ਸੂਤਰਾਂ ਮੁਤਾਬਿਕ ਤ੍ਰਿਪਤ ਅਟਵਾਲ ਜੋ ਕਿ ਭਾਰਤ ਦੇ ਸਾਬਕਾ ਡਿਪਟੀ ਸਪੀਕਰ ਸ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਹੈ, ਨੂੰ ਉਹਨਾਂ ਦੇ ਸਮਰਥਕ ਜਿਹਨਾਂ ਵਿਚ ਵਿਸ਼ੇਸ਼ ਕਰਕੇ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਕੁਝ ਅਹੁਦੇਦਾਰ ਅਤੇ ਕੁਝ ਹੋਰ ਭਾਈਚਾਰਕ ਜਥੇਬੰਦੀਆਂ ਨਾਲ ਸਬੰਧਿਤ ਆਗੂ ਹਨ, ਵਲੋਂ ਉਹਨਾਂ ਨੂੰ ਚੋਣ ਮੈਦਾਨ ਵਿਚ ਆਜ਼ਾਦ ਉਮੀਦਵਾਰ ਵਜੋਂ ਉਤਰਨ ਲਈ ਪ੍ਰੇਰਿਆ ਜਾ ਰਿਹਾ ਹੈ। ਤ੍ਰਿਪਤ ਅਟਵਾਲ ਨੇ ਇਸ ਸਬੰਧੀ ਪੁੱਛੇ ਜਾਣ ਤੇ ਕਿਹਾ ਕਿ ਉਹਨਾਂ ਨੇ ਨੌਮੀਨੇਸ਼ਨ ਮੁਹਿੰਮ ਵਿਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਪਰ ਪਾਰਟੀ ਹਾਈਕਮਾਨ ਵਲੋਂ ਇਕਤਰਫਾ ਫੈਸਲਾ ਲੈਣ ਨਾਲ ਉਹਨਾਂ ਅਤੇ ਉਹਨਾਂ ਦੇ ਸਮਰਥਕਾਂ ਵਿਚ ਨਿਰਾਸ਼ਾ ਹੈ। ਭਵਿੱਖ ਬਾਰੇ ਕਿਸੇ ਵੀ ਫੈਸਲੇ ਲਈ ਉਹ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ।