Headlines

ਬੀਸੀ ਸਰਕਾਰ ਵਲੋਂ ਕਾਰਬਨ ਟੈਕਸ ਨੂੰ ਕਰੇਗੀ ਰੱਦ

ਵਿਕਟੋਰੀਆ – ਬੀ.ਸੀ. ਸਰਕਾਰ, ਮੰਗਲਵਾਰ, 1 ਅਪ੍ਰੈਲ, 2025 ਤੋਂ ਪ੍ਰਭਾਵੀ, ਕਾਰਬਨ ਟੈਕਸ ਦੇ ਰੇਟ ਨੂੰ $0 ਤੱਕ ਘਟਾਉਣ ਲਈ ਵਿਧਾਨ ਪੇਸ਼ ਕਰਕੇ ਕਾਰਬਨ ਟੈਕਸ ਨੂੰ ਰੱਦ ਕਰ ਰਹੀ ਹੈ।

“ਬ੍ਰਿਟਿਸ਼ ਕੋਲੰਬੀਆ ਦੇ ਲੋਕ ਆਪਣੇ ਨਿਕਾਸ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਨੂੰ ਜਲਵਾਯੂ ਤਬਦੀਲੀ ਲਈ ਕਾਰਵਾਈ ਕਰਨ ਅਤੇ ਆਪਣੇ ਬਿੱਲ ਭਰਨ ਦੀ ਸਮਰੱਥਾ ਵਿਚਕਾਰ ਚੋਣ ਕਰਨੀ ਪਵੇ,” ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ। “ਇਸ ਲਈ ਅਸੀਂ ‘ਕੰਜ਼ੀਊਮਰ ਕਾਰਬਨ ਟੈਕਸ’ ਨੂੰ ਖਤਮ ਕਰ ਰਹੇ ਹਾਂ, ਜੋ ਇੱਕਜੁੱਟ ਹੋਣ ਦੇ ਇਸ ਸਮੇਂ ਦੌਰਾਨ ਸਾਡੇ ਵਿੱਚ ਵਿਵਾਦ ਦਾ ਕਾਰਨ ਬਣ ਗਿਆ ਹੈ। ਅਸੀਂ ਵੱਡੇ ਪੱਧਰ ਦੇ ਪ੍ਰਦੂਸ਼ਕਾਂ ਤੋਂ ਭੁਗਤਾਨ ਲੈਣਾ ਜਾਰੀ ਰੱਖਣਾ ਯਕੀਨੀ ਬਣਾ ਕੇ, ਉਦਯੋਗ ਨੂੰ ਨਵੀਨਤਾ ਲਿਆਉਣ ਲਈ ਉਤਸ਼ਾਹਤ ਕਰਕੇ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਟਿਕਾਊ ਚੋਣਾਂ ਕਰਨ ਲਈ ਕਿਫ਼ਾਇਤੀ ਵਿਕਲਪ ਦੇ ਕੇ, ਲੋਕਾਂ ਦੀ ਲਾਗਤਾਂ ਵਿੱਚ ਮਦਦ ਕਰਾਂਗੇ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਾਂਗੇ।“

ਟੈਕਸ ਨੂੰ ਘਟਾ ਕੇ $0 ਕਰਨਾ, ਬੀ.ਸੀ. ਦੀ ਕਾਰਬਨ ਟੈਕਸ ਦੀ ਦਰ ਨੂੰ ਨਵੀਂ ਫੈਡਰਲ ਕਾਰਬਨ ਟੈਕਸ ਦਰ ਨਾਲ ਇਕਸਾਰ ਕਰਨ ਲਈ ਇੱਕ ਫ਼ੌਰੀ ਕਦਮ ਹੈ। ਕਾਰਬਨ ਟੈਕਸ ਨੂੰ ਰੱਦ ਕਰਨ ਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਹੁਣ ‘ਕੰਜ਼ੀਊਮਰ ਕਾਰਬਨ ਟੈਕਸ’ ਦਾ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜੋ ਫ਼ਿਊਲ (ਬਾਲਣ) ਦੀ ਲਾਗਤ ਤੋਂ ਪ੍ਰਤੀ ਲੀਟਰ ਲਗਭਗ 17 ਸੈਂਟ ਅਤੇ ਘਰ ਦੇ ਹੀਟਿੰਗ ਬਿੱਲ ‘ਤੇ ਨੈਚੁਰਲ ਗੈਸ ਲਈ ਪ੍ਰਤੀ ਕਿਊਬਿਕ ਮੀਟਰ ਲਗਭਗ 15 ਸੈਂਟ ਤੱਕ ਘਟਾ ਦੇਵੇਗਾ।

ਲੋਕਾਂ ਅਤੇ ਪਰਿਵਾਰਾਂ ‘ਤੇ ‘ਕੰਜ਼ੀਊਮਰ ਕਾਰਬਨ ਟੈਕਸ’ ਦੇ ਪ੍ਰਭਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ‘ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ’ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਅੰਤਿਮ ਭੁਗਤਾਨ ਇਸ ਅਪ੍ਰੈਲ, 2025 ਵਿੱਚ ਵੰਡਿਆ ਜਾਵੇਗਾ।

“ਕਾਰਬਨ ਟੈਕਸ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਬੀ.ਸੀ. ਵਿੱਚ ਇੱਕ ਮਹੱਤਵਪੂਰਣ ਸਾਧਨ ਰਿਹਾ ਹੈ, ਪਰ ਇਹ ਰਾਜਨੀਤਿਕ ਤੌਰ ‘ਤੇ ਬਹੁਤ ਵਿਵਾਦ ਪੈਦਾ ਕਰਨ ਵਾਲਾ ਅਤੇ ਉਨ੍ਹਾਂ ਮਹੱਤਵਪੂਰਨ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲਾ ਬਣ ਗਿਆ ਹੈ ਜਿਨ੍ਹਾਂ ਨਾਲ ਅਸੀਂ ਨਜਿੱਠ ਰਹੇ ਹਾਂ,” ਵਿੱਤ ਮੰਤਰੀ, ਬਰੈਨਡਾ ਬੇਲੀ ਨੇ ਕਿਹਾ। “ਹਾਲਾਂਕਿ ਇਹ ਸਾਡੇ ਸੂਬੇ ਲਈ ਇਕ ਮਹੱਤਵਪੂਰਣ ਤਬਦੀਲੀ ਹੈ, ਅਸੀਂ ਇਸ ਚੁਣੌਤੀਪੂਰਨ ਆਰਥਿਕ ਸਮੇਂ ਦੌਰਾਨ ਆਰਥਿਕਤਾ ਨੂੰ ਵਧਾਉਣ ‘ਤੇ ਧਿਆਨ ਕੇਂਦਰਤ ਕਰਦੇ ਹੋਏ ਇਸ ਦੇ ਪ੍ਰਭਾਵ ਤੋਂ ਹੋਣ ਵਾਲੇ ਨੁਕਸਾਨ ਦੀ ਪੂਰਤੀ ਕਰਾਂਗੇ।“

ਟੈਕਸ ਅਤੇ ਕ੍ਰੈਡਿਟ ਨੂੰ ਰੱਦ ਕਰਨ ਨਾਲ ਆਉਣ ਵਾਲੇ ਵਿੱਤੀ ਸਾਲ ਵਿੱਚ ਅਨੁਮਾਨਤ $1.99 ਬਿਲੀਅਨ ਦਾ ਅਸਰ ਪਵੇਗਾ। ਸੂਬਾ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਸਹਾਇਤਾ ਕਰਦੇ ਹੋਏ, ਬੀ.ਸੀ. ਦੇ ਬੱਜਟ ‘ਤੇ ਪ੍ਰਭਾਵ ਨੂੰ ਘੱਟ ਕਰਨ ਲਈ ਕਾਰਬਨ ਟੈਕਸ ਮਾਲੀਆ ਦੁਆਰਾ ਫੰਡ ਕੀਤੇ ਪ੍ਰੋਗਰਾਮਾਂ ਦਾ ਪੁਨਰਗਠਨ ਕਰੇਗਾ।

ਸੂਬਾ ਇਹ ਯਕੀਨੀ ਬਣਾਏਗਾ ਕਿ ਵੱਡੇ ਪੱਧਰ ਦੇ ਉਦਯੋਗਿਕ ਪ੍ਰਦੂਸ਼ਕ ‘ਬੀ.ਸੀ. ਆਉਟਪੁੱਟ-ਅਧਾਰਤ ਕਾਰਬਨ ਪ੍ਰਾਇਸਿੰਗ ਸਿਸਟਮ’ (ਕਾਰਬਨ ਪ੍ਰਾਇਸਿੰਗ ਗਲੋਬਲ ਵਾਰਮਿੰਗ ਨੂੰ ਘਟਾਉਣ ਦਾ ਇੱਕ ਤਰੀਕਾ ਹੈ, ਜਿਸ ਵਿੱਚ ਕੋਲੇ, ਤੇਲ ਅਤੇ ਗੈਸ ਦੇ ਬਲਨ ਨੂੰ ਘਟਾਉਣ ਲਈ ਪ੍ਰਦੂਸ਼ਕਾਂ ਨੂੰ ਉਤਸ਼ਾਹਤ ਕਰਨ ਲਈ ਗ੍ਰੀਨਹਾਊਸ ਗੈਸਾਂ ਦੇ ਨਿਕਾਸ ‘ਤੇ ਲਾਗਤ ਜਾਰੀ ਕੀਤੀ ਜਾਂਦੀ ਹੈ) ਰਾਹੀਂ ਭੁਗਤਾਨ ਕਰਨ। ਇਹ ਸਿਸਟਮ ‘ਡੀਕਾਰਬਨਾਈਜ਼ੇਸ਼ਨ’ (ਕਾਰਬਨ ਡਾਇਔਕਸਾਈਡ ਦੇ ਨਿਕਾਸ ਨੂੰ ਘਟਾਉਣ ਦੀ ਪ੍ਰਕਿਰਿਆ) ਦੀਆਂ ਕੋਸ਼ਿਸ਼ਾਂ ਨੂੰ ਸਹਿਯੋਗ ਦਿੰਦਾ ਹੈ, ਉਦਯੋਗ ਨੂੰ ਟੈਕਸ ਅਦਾ ਕਰਨ ਤੋਂ ਬਚਣ ਲਈ ਆਪਣੇ ਨਿਕਾਸ ਨੂੰ ਘਟਾਉਣ ਲਈ ਉਤਸ਼ਾਹਤ ਕਰਦਾ ਹੈ।

 

Leave a Reply

Your email address will not be published. Required fields are marked *