ਸਰੀ – ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਕੁੱਝ ਫਿਰਕਾਪ੍ਰਸਤ ਲੋਕਾਂ ਵੱਲੋਂ ਕੈਨੇਡੀਅਨ ਸਿੱਖ ਉਮੀਦਵਾਰਾਂ ਖਿਲਾਫ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖਤ ਨੋਟਿਸ ਲਿਆ ਹੈ। ਗਿੱਲ ਨੇ ਕਿਹਾ ਕਿ ਸਿਰਫ ਵੱਖਰੀ ਪਹਿਚਾਣ ਕਰਕੇ ਕਿਸੇ ਭਾਈਚਾਰੇ ਜਾਂ ਸ਼ਖਸ਼ੀਅਤ ਵਿਰੁੱਧ ਧਾਰਨਾ ਬਣਾਉਣ ਦੀ ਕੋਸ਼ਿਸ਼ ‘ ਉੱਠਿਆ ਆਪ ਤੋਂ ਨਾ ਜਾਏ ਤੇ ਫਿੱਟੇ ਮੂੰਹ ਗੋਡਿਆਂ ਦੇ ‘ ਵਾਲੀ ਕਹਾਵਤ ਨੂੰ ਰੂਪਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਿਛਲੇ ਕਰੀਬ ਸਵਾ ਸੌ ਸਾਲ ਤੋਂ ਵੱਧ ਅਰਸੇ ਤੋਂ ਆਪਣਾ ਘਰ ਬਾਰ ਛੱਡਕੇ ਤੇ ਕੈਨੇਡਾ ਵੱਲੋਂ 19ਵੀ ਸਦੀ ਦੀ ਆਖਰੀ ਤਿਮਾਹੀ ਚ ਇੰਗਲੈਂਡ ਦੀ ਮਹਾਰਾਣੀ ਨੂੰ ਸਿੱਖ ਫ਼ੌਜ ਭੇਜਣ ਦੀ ਵਿਸ਼ੇਸ਼ ਬੇਨਤੀ ਤੇ ਕੈਨੇਡਾ ਵੱਸਣ ਵਾਲੇ ਪੰਜਾਬੀਆਂ ਤੇ ਖਾਸਕਰ ਸਿੱਖ ਭਾਈਚਾਰੇ ਨੇ ਭੁੱਖੇ ਰਹਿ ਰਹਿਕੇ ਤੇ ਨਫ਼ਰਤੀ ਵਿਹਾਰ ਦਾ ਸਾਹਮਣਾ ਕਰਦਿਆਂ ਆਪਣੀ ਸਖ਼ਤ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਇਸ ਦੇਸ਼ ਵਿੱਚ ਖਾਸ ਸਥਾਨ ਬਣਾਇਆ, ਦੇਸ਼ ਦੀ ਰੱਖਿਆ ਕੀਤੀ ਅਤੇ ਇਸਦੇ ਵਰਤਮਾਨ ਸਰੂਪ ਚ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਫਿਰਕਾਪ੍ਰਸਤ ਤਾਕਤਾਂ ਜੋ ਸਿੱਖਾਂ ਦੀ ਸਿਆਸੀ ਭਾਈਵਾਲੀ ਨਹੀਂ ਵੇਖਣਾ ਚਾਹੁੰਦੀਆਂ ਉਹ ਸੋਸ਼ਲ ਮੀਡੀਆ ‘ਤੇ ਹਰ ਸਿੱਖ ਨੂੰ ਖਾਲਿਸਤਾਨੀ ਕਹਿ ਕੇ ਭਾਈਚਾਰੇ ਨੂੰ ਮੁੱਖਧਾਰਾ ਤੋਂ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਗਿੱਲ ਨੇ ਸਿੱਖ ਚੜ੍ਹਤ ‘ਤੇ ਉਂਗਲ ਚੁੱਕਣ ਵਾਲਿਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਖੁਦ ਅੱਗੇ ਆਕੇ ਆਪਣੀ ਕਾਬਲੀਅਤ ਨੂੰ ਸਾਬਤ ਕਰਦੇ ਪਰ ਉਹ ਹੋਛੀਆਂ ਗੱਲਾਂ ਕਰਦੇ ਹੋਏ ਸਮਾਜ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸਨੂੰ ਕੈਨੇਡੀਅਨ ਪੰਜਾਬੀ ਭਾਈਚਾਰਾ ਅਤੇ ਹਰ ਸਮਝਦਾਰ ਭਾਰਤੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਤੇ ਆਪਣੀ ਏਕਤਾ ਨਾਲ ਇਸ ਫਿਰਕਾ ਪ੍ਰਸਤ ਸਿੱਖ ਵਿਰੋਧੀ ਕੂੜ ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਵੇਗਾ। ਗਿੱਲ ਨੇ ਕਿਹਾ ਕਿ ਸੰਕੀਰਨ ਸੋਚ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀਆਂ ਦੀ ਚੜ੍ਹਤ ਸਖ਼ਤ ਮਿਹਨਤ ਅਤੇ ਜਮੀਨ ਨਾਲ ਜੁੜੇ ਹੋਣ ਕਰਕੇ ਹੈ ਜੋ ਸ਼ਾਇਦ ਤੁਹਾਨੂੰ ਹਜ਼ਮ ਨਹੀਂ ਹੋ ਰਹੀ ਸੀ। ਉਨ੍ਹਾਂ ਜਿਥੇ ਸਮੂਹ ਭਾਰਤੀ ਭਾਈਚਾਰੇ ਨੂੰ ਕੂੜ ਪ੍ਰਚਾਰ ਤੋਂ ਨਿਰਲੇਪ ਰਹਿਕੇ ਵੋਟਿੰਗ ਵਿੱਚ ਹਿੱਸੇਦਾਰੀ ਦੀ ਅਪੀਲ ਕੀਤੀ ਉੱਥੇ ਮੁਸਲਿਮ ਭਾਈਚਾਰੇ ਵੱਲੋਂ ਇਹਨਾਂ ਚੋਣਾਂ ਚ ਅਪਣਾਈ ਜਾ ਰਹੀ ਸੈਕੂਲਰ ਸੋਚ ਦੀ ਸ਼ਲਾਘਾ ਕੀਤੀ ਹੈ।
ਕੈਨੇਡੀਅਨ ਸਿੱਖ ਉਮੀਦਵਾਰਾਂ ਖਿਲਾਫ ਕੂੜ ਪ੍ਰਚਾਰ ਨਿੰਦਣਯੋਗ-ਮਨਿੰਦਰ ਗਿੱਲ
