ਸੁਲਤਾਨਪੁਰ ਲੋਧੀ:- 1 ਅਪ੍ਰੈਲ – ਅੱਜ ਇੱਥੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸ਼੍ਰ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਪਹੁੰਚੇ ਤੇ ਉਨ੍ਹਾਂ ਵੱਲੋਂ ਬੁੱਢਾ ਦਲ ਦੀ ਛਾਉਣੀ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਦੇ ਘਟਨਾਕ੍ਰਮ `ਤੇ ਵੱਡਾ ਬਿਆਨ ਦਿੱਤਾ ਗਿਆ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਸ਼੍ਰੀ ਅਕਾਲ ਬੁੰਗਾ ਸਾਹਿਬ ਤੇ ਗਲਤ ਤਰੀਕੇ ਨਾਲ ਧਾਰਾ 145 ਲਗਾਈ ਗਈ ਸੀ। ਉਹਨਾਂ ਦੋਸ਼ ਲਗਾਉਂਦਿਆਂ ਹੋਇਆ ਕਿਹਾ ਕਿ ਸ਼੍ਰੋ:ਗੁ:ਪ੍ਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਕਿੜ ਕੱਢਣ ਲਈ ਰੌਲਾ ਰੱਪਾ ਪਾ ਕੇ ਧਾਰਾ 145 ਲਗਵਾਈ। ਜਿਸ ਕਾਰਨ ਦਲ ਪੰਥ ਬੁੱਢਾ ਦਲ ਦਾ ਵੱਡਾ ਨੁਕਸਾਨ ਹੋਇਆ। ਕੁੱਝ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਪੁਲਿਸ-ਪ੍ਰਸ਼ਾਸਨ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ, ਦੀ ਅਨਗਹਿਲੀ ਕਾਰਨ ਦਲ ਪੰਥ ਦੇ ਮਹਾਨ ਪਾਵਨ ਅਸਥਾਨ ਦੀ ਬੇਅਦਬੀ ਹੋ ਰਹੀ ਹੈ। ਉਹਨਾਂ ਸਪੱਸ਼ਟ ਕੀਤਾ ਜਿਸ ਧਿਰ ਦੇ ਵੀ ਕਾਗਜ਼ਾਤ ਠੀਕ ਹਨ ਬਿਨਾਂ ਦੇਰੀ ਦੇ ਗੁਰੂ ਘਰ ਦੀ ਸੇਵਾ ਉਸ ਨੂੰ ਸੌਂਪੀ ਜਾਣੀ ਚਾਹੀਦੀ ਹੈ। ਤਾਂ ਜੋ ਮਰਿਆਦਾ ਅਨੁਸਾਰ ਸੇਵਾ ਸੰਭਾਲ ਦਾ ਕਾਰਜ ਸ਼ੁਰੂ ਹੋਵੇ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਾਨ ਸਿੰਘ ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਹਨਾਂ ਕਿਹਾ ਕਿ ਪੁਲਿਸ ਮਾਨ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਜੇਕਰ ਆਪਣੀ ਹੱਕੀ ਮੰਗਾਂ ਲੈ ਕੇ ਬੈਠੇ ਕਿਸਾਨਾਂ ਨੂੰ ਖਦੇੜਿਆ ਜਾ ਸਕਦਾ ਹੈ ਤਾਂ ਏਡੇ ਵੱਡੇ ਦੋਸ਼ੀ ਨੂੰ ਸਲਾਖ਼ਾ ਪਿੱਛੇ ਕਿਉਂ ਨਹੀਂ ਭੇਜਿਆ ਜਾ ਰਿਹਾ। ਇਸ ਦੌਰਾਨ ਬਾਬਾ ਬਲਬੀਰ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੇ ਵੀ ਸਵਾਲ ਚੁੱਕੇ ਗਏ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅੱਜ ਗੁ: ਬੇਰ ਸਾਹਿਬ ਨਤਮਸਤਕ ਹੋਣ ਅਤੇ ਸ. ਜਗਜੀਤ ਸਿੰਘ ਦੇ ਨੌਜਵਾਨ ਪੁੱਤਰ ਦੇ ਅਕਾਲ ਚਲਾਣਾ ਕਰ ਜਾਣ ਤੇ ਉਸ ਨਾਲ ਦੁਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ ਪੁਜੇ ਸਨ। ਏਥੇ ਇਹ ਵੀ ਵਰਨਣਯੋਗ ਹੈ ਕਿ ਨਵੰਬਰ 2023 ਦੌਰਾਨ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ (ਨਿਹੰਗ ਸਿੰਘਾਂ ਦੀ ਛਾਉਣੀ) ਵਿਖੇ ਕਥਿਤ ਤੌਰ ਤੇ ਕਾਬਜ ਹੋਏ ਮਾਨ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਗੋਲੀ ਚੱਲਣ ਕਾਰਨ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਜਦ ਕਿ 5 ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਹ ਘਟਨਾ ਸਵੇਰ ਸਮੇਂ ਵਾਪਰੀ ਸੀ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਜ਼ਿਲਾ ਕਪੂਰਥਲਾ ਵਜੋ ਹੋਈ ਸੀ। ਗੁਰਦੁਆਰਾ ਅਕਾਲ ਬੁੰਗਾ ‘ਤੇ ਕਬਜ਼ਾ ਲੈਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਮਾਨ ਸਿੰਘ ਵੱਲੋਂ ਖਿੱਚੋਤਾਣ ਚੱਲਦੀ ਆ ਰਹੀ ਸੀ। ਹਾਲਾਂਕਿ ਸੁਲਤਾਨਪੁਰ ਲੋਧੀ ਵਿੱਚ ਇਸ ਅਸਥਾਨ ਤੇ ਬਾਬਾ ਬਲਬੀਰ ਸਿੰਘ ਦੇ ਸੇਵਕ ਬਾਬਾ ਨਿਰਵੈਰ ਸਿੰਘ, ਸ. ਜਗਜੀਤ ਸਿੰਘ ਸੇਵਾ ਨਿਭਾ ਰਹੇ ਸਨ ਉਨ੍ਹਾਂ ਨੂੰ ਜ਼ਬਰੀ ਅਗਵਾ ਕਰਕੇ ਉਨ੍ਹਾਂ ਦੀ ਕੁਟੱਮਾਰ ਕੀਤੀ ਗਈ ਅਤੇ ਮਾਨ ਸਿੰਘ ਵੱਲੋਂ ਜਬਰ ਦਸਤੀ ਗੁ: ਸਾਹਿਬ ਅੰਦਰ ਦਾਖਲ ਹੋ ਕੇ ਕਾਬਜ ਹੋਣ ਤੇ ਸਮਾਨ ਕੀਮਤੀ ਸਮਾਨ ਸਾਰਾ ਖੁਰਬੁਰਦ ਕੀਤਾ ਗਿਆ। ਉਨ੍ਹਾਂ ਕਿਹਾ ਸਰਕਾਰ ਵੱਲੋਂ ਧਾਰਾ 145 ਲਗਾਉਣੀ ਸਰਾਸਰ ਗਲਤ ਹੈ।
ਬੁੱਢਾ ਦਲ ਦੀ ਛਾਉਣੀ ਤੇ ਧਾਰਾ 145 ਲਗਾਉਣਾ ਸਰਾਸਰ ਗਲਤ- ਬਾਬਾ ਬਲਬੀਰ ਸਿੰਘ ਅਕਾਲੀ
