ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ ਭਰੀਆਂ ਹਾਜ਼ਰੀਆਂ-
ਮਲੇਸ਼ੀਆ ਦੀ ਪ੍ਰਸਿੱਧ ਸਟੇਟ ਮਲਾਕਾ ਵਿਖੇ ਸਥਿੱਤ ਗੁਰਦੁਆਰਾ ਸਾਹਿਬ ਮਲਾਕਾ ਦਾ 100 ਸਾਲਾ ਸਥਾਪਨਾ ਦਿਵਸ ਪਿਛਲੇ ਦਿਨੀਂ ਗੁ: ਸਾਹਿਬ ਦੀ ਕਮੇਟੀ ਅਤੇ ਸੰਗਤਾਂ ਵਲੋ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ । ਗੁ: ਸਾਹਿਬ ਦੇ ਦਰਬਾਰ ਹਾਲ ਵਿੱਚ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਮਲੇਸ਼ੀਆ ਦੇ ਕੀਰਤਨੀ ਜਥਿਆਂ ਵਲੋਂ ਕੀਰਤਨ ਅਤੇ ਕਥਾਵਾਚਕਾਂ ਵਲੋਂ ਇਤਿਹਾਸ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਗੁ: ਸਾਹਿਬ ਮਲਾਕਾ ਦੇ 100 ਸਾਲਾ ਇੰਟਰਨੈਸ਼ਨਲ ਸਮਾਗਮ ਵਿੱਚ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਵਿਸ਼ੇਸ਼ ਤੌਰ ‘ਤੇ ਸਿੰਗਾਪੁਰ ਤੋਂ ਆਕੇ ਹਾਜ਼ਰੀਆਂ ਭਰੀਆਂ ਗਈਆਂ । ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ ਪ੍ਰੋ: ਬਾਬਾ ਰੰਧਾਵਾ ਵਲੋਂ ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਾਲਕੀ ‘ਚ ਸਜਾਉਣ, ਚੌਰ ਸਾਹਿਬ ਦੀ ਸੇਵਾ ਕਰਨ, ਦਰਬਾਰ ਵਿੱਚ ਕਥਾ ਕਰਨ, ਅਰਦਾਸਾਂ ਕਰਨ ਆਦਿ ਦੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਗਈਆਂ । ਗੁ: ਸਾਹਿਬ ਦੀ ਕਮੇਟੀ ਅਤੇ ਗੁਰੂ ਘਰ ਦੇ ਵਜ਼ੀਰਾਂ ਵਲੋਂ ਪ੍ਰੋ: ਬਾਬਾ ਰੰਧਾਵਾ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ । ਗੁ: ਸਾਹਿਬ ਦੇ 100 ਸਾਲਾ ਸਮਾਗਮ ‘ਚ ਉਚੇਚੇ ਤੌਰ ‘ਤੇ ਹਾਜ਼ਰੀਆਂ ਭਰਨ ਆਏ ਮਲੇਸ਼ੀਆ ਸਰਕਾਰ ਦੇ ਸਿੱਖ ਕੈਬਨਿਟ ਮਨਿਸਟਰ ਗੋਬਿੰਦ ਸਿੰਘ ਦਿਓ, ਮਲਾਕਾ ਸਟੇਟ ਦੇ ਗਵਰਨਰ ਡਾ: ਹਾਜੀ ਮੁਹੰਮਦ ਤਾਨ ਅਲੀ ਰੁਸਤਮ ਅਤੇ ਦਾਤੋ ਡਾ: ਦਾਤੋ ਮਹਿੰਦਰ ਸਿੰਘ ਨੂੰ ਗੁ: ਸਾਹਿਬ ਦੀ ਪ੍ਰਧਾਨ ਬੀਬਾ ਦਲਵਿੰਦਰ ਕੌਰ ਖਾਲਸਾ ਅਤੇ ਸੈਕਟਰੀ ਅੰਮ੍ਰਿਤਪਾਲ ਸਿੰਘ ਵਲੋਂ ਫੁਲਾਂ ਦੇ ਬੁੱਕੇ, ਲੋਈਆ ਅਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ । ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਵਲੋਂ ਪੰਜ ਪਿਆਰਿਆਂ ਅਤੇ ਗੱਤਕੇਬਾਜਾਂ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ । ਗੁ: ਕਮੇਟੀ ਵਲੋਂ 100 ਸਾਲਾ ਸਮਾਗਮ ਨੂੰ ਸਮਰਪਿਤ ਇਤਿਹਾਸਕ ਸੋਵੀਨਰ ਵੀ ਛਾਪਿਆ ਗਿਆ । ਗੁ: ਮਲਾਕਾ ਸਾਹਿਬ ਦੇ 100 ਸਾਲਾ ਸਮਾਗਮ ‘ਚ ਸਿੰਗਾਪੁਰ, ਇੰਡੋਨੇਸ਼ੀਆ, ਥਾਈਲੈਂਡ, ਭਾਰਤ, ਹਾਂਗਕਾਂਗ ਆਦਿ ਦੇਸ਼ਾਂ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ।
ਫੋਟੋ:— ਪ੍ਰੋ: ਬਾਬਾ ਰੰਧਾਵਾ ਵਲੋਂ ਨਗਰ ਕੀਰਤਨ ‘ਚ ਸ਼ਾਮਲ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ