ਅੰਤਿਮ ਸੰਸਕਾਰ ਤੇ ਭੋਗ 5 ਅਪ੍ਰੈਲ ਨੂੰ-
ਸਰੀ ( ਡਾ ਗੁਰਵਿੰਦਰ ਸਿੰਘ)-ਸਰੀ, ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਹਫ਼ਤਾਵਾਰੀ ਅਖਬਾਰ ”ਸੱਚ ਦੀ ਆਵਾਜ਼” ਦੇ ਮੋਢੀ ਤੇ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਦੇ ਸਾਬਕਾ ਜਨਰਲ ਸਕੱਤਰ ਖੁਸ਼ਪਾਲ ਸਿੰਘ ਗਿੱਲ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹ ਲਗਪਗ 71 ਸਾਲ ਦੇ ਸਨ । ਪੰਜਾਬ ਤੋਂ ਜ਼ਿਲਾ ਲੁਧਿਆਣਾ ‘ਚ ਪੈਂਦੇ ਪਿੰਡ ਗੁਰੂਸਰ ਸੁਧਾਰ ਨਾਲ ਸਬੰਧਿਤ ਖੁਸ਼ਪਾਲ ਸਿੰਘ ਗਿੱਲ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਸੁਧਾਰ ਦੇ ਸਾਬਕਾ ਪ੍ਰਿੰਸੀਪਲ ਘਮੰਡਾ ਸਿੰਘ ਗਿੱਲ ਦੇ ਪੁੱਤਰ ਸਨ ਅਤੇ ਲੰਮੇ ਸਮੇਂ ਤੋਂ ਕੈਨੇਡਾ ਦੇ ਪੰਜਾਬੀ ਮੀਡੀਏ ਅਤੇ ਸਿਆਸੀ ਖੇਤਰ ਵਿੱਚ ਭੂਮਿਕਾ ਨਿਭਾ ਰਹੇ ਸਨ।
ਪਰਿਵਾਰ ਦੇ ਦੱਸਣ ਅਨੁਸਾਰ ਉਹਨਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਉਹਨਾਂ ਦਾ ਇਲਾਜ ਚੱਲ ਰਿਹਾ ਸੀ ਕਿ ਅਚਾਨਕ ਇਹ ਭਾਣਾ ਵਰਤ ਗਿਆ। ਉਹ ਉਦਮੀ ਇਨਸਾਨ ਸਨ ਅਤੇ ਲਗਾਤਾਰ ਸਰਗਰਮ ਰਹਿੰਦੇ ਸਨ।
ਸ ਗਿੱਲ ਸਾਹਿਬ ਦਾ ਵਿਛੋੜਾ ਮਹਿਸੂਸ ਕਰਦਿਆਂ ਮੀਡੀਆ ਨਾਲ ਸਬੰਧਿਤ ਅਹਿਮ ਮੌਕਿਆਂ ‘ਤੇ ਉਹਨਾਂ ਵੱਲੋਂ ਕੀਤੇ ਦਿਖਾਏ ਜਾਂਦੇ ਉਤਸ਼ਾਹ ਦੀਆਂ ਅਨੇਕਾਂ ਯਾਦਾਂ ਅੱਖਾਂ ਸਾਹਮਣੇ ਫਿਲਮ ਵਾਂਗ ਘੁੰਮ ਰਹੀਆਂ ਹਨ। ਉਹਨਾਂ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਹੈ ਅਤੇ ਪਰਿਵਾਰ ਲਈ ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਹੈ ਕਿ ਭਾਣਾ ਮੰਨਣ ਦਾ ਬਲ ਬਖਸ਼ੇ।
ਇਸ ਤੋਂ ਪਹਿਲਾਂ ਸਰਦਾਰ ਜਰਨੈਲ ਸਿੰਘ ਚਿੱਤਰਕਾਰ, ਜੋ ਪੰਜਾਬੀ ਪ੍ਰੈਸ ਕਲੱਬ ਦੀ ਮੌਜੂਦਾ ਐਗਜੈਕਟਿਵ ਦੇ ਜਨਰਲ ਸਕੱਤਰ ਸਨ, ਅਚਨਚੇਤੀ ਵਿਛੋੜਾ ਦੇ ਗਏ ਸਨ। ਇਹਨਾਂ ਪਿਆਰੀਆਂ ਸ਼ਖਸੀਅਤਾਂ ਦੇ, ਇੱਕ ਤੋਂ ਬਾਅਦ ਇੱਕ ਦੇ ਤੁਰ ਜਾਣ ਦਾ, ਸਭਨਾਂ ਨੂੰ ਗਹਿਰਾ ਦੁੱਖ ਹੈ।
ਅੰਤਿਮ ਸੰਸਕਾਰ 5 ਅਪ੍ਰੈਲ ਨੂੰ- ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 5 ਅਪ੍ਰੈਲ ਦਿਨ ਸ਼ਨੀਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ 11 ਵਜੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਸਰੀ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗੀ।