Headlines

ਗੁਰ ਪਤਵੰਤ ਪੰਨੂ ਦਿਮਾਗ਼ੀ ਸੰਤੁਲਨ ਖੋਹ ਚੁੱਕਾ ਹੈ: ਪ੍ਰੋ. ਸਰਚਾਂਦ ਸਿੰਘ ਖਿਆਲਾ

ਸਿੱਖੀ ਦੀ ਆੜ ਵਿੱਚ ਪੰਨੂ ਨੂੰ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਨਾ ਖਿਲਵਾੜ ਅਤੇ ਨਾ ਹੀ  ਵੰਡੀਆਂ ਪਾਉਣ ਦਿਆਂਗੇ-
ਅੰਮ੍ਰਿਤਸਰ 1 ਅਪ੍ਰੈਲ-ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ਦਿਮਾਗ਼ੀ ਸੰਤੁਲਨ ਖੋਹ ਚੁੱਕੇ ਅਖੌਤੀ ਸਿੱਖ ਫਾਰ ਜਸਟਿਸ ਦੇ ਅਖੌਤੀ ਖਾਲਿਸਤਾਨੀ ਗੁਰ ਪਤਵੰਤ ਪੰਨੂ ਆਪਣੇ ਆਪ ਨੂੰ ਸਿੱਖ ਸਮਝ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀਆਂ ਹਰਕਤਾਂ  ਗੁਰਮਤਿ ਦੇ ਫਲਸਫੇ ਤੋਂ ਕੋਸੋਂ ਦੂਰ ਹਨ। ਉਨ੍ਹਾਂ ਪੰਨੂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਗੁਰਬਾਣੀ ਵਿਚ ਦਲਿਤ ਵਰਗ ਲਈ ਸਨਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਪਰ ਪੰਨੂ ਦਲਿਤ ਨਾਇਕ ਭਾਰਤ ਰਤਨ ਡਾ. ਬੀਮ ਰਾਓ ਅੰਬੇਡਕਰ ਦਾ, ਜਿਸ ਨੂੰ ਦਲਿਤਾਂ ਦਾ ਮਸੀਹਾ ਹੋਣ ਦਾ ਮਾਣ ਹਾਸਲ ਹੈ, ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ? ਪੰਨੂ ਕਰਕੇ ਦਲਿਤ ਸਮਾਜ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ।  ਡਾ. ਅੰਬੇਡਕਰ ਦੀ ਅਗਵਾਈ ’ਚ ਨਿਰਮਾਣ ਹੋਏ ਭਾਰਤੀ ਸੰਵਿਧਾਨ ਵਿਚ ਸਿੱਖਾਂ ਨੂੰ ਦੂਜਿਆਂ ਦੀ ਤਰਾਂ ਸਭ ਹੱਕ ਹਕੂਕ ਹਾਸਲ ਹਨ। ਸਿੱਖ ਧਰਮ ਦੀ ਆੜ ਵਿੱਚ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਭਾਈਚਾਰਿਆਂ ’ਚ ਵੰਡੀਆਂ ਪਾਉਣ ਨਹੀਂ ਦਿੱਤਾ ਜਾਵੇਗਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਭਾਵੇਂ ਕਿ ਸਿੱਖ ਬੁੱਤ ਪ੍ਰਸਤ ਨਹੀਂ ਪਰ ਕਿਸੇ ਦੇ ਬੁੱਤ ਦਾ ਅਪਮਾਨ ਕਰਨਾ ਅਤੇ ਕਿਸੇ ਵਰਗ ਪ੍ਰਤੀ ਨਫ਼ਰਤ ਪੈਦਾ ਕਰਨ ਵੀ ਸਿੱਖੀ ਅਸੂਲ ਅਤੇ ਗੁਰੂ ਆਸ਼ੇ ਅਨੁਸਾਰ ਬਿਲਕੁਲ ਨਹੀਂ ਹਨ, ਜਿਸ ਧਰਮ ਵਿਚ ’ਸਰਬੱਤ ਦਾ ਭਲਾ’ ਦਾ ਸੰਕਲਪ ਸ਼ਕਤੀਸ਼ਾਲੀ ਰੂਪ ਵਿਚ ਵਿਦਮਾਨ ਹੋਵੇ। ਖ਼ਾਲਸੇ ਦੀ ਸਿਰਜਣਾ ਧਰਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਕੀਤੀ ਗਈ ਹੈ। ਰੋਜ਼ਾਨਾ ਕੇਸਾਂ ਦੀ ਬੇਅਦਬੀ ਕਰਨ ਵਾਲਾ ਪਤਿਤ ਸਿੱਖ ਪੰਨੂ ਦੱਸੇਗਾ ਕਿ ਕਿਸੇ ਨੂੰ ਮੌਤ ਦਾ ਡਰਾਵਾ ਦੇ ਕੇ ਖੌਫ਼ਜ਼ਦਾ ਕੀਤਾ ਜਾਣਾ ਕਿਧਰ ਦੀ ਸਿੱਖੀ ਹੈ ? ਕਿਹੜੀ ਮਰਯਾਦਾ ਹੈ?
ਉਨ੍ਹਾਂ ਕਿਹਾ ਕਿ ਕੁਝ ਸਿੱਖ ਨੌਜਵਾਨਾਂ ਦੀ ਆਰਥਿਕ ਮਜਬੂਰੀ ਦਾ ਫ਼ਾਇਦਾ ਉਠਾ ਕੇ ਜਾਂ ਗੁਮਰਾਹ ਕਰਕੇ ਉਨ੍ਹਾਂ ਤੋਂ ਖਾਲਿਸਤਾਨੀ ਨਾਅਰੇ ਲਿਖਵਾਉਣ ਨਾਲ ਕੋਈ ਫ਼ਰਕ ਨਹੀਂ ਪੈਣ ਲਗਾ, ਪੰਜਾਬ ਅਤੇ ਵਿਸ਼ਵ ਭਰ ਦੇ ਸਿੱਖ ਪੰਨੂ ਦੀਆਂ ਹਰਕਤਾਂ ਤੋਂ ਹੁਣ ਬਹੁਤ ਚੰਗੀ ਤਰਾਂ ਜਾਣੂ ਹਨ। ਹੁਣ ਉਸ ਦੀਆਂ ਅਜਿਹੀਆਂ ਹਰਕਤਾਂ ਵਲ ਕੋਈ ਧਿਆਨ ਵੀ ਨਹੀਂ ਦਿੰਦਾ। ਫਿਰ ਵੀ ਇਸ ਪਤਿਤ ਵਿਅਕਤੀ ਵੱਲੋਂ ਸਿੱਖੀ ਦਾ ਅਕਸ ਖ਼ਰਾਬ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਦੀ ਲੋੜ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਨੇ ਅਜਿਹੀ ਹਰਕਤ ਪਹਿਲੀ ਵਾਰ ਨਹੀਂ ਕੀਤੀ ਹੈ, ਆਪਣੇ ਆਪ ਨੂੰ ਗੁਰਮਤਿ ਦਾ ਪਾਂਧੀ ਦੱਸਣ ਵਾਲਾ ਪੰਨੂ, ਅਸਲ ਵਿਚ ਗੁਰਮਤਿ ਸਿਧਾਂਤ, ਵਿਚਾਰਧਾਰਾ ਅਤੇ ਵਿਰਾਸਤ ਪ੍ਰਤੀ ਪੂਰੀ ਤਰਾਂ ਕੋਰਾ ਹੈ । ਪੰਨੂ ਵੱਲੋਂ ਸਿਆਸਤ ਕਰਦਿਆਂ ਦੂਜਿਆਂ ਨੂੰ ਧਮਕੀਆਂ ਦੇਣੀਆਂ ਕੋਈ ਨਵੀਂ ਗਲ ਨਹੀਂ ਹੈ। ਪਰ ਕਿਸੇ ਨੂੰ ਵੀ ਸਵੈ ਇੱਛਾ ਵਿਰੁੱਧ ਜਾਂ ਗੰਨ ਪੁਆਇੰਟ ’ਤੇ ਮੌਤ ਦਾ ਡਰਾਵਾ ਦੇ ਕੇ ਧੱਕੇ ਨਾਲ ਆਪਣੇ ਸਿਆਸੀ ਸਵਾਰਥ ਦੀ ਪੂਰਤੀ ਲਈ ਪਹਿਲਾਂ ਗਾਇਕਾਂ ਨੂੰ ਅਰਦਾਸ ਕਰਨ ਲਈ ਮਜਬੂਰ ਕਰਨਾ, ਵੱਖਵਾਦੀ ਨਾਅਰੇ ਲਿਖਵਾਉਣਾ, ਏਅਰ ਇੰਡੀਆ ਦੇ ਹਵਾਈ ਜਹਾਜ਼ ’ਤੇ ਸਫ਼ਰ ਨਾ ਕਰਨ ਲਈ ਧਮਕਾਉਣ ਜਾਂ ਹੁਣ ਡਾ. ਅੰਬੇਡਕਰ ਦੇ ਬੁੱਤਾਂ ਪ੍ਰਤੀ ਗ਼ਲਤ ਟਿੱਪਣੀਆਂ ਔਰੰਗੇਜੇਬੀ ਫ਼ਰਮਾਨ ਹਨ, ਜੋ ਸਿੱਖੀ ਸਿਧਾਂਤਾਂ ਅਤੇ ਮਰਯਾਦਾ ਦੀ ਵੀ ਉਲੰਘਣਾ ਹੈ। ਪੰਨੂ ਨੇ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਬੇਰਹਿਮੀ ਨਾਲ ਕੀਤੇ ਗਏ ਕਤਲ ’ਤੇ ਵੀ ਘਿਣਾਉਣੀ ਸਿਆਸਤ ਕੀਤੀ ਅਤੇ ਹੋਰਨਾਂ ਨਾਮਵਰ ਪੰਜਾਬੀ ਗਾਇਕਾਂ ਨੂੰ ਮੌਤ ਦੀ ਧਮਕੀ ਦੇ ਕੇ ਉਨ੍ਹਾਂ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਖ਼ਾਲਿਸਤਾਨ ਲਈ ਅਰਦਾਸ ਕਰਨ ਜਾਂ ਫਿਰ ਸਿੱਧੂ ਮੂਸੇਵਾਲਾ ਦੀ ਤਰਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਵੀ ਡਰਾ ਚੁੱਕਿਆ ਹੈ।

Leave a Reply

Your email address will not be published. Required fields are marked *