Headlines

ਭਾਰਤੀ ਜਲ ਸੈਨਾ ਨੇ 2,500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ

ਨਵੀਂ ਦਿੱਲੀ, 2 ਅਪਰੈਲ

ਭਾਰਤੀ ਜਲ ਸੈਨਾ ਦੇ ਫਰੰਟਲਾਈਨ ਜੰਗੀ ਜਹਾਜ਼ ਆਈਐੱਨਐੱਸ ਤਰਕਸ਼ ਨੇ ਪੱਛਮੀ ਹਿੰਦ ਮਹਾਸਾਗਰ ਵਿੱਚ 2,500 ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕਿਸ਼ਤੀ ਦੇ ਚਾਲਕ ਦਲ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ ਨੂੰ ਜਲ ਸੈਨਾ ਨੂੰ ਕੁਝ ਜਹਾਜ਼ਾਂ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਨਸ਼ੀਲੇ ਪਦਾਰਥ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਲ ਸੈਨਾ ਦੇ ਤਰਜਮਾਨ ਨੇ ਕਿਹਾ ਕਿ ਆਸੇ-ਪਾਸੇ ਦੇ ਸਾਰੇ ਸ਼ੱਕੀ ਜਹਾਜ਼ਾਂ ਜਾਂ ਕਿਸ਼ਤੀਆਂ ਦੀ ਜਾਂਚ ਕਰਨ ਤੋਂ ਆਈਐੱਨਐੱਸ ਤਰਕਸ਼ ਨੇ ਪੀ8ਆਈ ਸਮੁੰਦਰੀ ਨਿਗਰਾਨੀ ਜਹਾਜ਼ ਅਤੇ ਮੁੰਬਈ ਦੇ ਸਮੁੰਦਰੀ ਸੰਚਾਲਨ ਕੇਂਦਰ ਦੇ ਤਾਲਮੇਲ ਨਾਲ ਸ਼ੱਕੀ ਕਿਸ਼ਤੀ ਰੋਕੀ।

ਇਸ ਤੋਂ ਇਲਾਵਾ ਸ਼ੱਕੀ ਕਿਸ਼ਤੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਖੇਤਰ ਵਿੱਚ ਸੰਭਾਵੀ ਤੌਰ ’ਤੇ ਕੰਮ ਕਰ ਰਹੇ ਹੋਰ ਜਹਾਜ਼ਾਂ ਦੀ ਪਛਾਣ ਕਰਨ ਲਈ ਹੈਲੀਕਾਪਟਰ ਭੇਜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮੈਰੀਨ ਕਮਾਂਡੋਜ਼ ਦੇ ਨਾਲ ਇੱਕ ਮਾਹਿਰ ਟੀਮ ਕਿਸ਼ਤੀ ’ਤੇ ਚੜ੍ਹੀ ਅਤੇ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਦੌਰਾਨ ਸੀਲਬੰਦ ਪੈਕੇਟ ਬਰਾਮਦ ਹੋਏ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਜਹਾਜ਼ ਦੇ ਵੱਖ-ਵੱਖ ਕਾਰਗੋ ਹੋਲਡ ਅਤੇ ਡੱਬਿਆਂ ਵਿੱਚ 2,500 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ (2,386 ਕਿਲੋਗ੍ਰਾਮ ਹਸ਼ੀਸ਼ ਅਤੇ 121 ਕਿਲੋਗ੍ਰਾਮ ਹੈਰੋਇਨ ਸਮੇਤ) ਰੱਖੇ ਹੋਏ ਸਨ। ਤਰਜਮਾਨ ਨੇ ਕਿਹਾ ਕਿ ਸ਼ੱਕੀ ਕਿਸ਼ਤੀ ਨੂੰ ਬਾਅਦ ਵਿੱਚ ਆਈਐੱਨਐੱਸ ਤਰਕਸ਼ ਦੇ ਕੰਟਰੋਲ ਹੇਠ ਲਿਆਂਦਾ ਗਿਆ ਅਤੇ ਚਾਲਕ ਦਲ ਦੇ ਮੈਂਬਰਾਂ ਤੋਂ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਅਤੇ ਖੇਤਰ ਵਿੱਚ ਹੋਰ ਜਹਾਜ਼ਾਂ ਦੀ ਮੌਜੂਦਗੀ ਬਾਰੇ ਪੁੱਛ-ਪੜਤਾਲ ਕੀਤੀ ਗਈ। –

Leave a Reply

Your email address will not be published. Required fields are marked *