Headlines

ਕਵਿਤਾਵਾਂ

ਚੇਤਨ ਬਿਰਧਨੋ

ਕਿੱਧਰੇ ਵੱਜਿਆ ਢੋਲ ਆਵਾਜ਼ ਆਈ,

ਰੁੱਤ ਭਾਦੋਂ ਉੱਤੋਂ ਚੌਦੇਂ ਚੜ੍ਹ ਆਈ,

ਝੋਲੇ ਭਰ-ਭਰ ਖੇਡਾਂ ਲਿਆਵਾਂਗੇ,

ਮਾਏ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ।

ਨੌਂ ਵਾਲੀ ਬੱਸ ’ਤੇ ਸਭ ਆਉਣਗੇ ਜੀ,

ਅੱਜ ਵਿਹੜੇ ਰੌਣਕ ਲਾਉਣਗੇ ਜੀ,

ਸੁੱਖ ਦਾ ਦਿਨ ਇਕੱਠੇ ਬਿਤਾਵਾਂਗੇ,

ਭਰ ਪਤੀਲਾ ਕੜ੍ਹੀ-ਚੌਲ ਬਣਾਵਾਂਗੇ,

ਮਾਏ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ।

ਲੈ ਦੇਈਂ ਤਾਸ਼ ਖੇਡਣ ਲਈ ਸੀਪ,

ਨਾਲੇ ਫ਼ੌਜੀਆਂ ਵਾਲੀ ਜੀਪ,

ਇੱਕ ਬੱਸ ਵੱਡੀ ਹੋਵੇ ਖੁੱਲ੍ਹਦੀ ਬਾਰੀ,

ਮੂਹਰੇ ਸ਼ੀਸ਼ਾ ਲੱਗੀ ਅਲਮਾਰੀ,

ਹਾੜ੍ਹਾ ਇੱਕ ਮੱਝ ਨਾਲੇ ਹੋਵੇ ਕੱਟੀ,

ਸਮੋਸੇ ਨਾਲ ਖਾਵਾਂਗੇ ਚਟਨੀ ਖੱਟੀ,

ਪਕੌੜੇ-ਬਰਫ਼ੀ ਘਰ ਲਈ ਵੀ ਲੈ ਆਵਾਂਗੇ,

ਮਾਏ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ।

ਸਕੂਲੋਂ ਛੁੱਟੀ ਬਾਅਦ ਬਾਪੂ ਜਾਊ,

ਚੇਤੇ ਹੁਣ ਬੈਠ ਸਕੀਮ ਲੜਾਊ,

ਟਰੈਕਟਰ-ਟਰਾਲੀ ਬਾਪੂ ਨਾਲ ਲੈ ਆਊ,

ਭਾਵੇਂ ਕਿੰਨੀਆਂ ਚੀਜ਼ਾਂ ਬੇਬੇ ਨਾਲ ਲੈ ਆਇਆ,

ਚੰਦਰੇ ਨੂੰ ਸਬਰ ਹਾਲੇ ਨਾ ਆਇਆ,

ਬਚੀ ਕਸਰ ਆਥਣੇ ਕੱਢ ਆਵਾਂਗੇ,

ਮਾਏ ਆਜਾ ਆਪਾਂ ਮੇਲਾ ਦੇਖਣ ਜਾਵਾਂਗੇ।

ਸੰਪਰਕ: 96171-19111

* * *

ਪਾਣੀ ਜੀਵਨ ਧਾਰਾ…

ਹਰਪ੍ਰੀਤ ਪੱਤੋ

ਬੂੰਦ ਬੂੰਦ ਵਿੱਚ ਅੰਮ੍ਰਿਤ ਇਸ ਦੇ,

ਵਗਦੀ ਜੀਵਨ ਧਾਰਾ ਹੈ।

ਪਾਣੀ ਪਿਤਾ ਕਿਹਾ ਗੁਰੂ ਨੇ,

ਪੀ ਜੀਵੇ ਜੱਗ ਸਾਰਾ ਹੈ।

ਇਸ ਦੇ ਨਾਲ ਹਰੇ ਨੇ ਜੰਗਲ,

ਬਾਗ ਬਗੀਚੇ ਫੁੱਲ ਖਿੜੇ।

ਹੋਣ ਫ਼ਸਲਾਂ ਹਰੀਆਂ ਭਰੀਆਂ,

ਜਦ ਖੇਤਾਂ ਵਿੱਚ ਖੂਹ ਗਿੜੇ।

ਨਵਾਂ ਜੇ ਅਸੀਂ ਬਣਾ ਨ੍ਹੀਂ ਸਕਦੇ,

ਸੰਭਾਲ ਤਾਂ ਕਰ ਸਕਦੇ ਹਾਂ।

ਜੇ ਗੁਆਵਾਂਗੇ ਅਜਾਈਂ ਇਸਨੂੰ,

ਫੇਰ ਵੈਰੀ ਅਸੀਂ ਸਭ ਦੇ ਹਾਂ।

ਸੰਕੋਚ ਕੇ ਆਪਾਂ ਪਾਣੀ ਵਰਤੀਏ,

ਵਿਅਰਥ ਕਦੇ ਡੋਲ੍ਹੀਏ ਨਾ।

ਜੇ ਲੋੜ ਨ੍ਹੀਂ ਸਾਨੂੰ ਪਾਣੀ ਦੀ,

ਟੂਟੀ ਐਵੇਂ ਖੋਲ੍ਹੀਏ ਨਾ।

ਵੱਡਿਆਂ ਸਾਨੂੰ ਸਾਂਭ ਕੇ ਦਿੱਤਾ,

ਇਹੀ ਸਾਡੀ ਪੂੰਜੀ ਹੈ।

ਅਕਲਾਂ ਵਾਲੇ ਤੁਸੀਂ ਤਾਲੇ ਖੋਲ੍ਹੋ,

ਇਹ ਜੀਵਨ ਦੀ ਕੁੰਜੀ ਹੈ।

ਜੋ ਪਾਣੀ ਨੇ ਵਿਅਰਥ ਵਹਾਉਂਦੇ,

ਉਨ੍ਹਾਂ ਤਾਈਂ ਸਮਝਾਉ ਜੀ।

ਬਹੁਤ ਜ਼ਰੂਰੀ ਹੈ ਪਾਣੀ ਪੱਤੋ,

ਇਸ ਨੂੰ ਤੁਸੀਂ ਬਚਾਉ ਜੀ।

ਸੰਪਰਕ: 94658-21417

* * *

ਮਾਂ ਜਿਹਾ ਲਾਡ

ਬਲਜਿੰਦਰ ਮਾਨ

ਕੁੱਟ ਕੁੱਟ ਚੂਰੀਆਂ ਹਰ ਕੋਈ ਖੁਆਵੇ ਨਾ

ਮਾਂ ਜਿਹਾ ਲਾਡ ਕੋਈ ਜੱਗ ’ਤੇ ਲਡਾਵੇ ਨਾ।

ਪੀੜਾਂ ਪ੍ਰਸੂਤੀ ਸਹਿ ਕੇ ਜੱਗ ਉਹ ਦਿਖਾਉਂਦੀ ਐ

ਆਪ ਦੁੱਖ ਪਾ ਕੇ ਸਾਨੂੰ ਲੋਰੀਆਂ ਸੁਣਾਉਂਦੀ ਐ।

ਸਾਡੇ ਨਾਲੋਂ ਪਹਿਲਾਂ ਕੋਈ ਚੀਜ਼ ਉਹ ਖਾਵੇ ਨਾ…

ਸਬਰ ਦੀ ਹੈ ਮੂਰਤੀ ਤੇ ਸਿੱਖਿਆ ਭੰਡਾਰ ਉਹ

ਗੁਣਾਂ ਦੀ ਹੈ ਖਾਣ ਸਾਰੇ ਜੱਗ ਦਾ ਸ਼ਿੰਗਾਰ ਉਹ

ਮਿਹਨਤਾਂ ਨਾ’ ਪਾਲੇ ਸਾਨੂੰ ਝੋਰਾ ਕੋਈ ਲਾਵੇ ਨਾ…

ਜ਼ਿੰਦਗੀ ਦੇ ਗੁਰ ਉਹ ਚਾਵਾਂ ਨਾ’ ਸਿਖਾਈ ਜਾਵੇ

ਉੱਚੀਆਂ ਤੇ ਸੁੱਚੀਆਂ ਕਈ ਮੰਜ਼ਿਲਾਂ ਦਿਖਾਈ ਜਾਵੇ

ਔਖੇ ਸੌਖੇ ਪਲਾਂ ਵਿੱਚ ਕਦੀ ਘਬਰਾਵੇ ਨਾ…

ਮਾਂ ਦੀਆਂ ਮੱਤਾਂ ਸਭ ਦਿਲਾਂ ਵਿੱਚ ਪਾਲ਼ੀਏ

ਹੁਨਰਾਂ ਦੇ ਨਾਲ ਆਪਾਂ ਜੀਵਨ ਸ਼ਿੰਗਾਰੀਏ

ਦਿਲੋਂ ਉਹ ਪਿਆਰ ਕਰੇ, ਅਹਿਸਾਨ ਜਤਾਵੇ ਨਾ…

ਮਾਂ ਦੀਆਂ ਕੀਤੀਆਂ ਨੂੰ ਕਦੇ ਵੀ ਭੁਲਾਈਏ ਨਾ

ਤੁਰ ਗਈ ਤੋਂ ਬਾਅਦ ਫਿਰ ਕਦੇ ਪਛਤਾਈਏ ਨਾ

ਮਾਂ ਦਾ ਪਿਆਰ ‘ਮਾਨਾ’ ਸਦਾ ਇਹ ਥਿਆਵੇ ਨਾ…

ਸੰਪਰਕ: 98150-18947

* * *

ਨਸ਼ਾ ਕਿਤੇ ਨਸਲ ਨਾ…

ਡਾ. ਜਸਪਾਲ ਸਿੰਘ

ਸ਼ੱਕੀ ਕਿਉਂ ਹੋ ਗਈ,

ਜੋ ਮਾਣ ਹੁੰਦੀ ਸੀ ਕਦੇ ਖੁਸ਼ਬੋ ਗੁਲਾਬ ਦੀ,

ਨਸ਼ਾ ਕਿਤੇ ਨਸਲ ਨਾ ਮਿਟਾ ਜਾਵੇ,

ਮੇਰੇ ਸੋਹਣੇ ਦੇਸ਼ ਪੰਜਾਬ ਦੀ

ਫਰਕਦੇ ਡੌਲ਼ਿਆਂ ’ਚ, ਕਿਉਂ ਅੱਜ ਟੀਕੇ ਲੱਗਦੇ ਨੇ,

ਖੇਡਾਂ ਦੇ ਅਖਾੜੇ ਵੀ ਕਿਉਂ ਚਿਲਮਾਂ ਨਾਲ ਸਜਦੇ ਨੇ,

ਮੁਟਿਆਰਾਂ ਕਿਉਂ ਨੱਚਣ ਨਸ਼ੇ ਦੀ ਆਵਾਜ਼ ’ਤੇ,

ਜਿਨ੍ਹਾਂ ਦੀ ਧਮਕ ਸੀ ਕਦੇ ਕਮਾਲ ਦੀ…

ਨਸ਼ਾ ਕਿਤੇ ਨਸਲ ਨਾ ਮਿਟਾ ਜਾਵੇ,

ਮੇਰੇ ਸੋਹਣੇ ਦੇਸ਼ ਪੰਜਾਬ ਦੀ

ਮੇਲਿਆਂ ਮੁਸਾਹਿਬਆਂ ’ਤੇ ਕਿਉਂ ਨਸ਼ੇ ਕਰਕੇ ਆਉਂਦੇ ਓ,

ਮੰਨਣੀ ਨਹੀਂ ਜੇ ਮੱਤ ਉਨ੍ਹਾਂ ਦੀ,

ਫੇਰ ਕਿਸ ਰੱਬ ਨੂੰ ਧਿਆਉਂਦੇ ਓ,

ਬਦਬੂ ਕਿਉਂ ਨਹੀਂ ਡਰਾਉਂਦੀ,

ਸਾਨੂੰ ਨਸ਼ੇੜੀ ਸਮਾਜ ਦੀ

ਨਸ਼ਾ ਕਿਤੇ ਨਸਲ ਨਾ ਮਿਟਾ ਜਾਵੇ,

ਮੇਰੇ ਸੋਹਣੇ ਦੇਸ਼ ਪੰਜਾਬ ਦੀ

ਕਲਮਾਂ, ਕਿਤਾਬਾਂ ਵਾਲੇ ਹੱਥਾਂ ’ਚ

ਕਿਉਂ ਚਿੱਟਾ ਆ ਗਿਆ ਏ,

ਆਤਮ-ਹੱਤਿਆ ਦਾ ਸਾਮਾਨ

ਕਿਉਂ ਮੰਗਵਾ ਲਿਆ ਏ,

ਕਿਉਂ ਭੁੱਲ ਗਏ ਹਾਂ ਗਾਥਾ,

ਜੱਲ੍ਹਿਆਂ ਵਾਲੇ ਬਾਗ਼ ਦੀ

ਨਸ਼ਾ ਕਿਤੇ ਨਸਲ ਨਾ ਮਿਟਾ ਜਾਵੇ,

ਮੇਰੇ ਸੋਹਣੇ ਦੇਸ਼ ਪੰਜਾਬ ਦੀ

ਬਾਬੇ ਨਾਨਕ ਦੀਆਂ ਰਾਹਾਂ ’ਤੇ,

ਖ਼ੁਦ ਨੂੰ ਚਲਾਉਂਦੇ ਕਿਉਂ ਨਹੀਂ,

ਕਰਜ਼ ਮੋੜਨ ਲਈ ਇਸ ਮਿੱਟੀ ਦਾ

ਕੋਈ ਨੇਕ ਕਾਰਜ ਅਪਣਾਉਂਦੇ ਕਿਉਂ ਨਹੀਂ,

ਮਾਵਾਂ ਦੇ ਵੈਣ, ਦੱਬ ਨਾ ਲੈਣ

ਕਿਤੇ ਖ਼ੁਸ਼ੀ ਹਰ ਬਰਾਤ ਦੀ,

ਨਸ਼ਾ ਕਿਤੇ ਨਸਲ ਨਾ ਮਿਟਾ ਜਾਵੇ,

ਮੇਰੇ ਸੋਹਣੇ ਦੇਸ਼ ਪੰਜਾਬ ਦੀ

ਨਸ਼ਾ ਨਾ ਮਿਟਿਆ ਤਾਂ

ਪੰਜਾਬ ਦਾ ਨਕਸ਼ਾ ਮਿਟੇਗਾ,

ਬਾਡਰਾਂ ਤੋਂ ਜਿੱਤ ਕੇ ਸਰਿੰਜਾਂ ਤੋਂ ਹਾਰੇ, ਇਤਿਹਾਸ ਲਿਖੇਗਾ,

ਕਰਨੀ ਕਬੂਲ ਪੰਜਾਬੀਓ,

ਇਹ ਬੇਨਤੀ ਜਸਪਾਲ ਦੀ,

ਨਸ਼ਾ ਕਿਤੇ ਨਸਲ ਨਾ ਮਿਟਾ ਜਾਵੇ,

ਮੇਰੇ ਸੋਹਣੇ ਦੇਸ਼ ਪੰਜਾਬ ਦੀ

ਸੰਪਰਕ: 94780-11059

* * *

ਗ਼ਜ਼ਲ

ਜਗਜੀਤ ਗੁਰਮ

ਮੈਨੂੰ ਲੱਗਦਾ ਸੱਜਣ ਅੱਜ-ਕੱਲ੍ਹ ਮੇਰੇ ਨੇ

ਤੈਨੂੰ ਲੱਗਦਾ ਸੱਜਣ ਅੱਜ-ਕੱਲ੍ਹ ਤੇਰੇ ਨੇ।

ਕੀ ਦੱਸਾਂ ਉਹ ਅਦਾਕਾਰ ਹੀ ਵੱਡੇ ਨੇ

ਜਿੰਨੇ ਲੋਕੀਂ ਆਪਣੇ ਚਾਰ ਚੁਫ਼ੇਰੇ ਨੇ।

ਨਾ ਮੇਰੇ ਉਹ ਨਾ ਹੀ ਵਿੱਚੋਂ ਤੇਰੇ ਸੀ

ਜਿਨ੍ਹਾਂ ਪਿੱਛੇ ਅੱਥਰੂ ਮਣਮਣ ਕੇਰੇ ਨੇ।

ਕਿੰਨੇ ਸੱਜਣ ਸੱਜਣਾਂ ਪਿੱਛੇ ਸਾਧ ਬਣੇ

ਮੈਨੂੰ ਲੱਗਦਾ ਤਾਂ ਹੀ ਥਾਂ-ਥਾਂ ਡੇਰੇ ਨੇ।

ਕਿੰਝ ਕਿਸੇ ਨੂੰ ਕੋਈ ਛੱਡ ਕੇ ਤੁਰ ਜਾਂਦਾ

ਕਿੱਡੇ-ਕਿੱਡੇ ਲੋਕਾਂ ਦੇ ਹੁਣ ਜੇਰੇ ਨੇ।

ਜੇ ਵਿਛੜਨ ਫਿਰ ਹੰਝੂ ਬਹੁਤ ਵਹਾਉਂਦੇ ਨੇ

ਲੜਦੇ ਰਹਿੰਦੇ ਹੋ ਜਾਂਦੇ ਜੇ ਫ਼ੇਰੇ ਨੇ।

ਨਾ ਮੁੜਦਾ ਕੋਈ, ਕੋਈ ਨਾ ਉਡੀਕੇ ਹੁਣ

ਤਾਂ ਕਾਵਾਂ ਬਿਨ ਖ਼ਾਲੀ ਦੇਖ ਬਨੇਰੇ ਨੇ।

* * *

ਸਲੀਕਾ

ਨਾਇਬ ਬੁੱਕਣਵਾਲ

ਲਾਲਚ, ਝੂਠ, ਫਰੇਬ ਦੀ ਆਦਤ ਹੈ ਮਾੜੀ,

ਇਹ ਜਾਗਦੇ ਜ਼ਮੀਰਾਂ ਨੂੰ ਮਾਰਦੀਆਂ ਜੀ।

ਨਾ ਗੱਲ ਸੁਣਨੀ, ਹਰ ਵੇਲੇ ਘਾਤ ਲਾਉਣਾ

ਇਹ ਨਿਸ਼ਾਨੀਆਂ ਨੇ, ਨਿਘਾਰ ਦੀਆਂ ਜੀ।

ਬਿਨਾ ਸੋਚੇ ਸਮਝੇ, ਐਵੇਂ ਹੀ ਬੋਲਦੇ ਰਹਿਣਾ ,

ਇਹ ਗੱਲਾਂ ਚੰਗੀ ਸੋਚ ਨੂੰ, ਮਾਰਦੀਆਂ ਜੀ।

ਨਾ ਆਪ ਤੋਂ ਵੱਡਿਆਂ ਦੀ, ਇੱਜ਼ਤ ਕਰਨਾ,

ਘਾਟਾਂ ਹੁੰਦੀਆਂ ਚੰਗੇ ਸੰਸਕਾਰ ਦੀਆਂ ਜੀ।

ਤਹਿਜ਼ੀਬ, ਸਲੀਕਾ ਚੰਗੀ ਆਦਤ ਸੋਚ ਸੁੱਚੀ,

ਅਣਮੁੱਲੀਆਂ ਨਿਆਮਤਾਂ, ਸੰਸਾਰ ਦੀਆਂ ਜੀ।

ਹਰ ਜਗ੍ਹਾ ’ਤੇ ਹੋ ਜੇ, ਚੌਧਰੀ ਦੀ ਚੌਧਰ ਭਾਰੀ,

ਨਾ ਇਹ ਸਮਾਜ ਦਾ ਕੁਝ ਸੰਵਾਰਦੀਆਂ ਜੀ।

ਕਹਾਣੀਆਂ ਕਿੱਸੇ ਚਾਹੇ ਇਤਿਹਾਸ ਪੜ੍ਹ ਲਓ,

ਜੜ੍ਹਾਂ ਪੁੱਟੀਆਂ ਨੇ, ਸਦਾ ਹੰਕਾਰ ਦੀਆਂ ਜੀ।

‘ਬੁੱਕਣਵਾਲ’ ਨਾ ਡਰੀਂ, ਸਲੀਬਾਂ ਦੇ ਡਰ ਕੋਲੋਂ,

ਤੇਰੇ ਉੱਤੇ ਮਿਹਰਾਂ ਨੇ, ਸਦਾ ਕਰਤਾਰ ਦੀਆਂ ਜੀ।

ਸੰਪਰਕ: 94176-61708

* * *

ਇਨਸਾਨ ਤੇ ਪੰਛੀ

ਕੁਲਵੰਤ ਕੁਠਾਲਾ

ਪੰਛੀਓ ਜਨੌਰੋ ਵੇ

ਆਓ ਮੇਰੇ ਦੇਸ ਆਓ

ਪਾਣੀ ਪੀਓ ਖੁੱਲ੍ਹ ਕੇ

ਰਾਹ ਜਾਂਦੇ ਭੁੱਲ ਕੇ

ਪਾਣੀ ਮੇਰੇ ਦੇਸ ਦਾ ਬਾਹਲਾ ਰਸੀਲਾ ਆ

ਪੀ ਕੇ ਇਸ ਨੂੰ ਮਨ ਹੁੰਦਾ ਨਸ਼ੀਲਾ ਆ

ਪਾਣੀ ਤੁਸੀਂ ਆਪਣੇ ਲਈ ਬਚਾ ਲਿਓ

ਡੂੰਘੇ ਹੁੰਦੇ ਜਾਂਦੇ ਤਾਈਂ ਗੌਰ ਫਰਮਾ ਲਿਓ

ਮੁੱਕਿਆ ਇਹ ਜਿੱਦਦ ਬੜਾ ਮੱਚਣਾ ਸ਼ੋਰ ਆ

ਇਸ ਤੋਂ ਬਗੈਰ ਨਾ ਵਸੀਲਾ ਕੋਈ ਹੋਰ ਆ

ਪੰਛੀਓ ਜਨੌਰੋ ਵੇ ਆਓ ਮੇਰੇ ਦੇਸ ਆਓ

ਸਾਹ ਲੈ ਕੇ ਹਵਾ ਵਿੱਚ ਚੜ੍ਹਦੀ ਖੁਮਾਰੀ ਆ

ਨਹੀਂ ਰਹਿੰਦੀ ਦੇਹ ਵਿੱਚ ਕੋਈ ਵੀ ਬਿਮਾਰੀ ਆ

ਆਨੰਦ ਮਾਣੋ ਜ਼ਿੰਦਗੀ ਦਾ ਤੁਸੀਂ ਏਥੇ ਰਹਿ ਕੇ

ਖ਼ੁਸ਼ੀਆਂ ਨੂੰ ਖੰਭ ਲਾਓ ਇਕੱਠੇ ਸਾਰੇ ਬਹਿ ਕੇ

ਘੱਟਾ ਕਾਹਨੂੰ ਸਾਡੀਆਂ ਤੂੰ ਅੱਖਾਂ ਵਿੱਚ ਪਾਂਵਦਾ

ਦੂਸ਼ਿਤ ਹਵਾ ਦੀ ਹਕੀਕਤ ਚੰਗੀ ਤਰ੍ਹਾਂ ਜਾਣਦਾ

ਬੋਲ ਬੋਲ ਝੂਠ ਤੂੰ ਕਰਦਾ ਪਿਆ ਕਹਿਰ ਏਂ

ਸਾਡੇ ਨਾਲ ਦੱਸ ਵੇ ਤੂੰ ਕੱਢੇ ਕਿਹੜਾ ਵੈਰ ਏਂ

ਪੰਛੀਓ ਜਨੌਰੋ ਵੇ ਆਓ ਮੇਰੇ ਦੇਸ ਆਓ

ਮਹਿਕ ਸਾਡੀ ਮਿੱਟੀ ਦੀ ਬੜੀ ਪਿਆਰੀ ਆ

ਨਹੀਂ ਕੋਈ ਖੁਸ਼ਬੂ ਵੀ ਇਸ ਤੋਂ ਨਿਆਰੀ ਆ

ਜ਼ਰਖ਼ੇਜ਼ ਜ਼ਮੀਨ ਵਿੱਚ ਭਰ ਭਰ ਹੁੰਦੀਆਂ ਨੇ ਫਸਲਾਂ

ਪਲੀਆਂ ਨੇ ਇਸ ਵਿੱਚ ਸਾਡੀਆਂ ਇਹ ਨਸਲਾਂ

ਮੰਨ ਗਿਆ ਮੈਂ ਜ਼ਮੀਨ ਉਪਜਾਊ ਬਥੇਰੀ ਆ

ਹੌਲੀ ਹੌਲੀ ਕਿਰੀ ਜਾਂਦੀ ਰੇਤ ਦੀ ਇਹ ਢੇਰੀ ਆ

ਕੁਦਰਤ ਤੋਂ ਦੂਰ ਹੋ ਕੇ ਗੱਲ ਕਿਹੜੀ ਕਰਦਾ

ਪਾ ਕੇ ਵਲੈਤੀ ਖਾਦਾਂ ਦਮ ਬੰਜਰਾਂ ਦਾ ਭਰਦਾ

ਪੰਛੀਓ ਜਨੌਰੋ ਵੇ ਆਓ ਮੇਰੇ ਦੇਸ ਆਓ

ਰਹਿਣ ਲਈ ਥੋਡੇ ਅਸੀਂ ਆਲ੍ਹਣੇ ਬਣਾਏ ਨੇ

ਖੰਭਿਆਂ ਦੇ ਉੱਤੇ ਅਸੀਂ ਜਾ ਕੇ ਟਿਕਾਏ ਆ

ਬਹਿ ਕੇ ਮਾਣੋ ਤੁਸੀਂ ਕੁਦਰਤ ਦੇ ਰੰਗ

ਨਹੀਂ ਕੋਈ ਕਰਦਾ ਤੁਹਾਡੀ ਮਸਤੀ ਨੂੰ ਭੰਗ

ਘਰ ਸਾਡੇ ਲਈ ਬਣਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ

ਹੋਣ ਜਦੋਂ ਰੁੱਖ ਫਿਰ ਆਲ੍ਹਣਿਆਂ ਦੀ ਹੁੰਦੀ ਥੋੜ ਨਹੀਂ

ਕੁਦਰਤ ਨੇ ਦਿੱਤੇ ਸਾਨੂੰ ਤੋਹਫ਼ੇ ਨੇ ਬੜੇ ਅਨੰਤ

ਤੁਸੀਂ ਕਾਹਤੋਂ ਕਰੇ ਇਨ੍ਹਾਂ ਸਾਰਿਆਂ ਦੇ ਅੰਤ

ਪੰਛੀਓ ਜਨੌਰੋ ਵੇ ਦੱਸੋ ਹੱਲ ਗੱਲ ਦਾ

ਕਿਵੇਂ ਤੁਸੀਂ ਕਰਨਾ ਏ ਮੁੱਖ ਸਾਡੇ ਵੱਲ ਦਾ

ਕਦੋਂ ਸਾਡੇ ਵਿਹੜਿਆਂ ਦੀਆਂ ਰੌਣਕਾਂ ਵਧਾਉਣੀਆਂ

ਕਦੋਂ ਸਾਡੇ ਵੱਲ ਪੱਕੀਆਂ ਫੇਰੀਆਂ ਨੇ ਪਾਉਣੀਆਂ

ਦੋਸਤਾਂ ਨੂੰ ਸਾਡੇ ਤੁਸੀਂ ਵੀ ਬਣਾ ਲਵੋ ਆੜੀ

ਰੁੱਖਾਂ ਨੂੰ ਲਗਾ ਲਉ ਆਪਣੇ ਘਰਾਂ ਦੇ ਅਗਾੜੀ

ਜਾਵੇਗੀ ਹੋ ਸ਼ੁੱਧ ਇਹ ਆਬੋ ਹਵਾ

ਲੋੜ ਨਹੀਂ ਪੈਣੀ ਹੋਰ ਕੋਈ ਵੀ ਦਵਾ

ਕਰਕੇ ਇਹ ਗੱਲਾਂ ਤੁਸਾਂ ਅੱਖਾਂ ਖੋਲ੍ਹੀਆਂ ਨੇ ਸਾਡੀਆਂ

ਭੁੱਲਦੇ ਨਹੀਂ ਕਦੇ ਅਸੀਂ ਇਹ ਬੋਲੀਆਂ ਤੁਹਾਡੀਆਂ

ਹਰ ਹੀਲਾ ਅਸੀਂ ਸਾਰੇ ਰੁੱਖ ਲਗਾਵਾਂਗੇ

ਕੁਦਰਤ ਤੋਂ ਕਦੇ ਵੀ ਦੂਰ ਨਹੀਂ ਜਾਵਾਂਗੇ

ਸੰਪਰਕ: 88723-91936

* * *

ਉਹ ਵੇਲਾ ਤੇ ਆਹ ਵੇਲਾ

ਓਮਕਾਰ ਸੂਦ ਬਹੋਨਾ

ਨਾ ਕੋਈ ਫ਼ਿਕਰ ਨਾ ਫਾਕਾ ਸੀ। ਬਚਪਨ ਭੂੰਡ-ਪਟਾਕਾ ਸੀ।

ਰੋਜ਼ ਦੁੜੰਗੇ ਲਾਉਂਦੇ ਸਾਂ। ਪਿੰਡ ਦੀਆਂ ਗਲੀਆਂ ਗਾਹੁੰਦੇ ਸਾਂ।

ਹਸਦੇ ਮਸਤੀ ਕਰਦੇ ਸਾਂ। ਸੂਏ-ਛੱਪੜੀਂ ਤਰਦੇ ਸਾਂ।

ਮੱਝਾਂ ਉੱਤੇ ਬਹਿੰਦੇ ਸਾਂ। ਬਹਿ-ਬਹਿ ਝੂਟੇ ਲੈਂਦੇ ਸਾਂ।

ਘਾਹ ਖੋਤਣ ਵੀ ਜਾਂਦੇ ਸਾਂ। ਪੰਡਾਂ ਚੁੱਕ ਲਿਆਉਂਦੇ ਸਾਂ।

ਪੱਠੇ ਕੁਤਰਾ ਕਰਦੇ ਸਾਂ। ਮੱਝਾਂ ਮੂਹਰੇ ਧਰਦੇ ਸਾਂ।

ਦਾਣੇ ਅਸੀਂ ਭੁੰਨਾਉਂਦੇ ਸਾਂ। ਭੱਠੀ ’ਤੇ ਬਹਿ ਗਾਉਂਦੇ ਸਾਂ।

ਬਹਿ ਢੋਲੇ ਦੀਆਂ ਲਾਉਂਦੇ ਸਾਂ। ਗੀਤ ਪਿਆਰ ਦੇ ਗਾਉਂਦੇ ਸਾਂ।

ਬੁੱਢੀ ਜਿਹੀ ਭਠਿਆਰੀ ਸੀ। ਲਗਦੀ ਬੜੀ ਪਿਆਰੀ ਸੀ।

ਮੱਕੀ ਅਸੀਂ ਭੁੰਨਾ ਲੈਂਦੇ। ਖਿੱਲਾਂ ਬੋਝੇ ਪਾ ਲੈਂਦੇ।

ਕਣਕ ਭੁੰਨਾ ਕੇ ਗੁੜ ਪਾਉਂਦੇ। ਮਿੱਠੇ ਦਾਣੇ ਮਨ-ਭਾਉਂਦੇ।

ਸਾਗ ਸਰ੍ਹੋਂ ਦਾ ਮਿੱਸੀ ਰੋਟੀ। ਪੀਂਦੇ ਸਾਂ ਲੱਸੀ ਦੀ ਲੋਟੀ।

ਕਦੇ-ਕਦੇ ਚਟਣੀ ਤੇ ਲੱਸੀ। ਰੋਟੀ ਜਾਂਦੀ ਅੰਦਰ ਨੱਸੀ।

ਮੋਟਾ-ਠੁੱਲ੍ਹਾ ਖਾਂਦੇ ਸਾਂ। ਜੀਵਨ ਖ਼ੂਬ ਬਿਤਾਂਦੇ ਸਾਂ।

ਪਿੰਡੋਂ ਹੀ ਸਵਾਉਂਦੇ ਸਾਂ। ਸਾਦ-ਮੁਰਾਦਾ ਪਾਉਂਦੇ ਸਾਂ।

ਨਾ ਜੀਵਨ ਵਿੱਚ ਆਕੜ ਸੀ। ਫਿਰ ਵੀ ਜੀਵਨ ਧਾਕੜ ਸੀ।

ਪਿੱਪਲਾਂ-ਬੋਹੜਾਂ ਦੇ ਉੱਤੇ। ਖੇਡਣ ਜਾਂਦੇ ਹਰ ਰੁੱਤੇ।

ਪਿੱਪਲੀਂ ਪੀਂਘਾਂ ਪਾਉਂਦੇ ਸਾਂ। ਅੰਬਰਾਂ ਤੱਕ ਚੜ੍ਹਾਉਂਦੇ ਸਾਂ।

ਰਲਕੇ ਬਣਦੇ ‘ਟੋਲੀ’ ਸਾਂ। ਕਹਿੰਦੇ ਮਿੱਠੀ ਬੋਲੀ ਸਾਂ।

ਇੱਕ-ਦੂਜੇ ਨੂੰ ਚਾਹੁੰਦੇ ਸਾਂ। ਸੱਚਾ ਪਿਆਰ ਵਿਖਾਉਂਦੇ ਸਾਂ।

ਨਾ ਹੀ ਕੋਈ ਲੜਾਈ ਸੀ। ਸਾਰੇ ਭਾਈ-ਭਾਈ ਸੀ।

ਰੁੱਸੇ ਤਾਈਂ ਮਨਾਉਂਦੇ ਸਾਂ। ਹੱਸ-ਹੱਸ ਅਸੀਂ ਬੁਲਾਉਂਦੇ ਸਾਂ।

ਨਾ ਹੀ ਚੋਭਾਂ ਲਾਉਂਦੇ ਸਾਂ। ਸਭਨਾਂ ਦੇ ਕੰਮ ਆਉਂਦੇ ਸਾਂ।

ਮੇਲੇ-ਛਿੰਝਾਂ ਵੇਖਣ ਜਾਂਦੇ। ਕਿੱਸੇ ਵੀ ਖਰੀਦ ਲਿਆਂਦੇ।

ਜਾ ਹੁੰਦੇ ਖਾ-ਪੀ ਕੇ ਵਿਹਲੇ। ਬਹਿ ਬੈਠਕ ਤ੍ਰਿਕਾਲਾਂ ਵੇਲੇ।

ਸੱਸੀਆਂ-ਹੀਰਾਂ ਪੜ੍ਹ-ਪੜ੍ਹ ਗਾਉਂਦੇ। ਪੜ੍ਹ ਕੇ ਹੋਰਾਂ ਤਾਈਂ ਸੁਣਾਉਂਦੇ।

ਮਸਤ ਹੋਏ ਢੋਲੇ ਦੀਆਂ ਲਾਉਂਦੇ। ਇੱਕ ਦੂਜੇ ਦਾ ਦਿਲ ਪਰਚਾਉਂਦੇ।

ਦਾਦੀਆਂ ਕੋਲੇ ਬਹਿੰਦੇ ਸਾਂ। ਕਹੋ ਕਹਾਣੀ-ਕਹਿੰਦੇ ਸਾਂ।

ਦਾਦੀ ਬਾਤਾਂ ਪਾਉਂਦੀ ਸੀ। ਸਾਡਾ ਦਿਲ ਪਰਚਾਉਂਦੀ ਸੀ।

ਅਸੀਂ ਹੁੰਗਾਰਾ ਭਰਦੇ ਸਾਂ। ਦਾਦੀ ਦਾ ਦਿਲ ਹਰਦੇ ਸਾਂ।

ਬਾਤਾਂ ਸੁਣਦੇ ਸੌਂ ਜਾਂਦੇ। ਸੁਪਨਿਆਂ ਦੇ ਵਿੱਚ ਖੋ ਜਾਂਦੇ।

ਸੁਬ੍ਹਾ-ਸਵੇਰੇ ਉੱਠਦੇ ਸਾਂ। ਦਾਤਣ ਕਿੱਕਰੋਂ ਮੁਛਦੇ ਸਾਂ।

ਫਿਰ ਸੈਰਾਂ ਨੂੰ ਜਾਂਦੇ ਸਾਂ। ਮੌਜਾਂ ਖ਼ੂਬ ਮਨਾਉਂਦੇ ਸਾਂ।

ਖੇਤਾਂ ਦੇ ਵਿੱਚ ਘੁੰਮਦੇ ਸਾਂ। ਫ਼ਸਲਾਂ ਦਾ ਮੂੰਹ ਚੁੰਮਦੇ ਸਾਂ।

ਜੀਵਨ ਇੱਕ ਤਰਾਨਾ ਸੀ। ਹਰ ਦਿਨ ਬੜਾ ਸੁਹਾਨਾ ਸੀ।

ਮੀਹਾਂ ਵਿੱਚ ਨਹਾਉਂਦੇ ਸਾਂ। ਨੱਚਦੇ ਸਾਂ ਨਾਲੇ ਗਾਉਂਦੇ ਸਾਂ।

ਧੁੱਪਾਂ ਵਿੱਚ ਦੁਪਹਿਰੇ ਹੀ। ਦਿੰਦੇ ਫਿਰਦੇ ਪਹਿਰੇ ਸੀ।

ਜੀਵਨ ਬੜਾ ਨਿਰਾਲਾ ਸੀ। ਯਾਰੋ ਕਰਮਾਂ ਵਾਲਾ ਸੀ।

ਜਦੋਂ ਦੀਵਾਲੀ ਆਉਂਦੀ ਸੀ। ਮਨ ਨੂੰ ਖ਼ੁਸ਼ੀ ਪੁਚਾਉਂਦੀ ਸੀ।

ਖ਼ੂਬ ਸਫ਼ਾਈਆਂ ਕਰਦੇ ਸਾਂ। ਘਰ ਸਾਰਾ ਰੰਗ ਧਰਦੇ ਸਾਂ।

ਲੋਹੜੀ ਵੀ ਮਨਾਉਂਦੇ ਸਾਂ। ਪਾਥੀਆਂ ਖ਼ੂਬ ਮਚਾਉਂਦੇ ਸਾਂ।

ਤਿਲ ਲੋਹੜੀ ਵਿੱਚ ਪਾਉਂਦੇ ਸਾਂ। ਦੁੱਲਾ-ਭੱਟੀ ਗਾਉਂਦੇ ਸਾਂ।

ਰਿਉੜੀ-ਗੱਚਕ-ਮੂੰਗਫਲੀ। ਗੁੜ ਵੀ ਖਾਂਦੇ ਡਲੀ-ਡਲੀ।

ਹੋਲੀ ਅਸੀਂ ਮਨਾਉਂਦੇ ਸਾਂ। ਹੱਸ-ਹੱਸ ਰੰਗ ਲਗਾਉਂਦੇ ਸਾਂ।

ਮਸਤੀ ਮਿੱਟੀ-ਗਾਰੇ ਦੀ। ਪਾਣੀ ਭਰੇ ਗੁਬਾਰੇ ਦੀ।

ਪਏ ਬੁਛਾੜਾਂ ਪਾਉਂਦੇ ਸਾਂ। ਰਲ-ਮਿਲ ਝੂਮਰ ਪਾਉਂਦੇ ਸਾਂ।

ਬੰਟੇ ਖੇਡਣ ਤੁਰਦੇ ਸਾਂ। ਸ਼ਾਮਾਂ ਨੂੰ ਘਰ ਮੁੜਦੇ ਸਾਂ।

ਇਹ ਸੱਚੇ ਤਿਉਹਾਰਾਂ ਦੀ। ਰੁੱਤ ਸੀ ਇੱਕ ਪਿਆਰਾਂ ਦੀ।

ਪਰ ਅੱਜ ਯੁੱਗ ਹੀ ਬਦਲ ਗਿਆ। ਕਿੰਨਾ ਅੱਗੇ ਨਿਕਲ ਗਿਆ।

ਸਭ ਕੁਝ ਪਿੱਛੇ ਰਹਿ ਚੱਲਿਆ। ਕਾਢਾਂ ਨੇ ਸਭ ਕੁਝ ਮੱਲਿਆ।

ਨਾ ਉਹ ਖੂਹ ਤੇ ਖੇਤ ਰਹੇ। ਨਾ ਫੱਗਣ ਤੇ ਚੇਤ ਰਹੇ।

ਹੁਣ ਤਾਂ ਜੂਨ-ਜੁਲਾਈਆਂ ਨੇ। ਮਾਡਲ ਹੋਈਆਂ ਮਾਈਆਂ ਨੇ।

ਨਾ ਦਾਦੀ ਦੀਆਂ ਬਾਤਾਂ ਨੇ। ਹੋਰ ਤਰ੍ਹਾਂ ਦੀਆਂ ਰਾਤਾਂ ਨੇ।

ਨਵੇਂ ਮਾਡਰਨ ਬਾਬੇ ਨੇ। ਕਰਦੇ ਕੰਮ ਖਰਾਬੇ ਨੇ।

ਧੀਆਂ ਨੂੰ ਢਿੱਡਾਂ ਅੰਦਰ। ਮਾਰੀ ਜਾਂਦੇ ਨੇ ਖੰਜਰ।

ਸ਼ਰਮ ਹਯਾ ਸਭ ਮਰ ਚੱਲਿਆ। ਦੱਖਾਂ ਨੇ ਚੁੱਲ੍ਹਾ ਮੱਲਿਆ।

ਹੁਣ ਤਾਂ ਬੰਬ ਧਮਾਕੇ ਨੇ। ਵੰਡੇ ਗਏ ਇਲਾਕੇ ਨੇ।

ਉਗਰਵਾਦ ਦੀ ਬੋਲੀ ਹੈ। ਗੱਲ-ਗੱਲ ਉੱਤੇ ਗੋਲੀ ਹੈ।

ਥਾਂ-ਥਾਂ ਘੋਰ ਲੜਾਈਆਂ ਨੇ। ਮੁੱਕੀਆਂ ਜਿਵੇਂ ਸਚਾਈਆਂ ਨੇ।

ਚੋਰੀ ਯਾਰੀ ਠੱਗੀ ਹੈ। ’ਵਾ ਪੁੱਠੀ ਹੀ ਵੱਗੀ ਹੈ।

ਪੀੜਾਂ ਹੀ ਪੀੜਾਂ ਪੱਲੇ। ਫਿਰਦੇ ਹਾਂ ’ਕੱਲੇ-’ਕੱਲੇ।

ਨਕਲੀ ਹਾਸਾ ਹੱਸਦੇ ਹਾਂ। ਦੌਲਤ ਪਿੱਛੇ ਨੱਸਦੇ ਹਾਂ।

ਚਿੰਤਾ ਕਰਦੇ ਮਾਪੇ ਨੇ। ਰੁੱਸੇ ਰਹਿੰਦੇ ਕਾਕੇ ਨੇ।

ਬੀਬੀ ਆਖੇ ਲੱਗਦੀ ਨਹੀਂ। ਮਾਡਲ ਬਣਨੋਂ ਹਟਦੀ ਨਹੀਂ।

ਹੋਰ ਤਰ੍ਹਾਂ ਦੇ ਪਹਿਰਾਵੇ। ਕੌਣ ਕਿਸੇ ਨੂੰ ਸਮਝਾਵੇ?

ਪਰਿਵਾਰਾਂ ਵਿੱਚ ਦਰਾਰਾਂ ਨੇ। ਸਮੇਂ ਦੀਆਂ ਕੇਹੀਆਂ ਮਾਰਾਂ ਨੇ।

ਥਾਂ-ਥਾਂ ਦਾਰੂ ਅੱਡੇ ਨੇ। ਬੜੇ ਸ਼ਰਾਬੀ ਨੱਢੇ ਨੇ।

ਰੁਲ ਗਏ ਮੁੰਡੇ ਦੇਸੀ ਨੇ। ਸਾਰੇ ਨਸ਼ੇ ਵਿਦੇਸ਼ੀ ਨੇ।

ਖਾਣ-ਪਾਣ ਹੀ ਬਦਲ ਗਿਆ। ਬਚਪਨ ਹੱਥੋਂ ਨਿਕਲ ਗਿਆ।

ਹੁਣ ਤਾਂ ਬਚਪਨ ਹੋਰ-ਹੋਰ। ਸਮੇਂ ਦੀ ਨਵੀਓਂ ਤੋਰ ਤੋਰ।

ਸਮੇਂ ਦੀ ਨਵੀਓਂ ਤੋਰ ਤੋਰ।

ਸੰਪਰਕ: 96540-36080

Leave a Reply

Your email address will not be published. Required fields are marked *