ਸੁਖਬੀਰ ਵੱਲੋਂ ਮਜੀਠੀਆ ਨਾਲ ਡਟ ਕੇ ਖੜ੍ਹਨ ਦਾ ਐਲਾਨ; ਮੇਰਾ ਐਨਕਾਊਂਟਰ ਕਰਵਾਉਣਾ ਚਾਹੁੰਦੀ ਹੈ ਸਰਕਾਰ: ਮਜੀਠੀਆ
ਚੰਡੀਗੜ੍ਹ, 2 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਏ ਜਾਣ ਮਗਰੋਂ ਸੂਬੇ ਵਿੱਚ ਸਿਆਸੀ ਮਾਹੌਲ ਭਖ ਗਿਆ ਹੈ। ਇਸ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਇੱਥੇ ਮਜੀਠੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ। ਉਧਰ ਮਜੀਠੀਆ ਨੇ ਕਿਹਾ ਕਿ ਸਰਕਾਰ ਉਨ੍ਹਾਂ ਦਾ ਐਨਕਾਊਂਟਰ ਕਰਵਾਉਣਾ ਚਾਹੁੰਦੀ ਹੈ। ਮੁਲਾਕਾਤ ਮਗਰੋਂ ਸੁਖਬੀਰ ਨੇ ਕਿਹਾ ਕਿ ਕਿਸੇ ਵੱਡੀ ਸਾਜ਼ਿਸ਼ ਤਹਿਤ ਮਜੀਠੀਆ ਦੀ ਸੁਰੱਖਿਆ ਘਟਾਈ ਗਈ ਹੈ, ਜੋ ਘਟੀਆ ਸਿਆਸਤ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯੋਜਨਾ ਤਹਿਤ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ’ਤੇ ਵੀ ਹਮਲਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਮਜੀਠੀਆ ਦੇ ਨਾਲ ਖੜ੍ਹਾ ਹੈ। ਸੁਖਬੀਰ ਨੇ ਕਿਹਾ ਕਿ ਮਜੀਠੀਆ ਵੱਲੋਂ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ, ਜਿਸ ਕਰਕੇ ਸਰਕਾਰ ਉਨ੍ਹਾਂ ਨੂੰ ਡਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਡਰੇਗਾ ਅਤੇ ਨਾ ਹੀ ਝੁਕੇਗਾ। ਅਕਾਲੀ ਦਲ ਵੱਲੋਂ ਮਜੀਠੀਆ ਦੀ ਸੁਰੱਖਿਆ ਕੀਤੀ ਜਾਵੇਗੀ।
ਮਜੀਠੀਆ ਦਾ ਮੁੱਦਾ ਚੁੱਕਣ ਵਾਲੇ ਪੰਜਾਬ ਦੇ ਹੱਕਾਂ ਬਾਰੇ ਕਦੇ ਨਹੀਂ ਬੋਲੇ: ਅਮਨ ਅਰੋੜਾ
‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਮਜੀਠੀਆ ਦੀ ਸੁਰੱਖਿਆ ਘਟਾਏ ਜਾਣ ਦੇ ਮਾਮਲੇ ’ਤੇ ਤਾਂ ਰੌਲਾ ਪਾਇਆ ਜਾ ਰਿਹਾ ਹੈ ਪਰ ਉਹ ਕਦੇ ਪੰਜਾਬ ਦੇ ਹੱਕਾਂ ਬਾਰੇ ਨਹੀਂ ਬੋਲੇ। ਉਨ੍ਹਾਂ ਸਵਾਲ ਕੀਤਾ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਪ੍ਰਤੀ ਇੰਨੀ ਹਮਦਰਦੀ ਕਿਉਂ ਦਿਖਾਈ ਜਾ ਰਹੀ ਹੈ? ‘ਆਪ’ ਆਗੂ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ ਤਾਂ ਵਿਰੋਧੀ ਪਾਰਟੀਆਂ ਘਬਰਾਈਆਂ ਹੋਈਆਂ ਹਨ। ਅਜਿਹੇ ਲੋਕ ‘ਯੁੱਧ ਨਸ਼ਿਆਂ ਵਿਰੁੱਧ’ ਸਫਲ ਨਹੀਂ ਹੋਣ ਦੇਣਾ ਚਾਹੁੰਦੇ।
ਮਜੀਠੀਆ ਕੋਲ ਲੋੜੀਂਦੀ ਸੁਰੱਖਿਆ ਹੈ: ਸ਼ੁਕਲਾ
ਸਪੈਸ਼ਲ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਰਿਪੋਰਟਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ, ਬਲਕਿ ਘਟਾਈ ਗਈ ਹੈ। ਸੁਰੱਖਿਆ ਸਮੀਖਿਆ ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਲੋੜੀਂਦੀ ਸੁਰੱਖਿਆ ਅਤੇ ਐਸਕਾਰਟ ਦਿੱਤੀ ਹੋਈ ਹੈ। ਸ਼ੁਕਲਾ ਨੇ ਕਿਹਾ ਕਿ ਖ਼ਤਰੇ ਦੀ ਧਾਰਨਾ ਦੇ ਆਧਾਰ ’ਤੇ ਹੀ ਸੁਰੱਖਿਆ ਘਟਾਉਣ ਜਾਂ ਵਧਾਉਣ ਬਾਰੇ ਫ਼ੈਸਲਾ ਲਿਆ ਜਾਂਦਾ ਹੈ।