ਪਿੰਡ ਵਿਚਲੀ ਮਹਾਂ ਪੰਚਾਇਤ ਨੂੰ ਸੰਬੋਧਨ ਕਰਨਗੇ ਕਿਸਾਨ ਆਗੂ; ਡੱਲੇਵਾਲ ਨਾਲ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਦਿੱਤੀ ਜਾਣਕਾਰੀ
ਪਟਿਆਲਾ, 2 ਅਪਰੈਲ
ਕਈ ਦਿਨਾਂ ਤੋਂ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 3 ਅਪਰੈਲ ਨੂੰ ਹਸਪਤਾਲ ਛੱਡ ਜਾਣਗੇ। ਉਨ੍ਹਾਂ ਨੂੰ ਅੱਗੇ ਕਿੱਥੇ ਰੱੱਖਿਆ ਜਾਵੇਗਾ ਇਹ ਤਾਂ ਸਪੱਸ਼ਟ ਨਹੀਂ, ਪਰ ਭਲਕੇ ਸਵੇਰੇ 8 ਵਜੇ ਉਨ੍ਹਾਂ ਨੂੰ ਇੱਥੋਂ ਕਾਫਲੇ ਦੇ ਰੂਪ ’ਚ ਉਨ੍ਹਾਂ ਦੇ ਪਿੰਡ ਡੱਲੇਵਾਲ ਲਿਜਾਇਆ ਜਾਵੇਗਾ ਤੇ ਉਹ ਉਥੇ 3 ਅਪਰੈਲ ਨੂੰ ਹੋ ਰਹੀ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਨਗੇ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਕੀਤੀ ਗਈ ਮੀਟਿੰਗ ’ਚ ਲਿਆ ਗਿਆ। ਇਹ ਐਲਾਨ ਕਿਸਾਨ ਆਗੂਆਂ ਨੇ ਡੱਲੇਵਾਲ ਨਾਲ ਮੁਲਾਕਾਤ ਕਰਨ ਮਗਰੋਂ ਹਸਪਤਾਲ ਦੇ ਬਾਹਰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਡੱਲੇਵਾਲ ਨੂੰ ਮਿਲਣ ਮੌਕੇ ਸੇਵਾਮੁਕਤ ਏਡੀਜੀਪੀ ਜਸਕਰਨ ਸਿੰਘ, ਸੇਵਾਮੁਕਤ ਡੀਆਈਜੀ ਨਰਿੰਦਰ ਭਾਰਗਵ ਅਤੇ ਏਆਈਜੀ (ਇਟੈਂਲੀਜੈਂਸ) ਹਰਵਿੰਦਰ ਵਿਰਕ ਵੀ ਨਾਲ ਮੌਜੂਦ ਰਹੇ। ਜਦਕਿ ਕਿਸਾਨ ਆਗੂਆਂ ਵਿੱਚੋਂ ਕਾਕਾ ਕੋਟੜਾ, ਅਭਿਮੰਨਿਊ ਕੋਹਾੜ ਅਤੇ ਸੁਖਦੇਵ ਭੋਜਰਾਜ ਹਾਜ਼ਰ ਸਨ। ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਕਾ ਕੋਟੜਾ ਨੇ ਦੱਸਿਆ ਕਿ ਪੁਲੀਸ ਵੱਲੋ ਬਾਰਡਰਾਂ ਤੋਂ ਮੋਰਚੇ ਖਦੇੜਨ ਮਗਰੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਸਣੇ ਹੋਰ ਕੀਮਤੀ ਸਾਮਾਨ ਵੀ ਗਾਇਬ ਹੋ ਗਿਆ। ਉਨ੍ਹਾਂ ਇਸ ਦੀ ਭਰਪਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 19 ਮਾਰਚ ਦੀ ਕਾਰਵਾਈ ਦੇ ਰੋਸ ਵਜੋਂ ਕਿਸਾਨਾਂ ਨੇ ਡੱਲੇਵਾਲ ਪਿੰਡ ’ਚ ਮੋਰਚਾ ਸ਼ੁਰੂ ਕਰ ਦਿੱਤਾ ਸੀ, ਪਰ ਪੁਲੀਸ ਨੇ ਪਿੰਡ ਨੂੰ ਛਾਉਣੀ ਬਣਾ ਦਿੱਤਾ ਤੇ ਕਿਸੇ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਪੁਲੀਸ ਦੇ ਜਬਰ ਖ਼ਿਲਾਫ਼ ਹੁਣ ਕਿਸਾਨ ਪੰਚਾਇਤਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਦਾ ਆਗਾਜ਼ 3 ਅਪਰੈਲ ਨੂੰ ਡੱਲੇਵਾਲ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਗਰੋਂ 6 ਨੂੰ ਸਰਹਿੰਦ, 7 ਨੂੰ ਧਨੌਲਾ ਮੰਡੀ, 8 ਨੂੰ ਦੋਦਾ (ਮੁਕਤਸਰ), 9 ਨੂੰ ਫਾਜ਼ਿਲਕਾ, 10 ਨੂੰ ਮਾਨਸਾ ਅਤੇ 12 ਨੂੰ ਅੰਮ੍ਰਿਤਸਰ ਵਿੱਚ ਵੀ ਅਜਿਹੀਆਂ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ ਤੇ ਇਨ੍ਹਾਂ ਪੰਚਾਇਤਾਂ ਨੂੰ ਸ੍ਰੀ ਡੱਲੇਵਾਲ ਵੀ ਸੰਬੋਧਨ ਕਰਨਗੇ। ਉਧਰ, ਐੱਸਕੇਐੱਮ ਨਾਲ ਏਕਤਾ ਬਾਰੇ ਪੁੱਛਣ ’ਤੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਦਾ ਕਹਿਣਾ ਸੀ ਕਿ ਇਹ ਸਮਾਂ ਕਿਸਾਨੀ ਨੂੰ ਬਚਾਉਣ ਦਾ ਹੈ ਨਾ ਕਿ ਸ਼ਰਤਾਂ ਰੱਖਣ ਦਾ, ਇਸ ਕਰਕੇ ਇਸ ਮੌਕੇ ਸ਼ਰਤਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਸ਼ਰਤਾਂ ਏਕਤਾ ’ਚ ਅੜਿੱਕਾ ਡਾਹ ਸਕਦੀਆਂ ਹਨ। ਇਸ ਕਰਕੇ ਸਾਰੀਆਂ ਕਿਸਾਨ ਧਿਰਾਂ ਬਿਨਾਂ ਸ਼ਰਤ ਖੁਦ ਬ ਖੁਦ ਏਕਤਾ ਲਈ ਅੱਗੇ ਆਉਣ।