‘ਆਪ’ ਨੇ ਪੰਨੂ ਵੱਲੋਂ ਅੰਬੇਡਕਰ ਦੇ ਬੁੱਤ ਢਾਹੁਣ ਦੇ ਸੱਦੇ ਦਾ ਵਿਰੋਧ ਕੀਤਾ
ਚੰਡੀਗੜ੍ਹ, 2 ਅਪਰੈਲ
ਪੰਜਾਬ ਦੇ ਫਿਲੌਰ ਤਹਿਸੀਲ ਦੇ ਪਿੰਡ ਨੰਗਲ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕਥਿਤ ਤੌਰ ’ਤੇ ਛੇੜਛਾੜ ਤੋਂ ਬਾਅਦ ਸਾਰੇ ਰਾਜਸੀ ਤੇ ਆਮ ਲੋਕਾਂ ਦੇ ਮਨਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ‘ਆਪ’ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾ. ਅੰਬੇਡਕਰ ਵਿਰੁੱਧ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਨੂ ਨੂੰ ‘ਦੇਸ਼ ਧ੍ਰੋਹੀ’ ਅਤੇ ‘ਭਗੌੜਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਪੰਨੂ ਵਿਦੇਸ਼ੀ ਧਰਤੀ ’ਤੇ ਬੈਠ ਕੇ ਭਾਰਤੀਆਂ ਵਿੱਚ ਨਫ਼ਰਤ ਅਤੇ ਵੰਡ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ੍ਰੀ ਅਰੋੜਾ ਨੇ ਪੰਨੂ ਵੱਲੋਂ 14 ਅਪਰੈਲ ਨੂੰ ਅੰਬੇਡਕਰ ਦੇ ਬੁੱਤ ਢਾਹੁਣ ਕਥਿਤ ਸੱਦੇ ’ਤੇ ਇਤਰਾਜ਼ ਜ਼ਾਹਿਰ ਕੀਤਾ। ਸ੍ਰੀ ਅਰੋੜਾ ਨੇ ਪੰਨੂ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਐਲਾਨ ਕੀਤਾ ਕਿ ਜੇ ਪੰਨੂ ਵਿੱਚ ਹਿੰਮਤ ਹੈ ਤਾਂ ਉਹ ਖ਼ੁਦ ਪੰਜਾਬ ਆਵੇ। ਸ੍ਰੀ ਅਰੋੜਾ ਨੇ ਪੰਨੂ ਦੇ ਫੁੱਟਪਾਊ ਏਜੰਡੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਤੋਂ ਦੂਰ ਬੈਠੇ ਲੋਕਾਂ ਨੂੰ ਭਾਰਤੀ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਕੋਈ ਹੱਕ ਨਹੀਂ ਹੈ।
ਉਨ੍ਹਾਂ ਪੰਨੂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਨੂ ਸਿੱਖਾਂ ਲਈ ਨਿਆਂ ਦੀ ਗੱਲ ਕਰਦਾ ਹੈ, ਪਰ ਉਹ ਖ਼ੁਦ ਸਿੱਖ ਧਰਮ ਦਾ ਸਤਿਕਾਰ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਮਾਨਤਾ ਨੂੰ ਕਾਇਮ ਰੱਖਦਾ ਹੈ ਅਤੇ ਜਾਤ ਤੇ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਭਾਈਚਾਰਿਆਂ ਦੀ ਭਲਾਈ ਦੀ ਗੱਲ ਕਰਦਾ ਹੈ। ਪਰ ਪੰਨੂ ਇਸ ਸਿਧਾਂਤ ਦੇ ਉਲਟ ਸਮਾਜ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਐਸਸੀ ਵਿੰਗ ਦੇ ਵਾਲੰਟੀਅਰ ਅਤੇ ਪਾਰਟੀ ਵਰਕਰ ਅਜਿਹੇ ਨਫ਼ਰਤ ਭਰੇ ਅਨਸਰਾਂ ਨੂੰ ਢੁਕਵਾਂ ਜਵਾਬ ਦੇਣਗੇ।
‘ਆਪ’ ਵਾਲੰਟੀਅਰ ਕਰਨਗੇ ਬੁੱਤਾਂ ਦੀ ਰਾਖੀ
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 14 ਅਪਰੈਲ ਨੂੰ ਪੰਜਾਬ ਭਰ ਵਿੱਚ ਪਾਰਟੀ ਦੇ ਹਜ਼ਾਰਾਂ ਵਰਕਰ ਡਾ. ਭੀਮ ਰਾਓ ਅੰਬੇਡਕਰ ਦੇ ਵੱਖ-ਵੱਖ ਥਾਵਾਂ ’ਤੇ ਲੱਗੇ ਬੁੱਤਾਂ ਦੀ ਰਾਖੀ ਕਰਨਗੇ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਸਿਰਫ਼ ਦਲਿਤ ਭਾਈਚਾਰੇ ਦਾ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਮਾਣ ਹਨ। ਉਨ੍ਹਾਂ ਦੇ ਦ੍ਰਿਸ਼ਟੀਕੋਣ ਸਦਕਾ ਭਾਰਤ ਅੱਜ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ।