ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਵਿਸ਼ਵ ਜੰਗਾਂ ਦੇ ਨਾਇਕ ਸਿੱਖ ਸੈਨਿਕਾਂ ਬਾਰੇ ਦਸਤਾਵੇਜੀ ਰੀਲੀਜ਼-
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਇੰਡਸ ਮੀਡੀਆ ਗਰੁੱਪ ਵਲੋਂ ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਸ਼ਵ ਜੰਗਾਂ ਵਿਚ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਯੋਗਦਾਨ ਨੂੰ ਦਰਸਾਉਣ ਅਤੇ ਵਿਸ਼ਵ ਦੇ ਹੋਰ ਭਾਈਚਾਰਿਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਕਰਵਾਇਆ ਗਿਆ। ਇਸ ਮੌਕੇ ਬਾਲੀਵੁੱਡ ਤੇ ਹਾਲੀਵੁੱਡ ਸਟਾਰ ਕਬੀਰ ਬੇਦੀ ਜਿਹਨਾਂ ਨੇ ਇੰਡਸ ਮੀਡੀਆ ਗਰੁੱਪ ਵਲੋਂ ਸਿੱਖ ਸੈਨਿਕਾਂ ਦੀ ਦਸਤਾਵੇਜ਼ੀ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ ਹੈ, ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕਬੀਰ ਬੇਦੀ ਵਲੋਂ ਸਿੱਖ ਸੈਨਿਕਾਂ ਦੀ ਵਿਸ਼ਵ ਜੰਗਾਂ ਵਿਚ ਭੂਮਿਕਾ ਅਤੇ ਬਹਾਦਰੀ ਦੀਆਂ ਕਹਾਣੀਆਂ ਤੇ ਦਸਤਾਵੇਜੀ ਨਾਲ ਜੁੜੀ ਆਪਣੀ ਭੂਮਿਕਾ ਅਤੇ ਅਨੁਭਵ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਾਵੇਂਕਿ ਉਹਨਾਂ ਨੂੰ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਕਈ ਨਾਮਵਰ ਫਿਲਮਾਂ ਵਿਚ ਕੰਮ ਕਰਨ ਦਾ ਸ਼ਰਫ ਹਾਸਿਲ ਹੋਇਆ ਹੈ ਪਰ ਬਹਾਦਰ ਸਿੱਖ ਸੈਨਿਕਾਂ ਨਾਲ ਜੁੜੀ ਦਸਤਾਵੇਜੀ ਵਿਚ ਕੰਮ ਕਰਕੇ ਉਹ ਮਾਣ ਨਾਲ ਭਰ ਗਿਆ ਗਿਆ। ਉਹ ਇਸ ਦਸਤਾਵੇਜੀ ਵਿਚ ਕੰਮ ਕਰਕੇ ਖੁਦ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦਾ ਹੈ। ਇਹ ਸਨਮਾਨ ਕਈ ਹਾਲੀਵੁੱਡ ਤੇ ਬਾਲੀਵੁੱਡ ਫਿਲਮਾਂ ਦੇ ਐਵਾਰਡਾਂ ਨਾਲ ਵਧੇਰੇ ਹੈ।ਇਸ ਮੌਕੇ ਕਬੀਰ ਬੇਦੀ ਨੇ ਹਾਜ਼ਰੀਨ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਤੇ ਆਪਣੀ ਪਛਾਣ ਦੀ ਸਥਾਪਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਵਿਸ਼ਵ ਜੰਗਾਂ ਵਿਚ ਸਿੱਖ ਸੈਨਿਕਾਂ ਦੀ ਭੂਮਿਕਾ ਸਬੰਧੀ ਦਸਤਾਵੇਜੀ ਇੰਡਸ ਮੀਡੀਆ ਗਰੁੱਪ ਦੇ ਸਟੀਵਨ ਪੁਰੇਵਾਲ ਤੇ ਬੈਰਿਸਟਰ ਜਗਮੋਹਣ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ। ਇਸ ਮੌਕੇ ਸਟੀਵਨ ਪੁਰੇਵਾਲ ਜਿਹਨਾਂ ਦੀ ਵਿਸ਼ਵ ਜੰਗਾਂ ਵਿਚ ਸਿੱਖ ਸੈਨਿਕਾਂ ਦੀ ਭੂਮਿਕਾ ਬਾਰੇ ਲਿਖੀ ਖੋਜ ਪੁਸਤਕ ਡਿਊਟੀ, ਔਨਰ ਐਂਡ ਇੱਜ਼ਤ ਤੇ ਆਧਾਰਿਤ ਦਸਤਾਵੇਜ਼ੀ ਬਣਾਈ ਗਈ ਹੈ ਤੇ ਉਹਨਾਂ ਦੇ ਸਹਿਯੋਗੀ ਸ ਜਗਮੋਹਣ ਸਿੰਘ ਨੇ ਆਪਣੇ ਅਨੁਭਵ ਵੀ ਸਾਂਝੇ ਕੀਤੇ ਤੇ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਦਸਤਾਵੇਜੀ ਫਿਲਮ ਨੂੰ ਸਰਕਾਰ ਵਲੋਂ ਵੀ ਗ੍ਰਾਂਟ ਦਿੱਤੀ ਗਈ ਹੈ। ਪ੍ਰੋਗਾਰਮ ਦੌਰਾਨ ਦਸਤਾਵੇਜ਼ੀ ਫਿਲਮ ਦਾ ਟਰੇਲਰ ਵੀ ਵਿਖਾਇਆ ਗਿਆ ਜਿਸਦਾ ਹਾਜ਼ਰੀਨ ਨੇ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ।
ਫਿਲਮ ਸਟਾਰ ਕਬੀਰ ਬੇਦੀ ਨਾਲ ਗੱਲਬਾਤ ਉਪਰੰਤ ਹਾਜਰ ਮਹਿਮਾਨਾਂ ਨੇ ਉਹਨਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਸਰੀ ਦੀ ਸ਼ਖਸੀਅਤ ਡਾ ਪਰਗਟ ਸਿੰਘ ਭੁਰਜੀ ਨੇ ਸਰੀ ਵਿਚ ਆਉਣ ਵਾਲੀਆਂ ਸ਼ਖਸੀਅਤਾਂ ਨੂੰ ਜੱਫੀ ਵਿਚ ਲੈਣ ਤੇ ਭਾਰ ਤੋਲਣ ਦੀ ਆਪਣੀ ਰਵਾਇਤ ਨੂੰ ਨਿਭਾਉਂਦਿਆਂ ਕਬੀਰ ਬੇਦੀ ਨੂੰ ਵੀ ਚੁੱਕਿਆ ਤੇ ਯਾਦਗਾਰੀ ਤਸਵੀਰ ਕਰਵਾਈ। ਇਸ ਮੌਕੇ ਇੰਡਸ ਮੀਡੀਆ ਗਰੁੱਪ ਨੂੰ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਵਿਚ ਡਾ ਗੁਲਜ਼ਾਰ ਸਿੰਘ ਚੀਮਾ, ਸੁਖ ਧਾਲੀਵਾਲ, ਮਨਿੰਦਰ ਗਿੱਲ, ਜੇ ਮਿਨਹਾਸ, ਗੁਰਦੇਵ ਸਿੰਘ ਸੰਧੂ ਤੇ ਹੋਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਾਬਕਾ ਐਮ ਪੀ ਤੇ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਤੇ ਪਰਮ ਬੈਂਸ ਨੇ ਮੰਚ ਤੇ ਕਬੀਰ ਬੇਦੀ ਦਾ ਸਨਮਾਨ ਕੀਤਾ ਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਆਖਰ ਵਿਚ ਪ੍ਰੋਗਰਾਮ ਦੇ ਪ੍ਰਬੰਧਕ ਜਗਮੋਹਣ ਸਿੰਘ ਨੇ ਮਹਾਨ ਅਭਿਨੇਤਾ ਕਬੀਰ ਬੇਦੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵਿਸ਼ਵ ਜੰਗਾਂ ਵਿਚ ਸਿੱਖ ਸੈਨਿਕਾਂ ਦੀ ਬਹਾਦਰੀ ਤੇ ਇਤਿਹਾਸਕ ਭੂਮਿਕਾ ਬਾਰੇ ਬਣਾਈ ਗਈ ਦਸਤਾਵੇਜ਼ੀ ਵਿਚ ਕਬੀਰ ਬੇਦੀ ਸਿੱਖ ਫੌਜੀ ਅਫਸਰ ਦੇ ਰੋਲ ਵਿਚ।