ਸਰੀ ( ਦੇ ਪ੍ਰ ਬਿ)- ਕੈਨੇਡਾ ਫੈਡਰਲ ਚੋਣਾਂ ਲਈ ਮੁੱਖ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਆਪੋ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਵੋਟਰਾਂ ਤੱਕ ਵੱਧ ਤੋਂ ਵੱਧ ਪਹੁੰਚ ਬਣਾਈ ਜਾ ਰਹੀ ਹੈ।ਪਾਰਟੀ ਉਮੀਦਵਾਰਾਂ ਵਲੋਂ ਬਾਕਾਇਦਾ ਚੋਣ ਦਫਤਰ ਖੋਹਲਕੇ ਇਸ ਮੁਹਿੰਮ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਬੀਤੇ ਦਿਨ ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਆਪਣੇ ਸਮਰਥਕਾਂ ਤੇ ਹਲਕਾ ਨਿਵਾਸੀਆਂ ਦੇ ਭਾਰੀ ਇਕੱਠ ਦੌਰਾਨ ਕੀਤਾ। ਸਰੀ ਦੀ 7536-130 ਸਟਰੀਟ ਸਥਿਤ ਬਿਲਡਿੰਗ ਵਿਖੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸੁਖ ਧਾਲੀਵਾਲ ਨੇ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਾਉਣ ਤੇ ਇਕ ਮਜ਼ਬੂਤ ਕੈਨੇਡਾ ਲਈ ਪਾਰਟੀ ਅਤੇ ਲਿਬਰਲ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਤੇ ਲਿਬਰਲ ਆਗੂ ਮਾਰਕ ਕਾਰਨੀ ਦੀ ਯੋਗਤਾ ਅਤੇ ਮੁਲਕ ਨੂੰ ਅਗਵਾਈ ਦੇਣ ਦੀ ਸਮਰੱਥਾ ਦੀ ਤੁਲਨਾ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਟੈਰਿਫ ਜੰਗ ਖਿਲਾਫ ਲਿਬਰਲ ਆਗੂ ਮਾਰਕ ਕਾਰਨੀ ਹੀ ਕੈਨੇਡਾ ਨੂੰ ਯੋਗ ਅਗਵਾਈ ਦੇਣ ਦੇ ਯੋਗ ਹਨ। ਉਹ ਉਚ ਵਿਦਿਅਕ ਯੋਗਤਾਵਾਂ ਦੇ ਨਾਲ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਯੂਕੇ ਦੀ ਅਗਵਾਈ ਕਰ ਚੁੱਕੇ ਹਨ ਤੇ ਉਹਨਾਂ ਦੀ ਅਗਵਾਈ ਦਾ ਆਪਣਾ ਇਕ ਰਿਕਾਰਡ ਹੈ। ਇਸ ਮੌਕੇ ਉਹਨਾਂ ਸਰੀ-ਨਿਊਟਨ ਦੇ ਹਾਊਸ ਆਫ ਕਾਮਨਜ਼ ਵਿਚ ਪ੍ਰਤੀਨਿਧ ਵਿਚ ਕੀਤੇ ਕੰਮਾਂ ਅਤੇ ਸਿੱਖ ਵਿਰਾਸਤੀ ਮਹੀਨੇ ਦੀ ਮਾਨਤਾ ਲਈ ਕੀਤੇ ਗਏ ਯਤਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਲੈਂਗਲੀ ਕਲੋਵਰਡੇਲ ਤੋਂ ਲਿਬਰਲ ਉਮੀਦਵਾਰ ਕਾਇਲੇ ਲੈਚਫੋਰਡ ਨੇ ਵੀ ਸੰਬੋਧਨ ਕੀਤਾ ਤੇ ਮਾਰਕ ਕਾਰਨੀ ਦੀ ਅਗਵਾਈ ਹੇਠ ਨਵੀਂ ਲਿਬਰਲ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਲਿਬਰਲ ਸਮਰਥਕਾਂ ਨੇ ਸੁਖ ਧਾਲੀਵਾਲ ਤੇ ਲਿਬਰਲ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਹੁੰਗਾਰਾ ਭਰਿਆ।
ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ ਵਲੋਂ ਚੋਣ ਦਫਤਰ ਦਾ ਉਦਘਾਟਨ
