Headlines

ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਰਾਏ ਵਲੋਂ ਚੋਣ ਦਫਤਰ ਦਾ ਉਦਘਾਟਨ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ 10576 ਕਿੰਗ ਜੌਰਜ ਬੁਲੇਵਾਰਡ ਵਿਖੇ ਆਪਣੇ ਸਮਰਥਕਾਂ ਤੇ ਲਿਬਰਲ ਕਾਰਕੁੰਨਾਂ ਦੀ ਮੌਜੂਦਗੀ ਵਿਚ ਕੀਤਾ। ਇਸ ਮੌਕੇ ਬੋਲਦਿਆਂ ਰਣਦੀਪ ਸਰਾਏ ਨੇ ਕਿਹਾ ਕਿ ਉਹ ਸਰੀ ਸੈਂਟਰ ਦੇ ਵੋਟਰਾਂ ਅਤੇ ਸਮਰਥਕਾਂ ਦੇ ਸਦਾ ਰਿਣੀ ਹਨ ਜਿਹਨਾਂ ਨੇ ਉਹਨਾਂ ਨੂੰ 2015 ਤੋਂ ਹਾਊਸ ਆਫ ਕਾਮਨਜ ਵਿਚ ਅਗਵਾਈ ਦਾ ਮੌਕਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸਰੀ ਸੈਂਟਰ ਦੇ ਵਿਕਾਸ ਅਤੇ ਹੋਰ ਕੰਮਾਂ ਨੂੰ ਪਹਿਲ ਦਿੰਦਿਆਂ ਹਮੇਸ਼ਾ ਹੀ ਲੋਕਾਂ ਨਾਲ ਖੜਨ ਦਾ ਯਤਨ ਕੀਤਾ। ਉਹਨਾਂ ਸਰੀ ਸੈਂਟਰ ਦੀ ਨਿਰੰਤਰ ਪ੍ਰਤੀਨਿਧਤਾ ਅਤੇ ਲੋਕਾਂ ਦੇ ਸਾਥ ਨਾਲ ਖੜੇ ਰਹਿਣ ਲਈ ਲਿਬਰਲ ਆਗੂ ਮਾਰਕ ਕਾਰਨੀ ਅਤੇ ਲਿਬਰਲ ਪਾਰਟੀ ਦਾ ਅੱਗੋਂ ਵੀ ਸਾਥ ਦੇਣ ਦਾ ਸੱਦਾ ਦਿੱਤਾ। ਉਹਨਾਂ ਪਿਛਲ਼ੀ ਲਿਬਰਲ ਸਰਕਾਰ ਵੇਲੇ ਸਰੀ ਸ਼ਹਿਰ ਅਤੇ ਬੀਸੀ ਵਿਚ ਕੀਤੇ ਗਏ ਕੰਮਾਂ ਦਾ ਖਾਸ ਜ਼ਿਕਰ ਕੀਤਾ।

ਉਹਨਾਂ ਲਿਬਰਲ ਆਗੂ ਮਾਰਕ ਕਾਰਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਵਿਚ ਫਰਕ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਮਿਸਟਰ ਟਰੂਡੋ ਨੇ ਆਪਣੀ ਮਿਆਦ ਦੌਰਾਨ ਲੋਕ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਤਰਜੀਹ ਦਿੱਤੀ। ਉਹਨਾਂ ਕੈਨੇਡਾ ਵਿਚ ਸਿੱਖ ਭਾਈਚਾਰੇ ਦੇ ਮਾਣ ਸਨਮਾਨ ਲਈ ਟਰੂਡੋ ਵਲੋਂ ਕੀਤੇ ਕੰਮਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਮਾਰਕ ਕਾਰਨੀ ਦੀ ਗੱਲ ਕਰਦਿਆਂ ਕਿਹਾ ਕਿ ਉਹ ਵਿਸ਼ਵ ਪ੍ਰਸਿਧ ਅਰਥ ਸ਼ਾਸਤਰੀ ਹਨ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਸ਼ੁਰੂ ਕੀਤੀ ਗਈ ਟੈਰਿਫ ਜੰਗ ਖਿਲਾਫ ਮਿਸਟਰ ਕਾਰਨੀ ਹੀ ਸਹੀ ਤੇ ਯੋਗ ਅਗਵਾਈ ਦੇਣ ਦੇ ਸਮਰੱਥ ਹਨ। ਉਹਨਾਂ ਕਿਹਾ ਕਿ ਇਸ ਨਾਜ਼ੁਕ ਦੌਰ ਵਿਚ ਮਿਸਟਰ ਕਾਰਨੀ ਵਰਗੇ ਆਗੂ ਦੀ ਵਧੇਰੇ ਲੋੜ ਹੈ। ਇਸ ਮੌਕੇ ਸੈਨੇਟਰ ਸ ਬਲਤੇਜ ਸਿੰਘ ਢਿੱਲੋਂ, ਉਘੇ ਬਿਜਨਸਮੈਨ ਦਲਜੀਤ ਥਿੰਦ, ਹਾਕੀ ਪ੍ਰੋਮੋਟਰ ਊਧਮ ਸਿੰਘ ਹੁੰਦਲ, ਹਰਦੇਵ ਸਿੰਘ ਗਰੇਵਾਲ, ਕਬੱਡੀ ਪ੍ਰੋਮੋਟਰ ਕੁਲਵਿੰਦਰ ਸਿੰਘ ਸੰਧੂ, ਉਪਕਾਰ ਸਿੰਘ ਗੋਹਲਵੜ, ਮੰਨੀ ਗੋਹਲਵੜ, ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਹਰਜੀਤ ਸੋਹਪਾਲ, ਰਿਕ ਤੂਰਾ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਲਿਬਰਲ ਸਮਰਥਕਾਂ ਨੇ ਰਣਦੀਪ ਸਰਾਏ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਭਰਦਿਆਂ ਮਿਸਟਰ ਕਾਰਨੀ ਦੀ ਅਗਵਾਈ ਹੇਠ ਲਿਬਰਲ ਸਰਕਾਰ ਬਣਾਉਣ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *