Headlines

ਫਲੀਟਵੁੱਡ ਪੋਰਟ ਕੈਲਸ ਤੋਂ ਲਿਬਰਲ ਉਮੀਦਵਾਰ ਗੁਰਬਖਸ਼ ਸੈਣੀ ਦੇ ਚੋਣ ਦਫਤਰ ਦਾ ਉਦਘਾਟਨ

ਸਰੀ ( ਦੇ ਪ੍ਰ ਬਿ)- ਫਲੀਟਵੁੱਡ ਪੋਰਟ ਕੈਲਸ ਤੋਂ  ਲਿਬਰਲ ਉਮੀਦਵਾਰ ਗੁਰਬਖਸ਼ ਸੈਣੀ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ 15164 ਫਰੇਜ਼ਰ ਹਾਈਵੇ ਸਰੀ ਵਿਖੇ ਆਪਣੇ ਸਮਰਥਕਾਂ ਦੀ ਹਾਜਰੀ ਵਿਚ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਗੁਰਬਖਸ਼ ਸੈਣੀ ਨੇ ਆਪਣੀ ਉਮੀਦਵਾਰੀ ਲਈ ਸਾਬਕਾ ਐਮ ਪੀ ਕੈਨ ਹਾਰਡੀ ਤੇ ਲਿਬਰਲ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਆਪਣੇ ਸਿਆਸੀ ਸਫਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਵਿਲੀਅਮ ਲੇਕ ਵਿਚ ਰਹਿੰਦਿਆਂ ਲੰਬਾ ਸਮਾਂ ਇਕ ਸਿਆਸੀ ਕਾਰਕੁੰਨ, ਕੌਂਸਲਰ ਤੇ ਹੋਰ ਅਹੁਦਿਆਂ ਤੇ ਰਹਿੰਦਿਆਂ ਜਨਤਾ ਦੀ ਸੇਵਾ ਕੀਤੀ ਤੇ ਆਪਣੇ ਕਾਰੋਬਾਰ ਦੇ ਨਾਲ ਸਮਾਜ ਪ੍ਰਤੀ ਜਿੰਮੇਵਾਰੀਆਂ ਨੂੰ ਸਮਝਿਆ। ਉਹ ਪਿਛਲੇ ਲੰਬੇ ਸਮੇਂ ਸਰੀ ਫਲੀਟਵੁੱਡ ਇਲਾਕੇ ਵਿਚ ਰਹਿ ਰਹੇ ਹਨ। ਉਹਨਾਂ ਲੋਕ ਹਿਤਾਂ ਅਤੇ ਵਿਸ਼ੇਸ਼ ਕਰਕੇ ਇਮੀਗ੍ਰਾਂਟ ਭਾਈਚਾਰੇ ਲਈ ਲਿਬਰਲ ਨੀਤੀਆਂ ਨੂੰ ਸਲਾਹਿਆ। ਉਹਨਾਂ ਮੌਜੂਦਾ ਲਿਬਰਲ ਆਗੂ ਮਾਰਕ ਕਾਰਨੀ ਨੂੰ ਇਕ ਸਮਰੱਥ ਅਤੇ ਯੋਗ ਆਗੂ ਦੱਸਿਆ ਜੋ ਕੈਨੇਡਾ ਨੂੰ ਇਸ ਨਾਜ਼ਕ ਸਮਾਂ ਵਿਚ ਸਹੀ ਅਗਵਾਈ ਦੇ ਸਕਦਾ ਹੈ। ਉਹਨਾਂ ਅਗਲੇ ਦਿਨਾਂ ਵਿਚ ਚੋਣ ਮੁਹਿੰਮ ਦੌਰਾਨ ਆਪਣੇ ਵਲੰਟੀਅਰਾਂ , ਸਮਰਥਕਾਂ ਅਤੇ ਵੋਟਰਾਂ ਤੋਂ ਭਰਪੂਰ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਐਮ ਪੀ ਕੈਨ ਹਾਰਡੀ ਅਤੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਨੇ ਵੀ ਸੰਬੋਧਨ ਕਰਦਿਆਂ ਗੁਰਬਖਸ਼ ਸੈਣੀ ਨੂੰ ਇਥੋਂ ਉਮੀਦਵਾਰ ਬਣਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਮਾਰਕ ਕਾਰਨੀ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *